
ਲੁਧਿਆਣਾ, 27 ਸਤੰਬਰ 2026: ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ‘ਜਸ਼ਨ-ਏ-ਇਨਕਲਾਬ’ 28 ਸਤੰਬਰ ਨੂੰ ਲੁਧਿਆਣਾ ਸਥਿਤ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਦੇ ਗਰਾਊਂਡ ਵਿੱਚ ਕਰਵਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਇਸ ਵਿਸ਼ਾਲ ਸਮਾਗਮ ਦੀ ਸ਼ੁਰੂਆਤ ਦੁਪਹਿਰ 3 ਵਜੇ ਹੋਵੇਗੀ।
ਸਮਾਗਮ ਨੂੰ ਲੈ ਕੇ ਪੀਏਯੂ ਗਰਾਊਂਡ ਵਿੱਚ ਤਿਆਰੀਆਂ ਜ਼ੋਰਾਂ ’ਤੇ ਹਨ। ਪ੍ਰਬੰਧਕਾਂ ਵੱਲੋਂ ਵੱਡੀ ਗਿਣਤੀ ਵਿੱਚ ਲੋਕਾਂ ਦੀ ਸ਼ਮੂਲੀਅਤ ਨੂੰ ਧਿਆਨ ਵਿੱਚ ਰੱਖਦਿਆਂ ਬੈਠਣ, ਸਟੇਜ, ਸੁਰੱਖਿਆ ਅਤੇ ਹੋਰ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ। ਦੱਸਿਆ ਗਿਆ ਹੈ ਕਿ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਤੋਂ ਲੋਕ ਇਸ ਸਮਾਗਮ ਵਿੱਚ ਪਹੁੰਚਣਗੇ ਅਤੇ ਇੱਕ ਲੱਖ ਤੋਂ ਵੱਧ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।
ਬਲਤੇਜ ਪੰਨੂ ਨੇ ਦੱਸਿਆ ਕਿ ‘ਜਸ਼ਨ-ਏ-ਇਨਕਲਾਬ’ ਨੂੰ ਵੱਡੇ ਪੱਧਰ ’ਤੇ ਕਰਵਾਉਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਮਾਗਮ ਦਾ ਮੁੱਖ ਆਕਰਸ਼ਣ ਇਸ ਦੀ ਵਿਸ਼ੇਸ਼ ਤੌਰ ’ਤੇ ਤਿਆਰ ਕੀਤੀ ਗਈ ਸਟੇਜ ਹੋਵੇਗੀ।
ਭਗਤ ਸਿੰਘ ਦੇ ਜੱਦੀ ਘਰ ਦੀ ਝਲਕ ਦੇਵੇਗੀ ਮੁੱਖ ਸਟੇਜ
ਸਮਾਗਮ ਦੀ ਮੁੱਖ ਸਟੇਜ ਨੂੰ ਵਿਸ਼ੇਸ਼ ਰੂਪ ਦਿੱਤਾ ਗਿਆ ਹੈ। ਸਟੇਜ ਦਾ ਪਿਛੋਕੜ ਅਤੇ ਪੂਰਾ ਸੈੱਟਅੱਪ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਘਰ ਦੀ ਝਲਕ ਪੇਸ਼ ਕਰਨ ਵਾਲੇ ਅੰਦਾਜ਼ ਵਿੱਚ ਤਿਆਰ ਕੀਤਾ ਜਾ ਰਿਹਾ ਹੈ। ਪ੍ਰਬੰਧਕਾਂ ਦਾ ਮਕਸਦ ਸਮਾਗਮ ਵਿੱਚ ਪਹੁੰਚਣ ਵਾਲੇ ਲੋਕਾਂ ਨੂੰ ਭਗਤ ਸਿੰਘ ਦੇ ਜੀਵਨ ਅਤੇ ਉਸ ਦੌਰ ਨਾਲ ਜੋੜਨਾ ਹੈ।
ਨੌਜਵਾਨਾਂ ਨੂੰ ਬਸੰਤੀ ਰੰਗ ਦੇ ਕੱਪੜਿਆਂ ’ਚ ਪਹੁੰਚਣ ਦੀ ਅਪੀਲ
