
ਚੰਡੀਗੜ੍ਹ 9 ਜਨਵਰੀ 2026: ਜਲੰਧਰ ਪੁਲਿਸ ਕਮਿਸ਼ਨਰੇਟ ਦੇ ਬੁਲਾਰੇ ਨੇ ਅੱਜ ਇੱਥੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਕਬਾਲ ਸਿੰਘ ਦੀ ਸ਼ਿਕਾਇਤ ਮੁਤਾਬਿਕ ਦਿੱਲੀ ਵਿਧਾਨ ਸਭਾ ‘ਚ ਵਿਰੋਧੀ ਧਿਰ ਦੀ ਨੇਤਾ ਤੇ MLA ਆਤਿਸ਼ੀ ਦੀ ਵੀਡੀਓ ਨੂੰ ਤਕਨਾਲੋਜੀ ਰਾਹੀਂ ਬਦਲ ਕੇ ਅਤੇ ਐਡਿਟ ਕਰਕੇ ਗਲਤ ਢੰਗ ਨਾਲ ਅਪਲੋਡ ਤੇ ਵਾਇਰਲ ਕਰਨ ਦੇ ਸਬੰਧ ਵਿੱਚ FIR ਦਰਜ ਕਰਾਈ ਗਈ ਹੈ। ਧਿਆਨਯੋਗ ਹੈ ਕਿ ਦਿੱਲੀ ਵਿਧਾਨ ਸਭਾ ਦੀ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੂੰ ਗੁਰੂਆਂ ਬਾਰੇ ਕਥਿਤ ਤੌਰ ‘ਤੇ ਅਪਮਾਨਜਨਕ ਤੇ ਬੇਅਦਬੀ ਭਰੀਆਂ ਟਿੱਪਣੀਆਂ ਕਰਦੇ ਦਿਖਾਉਂਦੇ ਉਤੇਜਕ ਸੁਰਖੀਆਂ ਦੇ ਨਾਲ ਇੱਕ ਛੋਟਾ ਵੀਡੀਓ ਕਲਿੱਪ ਵਾਲੀਆਂ ਅਨੇਕ ਪੋਸਟਾਂ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਅਪਲੋਡ/ਵਾਇਰਲ ਕੀਤੀਆਂ ਗਈਆਂ ਹਨ।
ਬੁਲਾਰੇ ਨੇ ਅੱਗੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਵੀਡੀਓ ਕਲਿੱਪ ਦੀ ਵਿਗਿਆਨਕ ਤਰੀਕੇ ਨਾਲ ਪੜਤਾਲ ਕੀਤੀ ਗਈ ਹੈ ਅਤੇ ਆਤਿਸ਼ੀ ਦੀ ਆਡੀਓ ਵਾਲੀ ਇਹ ਵੀਡੀਓ ਕਲਿੱਪ ਸ਼੍ਰੀ ਕਪਿਲ ਮਿਸ਼ਰਾ ਦੇ ਸੋਸ਼ਲ ਮੀਡੀਆ ਪਲੇਟਫਾਰਮ (https://x.com/kapilmishra_ind/status/2008811019158847790?s=48) ਤੋਂ ਡਾਊਨਲੋਡ ਕਰਕੇ ਫੋਰੈਂਸਿਕ ਜਾਂਚ ਲਈ ਡਾਇਰੈਕਟਰ, ਫੋਰੈਂਸਿਕ ਸਾਇੰਸ ਲੈਬਾਰਟਰੀ, ਪੰਜਾਬ, ਐਸਏਐਸ ਨਗਰ ਨੂੰ ਭੇਜੀ ਗਈ ਸੀ।
ਜ਼ਿਕਰਯੋਗ ਹੈ ਕਿ ਇਸ ਵੀਡੀਓ ਦੀ ਫੋਰੈਂਸਿਕ ਰਿਪੋਰਟ 09-01-2026 ਅਨੁਸਾਰ ਇਹ ਖੁਲਾਸਾ ਹੋਇਆ ਹੈ ਕਿ ਆਤਿਸ਼ੀ ਨੇ ਆਪਣੀ ਆਡੀਓ ਵਿੱਚ ਕਿਤੇ ਵੀ “ਗੁਰੂ” ਸ਼ਬਦ ਨਹੀਂ ਬੋਲਿਆ ਜਿਵੇਂ ਕਿ ਸੋਸ਼ਲ ਮੀਡੀਆ ‘ਤੇ ਜਾਰੀ ਕੀਤੇ ਜਾ ਰਹੇ ਵੀਡੀਓ ਕਲਿੱਪਾਂ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਹਕੀਕਤ ਵਿੱਚ ਇਸ ਵੀਡੀਓ ਵਿੱਚ ਛੇੜ-ਛਾੜ ਕਰਕੇ ਇਸਨੂੰ ਤਕਨਾਲੋਜੀ ਦੁਆਰਾ ਬਦਲ ਕੇ ਅਪਲੋਡ ਕੀਤਾ ਗਿਆ ਹੈ, ਜਿਸ ਵਿੱਚ ਕੁਝ ਅਜਿਹੇ ਸ਼ਬਦ ਪਾਏ ਗਏ ਹਨ ਜੋ ਸ਼੍ਰੀਮਤੀ ਆਤਿਸ਼ੀ ਦੁਆਰਾ ਬੋਲੇ ਹੀ ਨਹੀਂ ਗਏ ਸਨ।
