
ਚੰਡੀਗੜ੍ਹ 9 ਜਨਵਰੀ 2026: ਮਾਨਸਾ ਵਿੱਚ ਪੰਜਾਬ ਸਰਕਾਰ ਦੁਆਰਾ ਬਣਾਏ ਗਏ ਸਰਕਾਰੀ ਬਜ਼ੁਰਗ ਆਸ਼ਰਮ “ਸਤਿਕਾਰ ਘਰ” ਦਾ 10 ਜਨਵਰੀ ਨੂੰ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਪੰਜਾਬ ਡਾ. ਬਲਜੀਤ ਕੌਰ ਉਦਘਾਟਨ ਕਰਨਗੇ।
ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ, ਆਈ.ਏ.ਐੱਸ. ਨੇ ਕਿਹਾ ਕਿ ਇਹ “ਸਤਿਕਾਰ ਘਰ” ਬਜ਼ੁਰਗ ਆਸ਼ਰਮ 28 ਕਨਾਲ ਜ਼ਮੀਨ ਉੱਤੇ ਬਣਾਇਆ ਗਿਆ ਹੈ। 9.12 ਕਰੋੜ ਰੁਪਏ ਦੀ ਲਾਗਤ ਨਾਲ ਇਹ ਤਿੰਨ ਮੰਜ਼ਿਲਾ ਇਮਾਰਤ ਤਿਆਰ ਕੀਤੀ ਗਈ ਹੈ। ਬਜ਼ੁਰਗਾਂ ਦੀ ਸੰਭਾਲ ਲਈ ਇੱਥੇ ਭੋਜਨ, ਮੈਡੀਕਲ ਸਹੂਲਤਾਂ, ਡੇ ਕੇਅਰ, ਲਾਇਬ੍ਰੇਰੀ ਆਦਿ ਸੁਵਿਧਾਵਾਂ ਮੁਫ਼ਤ ਉਪਲਬਧ ਕਰਵਾਈਆਂ ਜਾਣਗੀਆਂ। ਇਸ 72 ਬਿਸਤਰਿਆਂ ਵਾਲੇ ਆਸ਼ਰਮ ਵਿੱਚ ਖਾਸ ਕਰਮਚਾਰੀ ਤੈਨਾਤ ਕੀਤੇ ਗਏ ਹਨ ਜੋ ਬਜ਼ੁਰਗਾਂ ਦੀ ਸੇਵਾ ਕਰਨਗੇ।
ਹੋਰ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੱਲ੍ਹ ਬਜ਼ੁਰਗ ਆਸ਼ਰਮ ਵਿਖੇ ਮੈਡੀਕਲ ਜਾਂਚ ਕੈਂਪ ਲਾਇਆ ਜਾਵੇਗਾ। ਲਾਭਾਰਥੀ ਬਜ਼ੁਰਗਾਂ ਨੂੰ ਪੈਨਸ਼ਨ ਪੱਤਰ ਤੇ ਟ੍ਰਾਈਸਾਈਕਲਾਂ ਵੰਡੀਆਂ ਜਾਣਗੀਆਂ।ਇਸ ਤੋਂ ਇਲਾਵਾ ਉਦਘਾਟਨ ਸਮਾਗਮ ਦੇ ਦੌਰਾਨ ਬਜ਼ੁਰਗ ਆਸ਼ਰਮ ਵਿਖੇ ਰਾਜ ਪੱਧਰੀ ਧੀਆਂ ਦੀ ਲੋਹੜੀ ਦਾ ਆਯੋਜਨ ਵੀ ਹੋਵੇਗਾ ਜਿੱਥੇ 21 ਨਵਜੰਮੀਆਂ ਬੱਚੀਆਂ ਦਾ ਸਨਮਾਨ ਹੋਵੇਗਾ। ਇਸ ਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿੱਚ ਵਿਸ਼ੇਸ਼ ਉਪਲਬਧੀਆਂ ਹਾਸਲ ਕਰਨ ਵਾਲੀਆਂ ਕੁੜੀਆਂ, ਰਾਜ ਅਤੇ ਰਾਸ਼ਟਰੀ ਪੱਧਰ ‘ਤੇ ਸੋਨ ਤਮਗਾ ਜਿੱਤਣ ਵਾਲੀਆਂ ਖਿਡਾਰਨਾਂ ਅਤੇ ਦਸਵੀਂ ਤੇ ਬਾਰਵੀਂ ਜਮਾਤ ਵਿੱਚੋਂ ਪਹਿਲੇ ਨੰਬਰ ‘ਤੇ ਆਈਆਂ ਵਿਦਿਆਰਥਣਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ‘ਸਤਿਕਾਰ ਘਰ’ ਬਜ਼ੁਰਗ ਆਸ਼ਰਮ ਵਿਖੇ ਸਮਾਗਮ ਦੀਆਂ ਤਿਆਰੀਆਂ ਦਾ ਮੁਆਇਨਾ ਕੀਤਾ ਅਤੇ ਤੈਨਾਤ ਅਮਲੇ ਨੂੰ ਸਾਰੇ ਸੁਰੱਖਿਆ ਤੇ ਹੋਰ ਇੰਤਜ਼ਾਮ ਪੂਰੇ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਵਾਧੂ ਡਿਪਟੀ ਕਮਿਸ਼ਨਰ (ਜਨਰਲ) ਅਨੁਪ੍ਰਿਤਾ ਜੌਹਲ, ਅੰਡਰ ਟ੍ਰੇਨਿੰਗ ਆਈ.ਏ.ਐੱਸ. ਗੁਰਲੀਨ ਕੌਰ, ਐਸ.ਡੀ.ਐਮ. ਮਾਨਸਾ ਕਾਲਾ ਰਾਮ ਕਾਂਸਲ, ਐਸ.ਡੀ.ਐਮ. ਸਰਦੂਲਗੜ੍ਹ ਹਰਜਿੰਦਰ ਸਿੰਘ ਜੱਸਲ ਤੇ ਹੋਰ ਅਧਿਕਾਰੀ ਹਾਜ਼ਰ ਸਨ।