‘ਜਸ਼ਨ-ਏ-ਇਨਕਲਾਬ’ ਨੂੰ ਭਗਤ ਸਿੰਘ ਦੇ ਜਨਮ ਦਿਵਸ ਨਾਲ ਜੋੜਦਿਆਂ ਨੌਜਵਾਨਾਂ ਅਤੇ ਆਮ ਲੋਕਾਂ ਨੂੰ ਵਿਸ਼ੇਸ਼ ਅਪੀਲ ਕੀਤੀ ਗਈ ਹੈ ਕਿ ਉਹ ਪੀਲੇ ਅਤੇ ਬਸੰਤੀ ਰੰਗ ਦੇ ਕੱਪੜੇ ਪਹਿਨ ਕੇ ਸਮਾਗਮ ਵਿੱਚ ਸ਼ਾਮਲ ਹੋਣ। ਨੌਜਵਾਨਾਂ ਨੂੰ ਖਾਸ ਤੌਰ ’ਤੇ ਪੀਲਾ ਕੁੜਤਾ-ਪਜਾਮਾ ਅਤੇ ਬਸੰਤੀ ਪੱਗ ਪਹਿਨਣ ਲਈ ਕਿਹਾ ਗਿਆ ਹੈ।
ਪ੍ਰਬੰਧਕਾਂ ਵੱਲੋਂ ਪੂਰੇ ਪੀਏਯੂ ਗਰਾਊਂਡ ਨੂੰ ਬਸੰਤੀ ਰੰਗ ਦੀ ਥੀਮ ਨਾਲ ਸਜਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਸਮਾਗਮ ਦੇ ਮਾਹੌਲ ਨੂੰ ਭਗਤ ਸਿੰਘ ਦੀ ਯਾਦ ਅਤੇ ਬਸੰਤੀ ਰੰਗ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਰਣਜੀਤ ਬਾਵਾ ਤੇ ਕੁਲਵਿੰਦਰ ਬਿੱਲਾ ਸਮੇਤ ਕਈ ਕਲਾਕਾਰ ਦੇਣਗੇ ਪੇਸ਼ਕਾਰੀ
‘ਜਸ਼ਨ-ਏ-ਇਨਕਲਾਬ’ ਵਿੱਚ ਸੱਭਿਆਚਾਰਕ ਪ੍ਰੋਗਰਾਮ ਵੀ ਖਿੱਚ ਦਾ ਕੇਂਦਰ ਰਹਿਣਗੇ। ਪੰਜਾਬ ਦੇ ਪ੍ਰਸਿੱਧ ਗਾਇਕ ਅਤੇ ਕਲਾਕਾਰ ਆਪਣੀਆਂ ਪੇਸ਼ਕਾਰੀਆਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨਗੇ ਅਤੇ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਨਗੇ।
ਪ੍ਰਸਿੱਧ ਪੰਜਾਬੀ ਗਾਇਕ ਰਣਜੀਤ ਬਾਵਾ ਅਤੇ ਕੁਲਵਿੰਦਰ ਬਿੱਲਾ ਆਪਣੇ ਗੀਤਾਂ ਨਾਲ ਸਮਾਗਮ ਵਿੱਚ ਰੰਗ ਭਰਨਗੇ। ਇਸ ਤੋਂ ਇਲਾਵਾ ਬਸੰਤ ਕੌਰ ਅਤੇ ਪਰੀ ਪੰਧੇਰ ਵੀ ਸਟੇਜ ’ਤੇ ਆਪਣੀਆਂ ਪੇਸ਼ਕਾਰੀਆਂ ਦੇਣਗੇ।
ਭਗਤ ਸਿੰਘ ਦੇ ਜਨਮ ਦਿਵਸ ਮੌਕੇ ਕਰਵਾਏ ਜਾ ਰਹੇ ਇਸ ਸਮਾਗਮ ਨੂੰ ਲੈ ਕੇ ਪੀਏਯੂ ਗਰਾਊਂਡ ਵਿੱਚ ਤਿਆਰੀਆਂ ਅੰਤਿਮ ਪੜਾਅ ਵੱਲ ਵਧ ਰਹੀਆਂ ਹਨ। ਵੱਡੀ ਗਿਣਤੀ ਵਿੱਚ ਲੋਕਾਂ ਦੀ ਸ਼ਮੂਲੀਅਤ ਅਤੇ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਦੇ ਮੱਦੇਨਜ਼ਰ ‘ਜਸ਼ਨ-ਏ-ਇਨਕਲਾਬ’ ਨੂੰ ਇੱਕ ਵੱਡੇ ਜਨਤਕ ਸਮਾਗਮ ਵਜੋਂ ਆਯੋਜਿਤ ਕੀਤਾ ਜਾ ਰਿਹਾ ਹੈ।
