
ਨਵੀਂ ਦਿੱਲੀ, 12 ਫਰਬਰੀ 2026: ਭਾਰਤ ਸਰਕਾਰ ਨੇ ਫਰਾਂਸ ਤੋਂ 114 ਰਾਫੇਲ ਲੜਾਕੂ ਜਹਾਜ਼ ਖਰੀਦਣ ਦੇ ਵੱਡੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰੱਖਿਆ ਪ੍ਰਾਪਤੀ ਪ੍ਰੀਸ਼ਦ (DAC) ਨੇ ਵੀਰਵਾਰ ਨੂੰ ਇਸ ਦੀ ਸ਼ੁਰੂਆਤੀ ਸਵੀਕ੍ਰਿਤੀ ਦਿੱਤੀ। ਲਗਭਗ ₹3.25 ਲੱਖ ਕਰੋੜ ਦੀ ਕੀਮਤ ਵਾਲਾ ਇਹ ਸੌਦਾ ਫਰਾਂਸੀਸੀ ਕੰਪਨੀ ਡਸਾਲਟ ਐਵੀਏਸ਼ਨ ਨਾਲ ਕੀਤਾ ਜਾਵੇਗਾ। ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਅਤੇ ਤਕਨੀਕੀ ਗੱਲਬਾਤ ਜਲਦ ਸ਼ੁਰੂ ਹੋਣ ਦੀ ਸੰਭਾਵਨਾ ਹੈ।
ਇਹ ਫੈਸਲਾ ਉਸ ਸਮੇਂ ਆਇਆ ਹੈ ਜਦੋਂ ਭਾਰਤੀ ਹਵਾਈ ਸੈਨਾ ਦੀ ਸਕੁਐਡਰਨ ਤਾਕਤ ਮਨਜ਼ੂਰਸ਼ੁਦਾ 42 ਦੇ ਮੁਕਾਬਲੇ ਘਟ ਕੇ ਕੇਵਲ 29 ਰਹਿ ਗਈ ਹੈ। ਪਿਛਲੇ ਕੁਝ ਮਹੀਨਿਆਂ ਦੌਰਾਨ ਕਈ ਪੁਰਾਣੇ ਜਹਾਜ਼ ਸੇਵਾਮੁਕਤ ਹੋਣ ਕਾਰਨ ਇਹ ਘਾਟ ਹੋਰ ਵੀ ਗੰਭੀਰ ਬਣੀ ਹੈ।
ਸਤੰਬਰ ਮਹੀਨੇ ਵਿੱਚ ਮਿਗ-21 ਜਹਾਜ਼ਾਂ ਦੇ ਬੇੜੇ ਨੂੰ ਪੂਰੀ ਤਰ੍ਹਾਂ ਰਿਟਾਇਰ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ, ਮਿਗ-29, ਜੈਗੁਆਰ ਅਤੇ ਮਿਰਾਜ 2000 ਦੇ ਸ਼ੁਰੂਆਤੀ ਮਾਡਲਾਂ ਨੂੰ ਵੀ ਆਉਣ ਵਾਲੇ ਸਮੇਂ ਵਿੱਚ ਸੇਵਾਮੁਕਤ ਕਰਨ ਦੀ ਯੋਜਨਾ ਹੈ। ਇਸ ਕਾਰਨ ਹਵਾਈ ਸੈਨਾ ਨੂੰ ਲੜਾਕੂ ਜਹਾਜ਼ਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਗੁਆਂਢੀ ਦੇਸ਼ਾਂ ਨਾਲ ਵਧਦੇ ਰਣਨੀਤਿਕ ਤਣਾਅ ਦੇ ਮੱਦੇਨਜ਼ਰ ਸੈਨਾ ਦੇ ਆਧੁਨਿਕੀਕਰਨ ਦੀ ਲੋੜ ਹੋਰ ਵੱਧ ਗਈ ਹੈ। ਅਜਿਹੀ ਸਥਿਤੀ ਵਿੱਚ 114 ਨਵੇਂ ਰਾਫੇਲ ਜਹਾਜ਼ ਹਵਾਈ ਸੈਨਾ ਦੀ ਸਮਰੱਥਾ ਨੂੰ ਕਾਫ਼ੀ ਮਜ਼ਬੂਤੀ ਦੇਣਗੇ। ਯਾਦ ਰਹੇ ਕਿ 2016 ਵਿੱਚ ਭਾਰਤ ਨੇ 36 ਰਾਫੇਲ ਜਹਾਜ਼ ਖਰੀਦੇ ਸਨ, ਜੋ ਹੁਣ ਪੂਰੀ ਤਰ੍ਹਾਂ ਸੇਵਾ ਵਿੱਚ ਹਨ।
ਇਸ ਸੌਦੇ ਵਿੱਚ “ਮੇਕ ਇਨ ਇੰਡੀਆ” ਨੂੰ ਵੀ ਮਹੱਤਵਪੂਰਨ ਤਰਜੀਹ ਦਿੱਤੀ ਜਾਵੇਗੀ। ਕੇਂਦਰ ਸਰਕਾਰ ਰੱਖਿਆ ਖੇਤਰ ਵਿੱਚ ਦੇਸੀ ਨਿਰਮਾਣ ਨੂੰ ਉਤਸ਼ਾਹਿਤ ਕਰ ਰਹੀ ਹੈ। ਪਹਿਲਾਂ ਜਿੱਥੇ ਭਾਰਤ ਵੱਡੇ ਪੱਧਰ ‘ਤੇ ਹਥਿਆਰਾਂ ਦੀ ਆਯਾਤ ਕਰਦਾ ਸੀ, ਹੁਣ ਸਵਦੇਸ਼ੀ ਉਤਪਾਦਨ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਤੇਜਸ ਲੜਾਕੂ ਜਹਾਜ਼ ਇਸ ਦਿਸ਼ਾ ਵਿੱਚ ਇੱਕ ਵੱਡੀ ਕਾਮਯਾਬੀ ਹੈ, ਜੋ ਮਿਗ-21 ਵਰਗੇ ਪੁਰਾਣੇ ਜਹਾਜ਼ਾਂ ਦੀ ਥਾਂ ਲੈ ਰਿਹਾ ਹੈ।
ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ (HAL) ਨੂੰ 180 ਤੇਜਸ Mk-1A ਜਹਾਜ਼ਾਂ ਦਾ ਆਰਡਰ ਮਿਲ ਚੁੱਕਾ ਹੈ, ਹਾਲਾਂਕਿ ਇੰਜਣ ਸਪਲਾਈ ਚੇਨ ਦੀਆਂ ਸਮੱਸਿਆਵਾਂ ਕਾਰਨ ਡਿਲੀਵਰੀ ਵਿੱਚ ਦੇਰੀ ਹੋ ਰਹੀ ਹੈ। ਰਾਫੇਲ ਸੌਦੇ ਤਹਿਤ ਕੁਝ ਜਹਾਜ਼ ਸਿੱਧੇ ਫਰਾਂਸ ਤੋਂ ਤਿਆਰ ਹਾਲਤ ਵਿੱਚ ਆਉਣਗੇ, ਜਦਕਿ ਬਾਕੀ ਜਹਾਜ਼ ਭਾਰਤ ਵਿੱਚ ਭਾਰਤੀ ਭਾਈਵਾਲ ਕੰਪਨੀਆਂ ਦੀ ਸਾਂਝ ਨਾਲ ਤਿਆਰ ਕੀਤੇ ਜਾਣਗੇ, ਜਿਸ ਨਾਲ ਦੇਸੀ ਉਦਯੋਗ ਨੂੰ ਵੀ ਵੱਡਾ ਬਲ ਮਿਲੇਗਾ।
