
ਜਲੰਧਰ, 30 ਅਕਤੂਬਰ 2026: ਜਲੰਧਰ ਦੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿਖੇ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਮੁਕਾਬਲਿਆਂ ਦੌਰਾਨ ਦਰਸ਼ਕਾਂ ਨੂੰ ਸ਼ਾਨਦਾਰ ਹਾਕੀ ਦੇਖਣ ਨੂੰ ਮਿਲੀ। ਬੀਤੇ ਦਿਨ ਖੇਡੇ ਗਏ ਤਿੰਨ ਮੁਕਾਬਲਿਆਂ ਵਿੱਚ ਮੇਜ਼ਬਾਨ ਭਾਰਤ, ਜਾਪਾਨ ਅਤੇ ਮਲੇਸ਼ੀਆ ਨੇ ਆਪਣੇ-ਆਪਣੇ ਵਿਰੋਧੀਆਂ ਨੂੰ ਮਾਤ ਦੇ ਕੇ ਜਿੱਤ ਦਰਜ ਕੀਤੀ।
ਇਸ ਦੌਰਾਨ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਭਾਰਤ ਅਤੇ ਚੀਨ ਵਿਚਕਾਰ ਹੋਇਆ ਮੈਚ ਦੇਖਿਆ ਅਤੇ ਦੋਵਾਂ ਟੀਮਾਂ ਦੇ ਖਿਡਾਰੀਆਂ ਨਾਲ ਮੁਲਾਕਾਤ ਵੀ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲਗਾਤਾਰ ਯਤਨਾਂ ਸਦਕਾ ਪੰਜਾਬ ਨੂੰ ਇਸ ਵੱਕਾਰੀ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਹੈ। ਪੰਜਾਬ ਨੂੰ ਦੇਸ਼ ਦਾ ਹਾਕੀ ਕੇਂਦਰ ਦੱਸਦਿਆਂ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਹਰ ਸੰਭਵ ਉਪਰਾਲਾ ਕਰ ਰਹੀ ਹੈ।
ਭਾਰਤ ਨੇ ਚੀਨ ਨੂੰ 5-2 ਨਾਲ ਦਿੱਤੀ ਮਾਤ
ਭਾਰਤ ਅਤੇ ਚੀਨ ਵਿਚਕਾਰ ਖੇਡੇ ਗਏ ਰੋਮਾਂਚਕ ਮੁਕਾਬਲੇ ਵਿੱਚ ਮੇਜ਼ਬਾਨ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 5-2 ਨਾਲ ਜਿੱਤ ਹਾਸਲ ਕੀਤੀ। ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ 27ਵੇਂ ਅਤੇ 31ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਦੋ ਗੋਲ ਕੀਤੇ। ਇਸੇ ਤਰ੍ਹਾਂ ਸੁਖਜੀਤ ਸਿੰਘ ਨੇ 12ਵੇਂ ਅਤੇ 34ਵੇਂ ਮਿੰਟ ਵਿੱਚ ਫੀਲਡ ਗੋਲ ਕਰਕੇ ਟੀਮ ਦੀ ਬੜ੍ਹਤ ਮਜ਼ਬੂਤ ਕੀਤੀ, ਜਦਕਿ ਜੁਗਰਾਜ ਸਿੰਘ ਨੇ 47ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ।
ਚੀਨ ਵੱਲੋਂ ਪੇਂਗ ਯਾਂਗ ਨੇ 26ਵੇਂ ਮਿੰਟ ਅਤੇ ਚੋਂਗਕੋਂਗ ਚੇਨ ਨੇ 36ਵੇਂ ਮਿੰਟ ਵਿੱਚ ਗੋਲ ਕੀਤੇ, ਪਰ ਉਹ ਆਪਣੀ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕੇ।
ਜਾਪਾਨ ਨੇ ਬੰਗਲਾਦੇਸ਼ ਨੂੰ 1-0 ਨਾਲ ਹਰਾਇਆ
ਦਿਨ ਦੇ ਇੱਕ ਹੋਰ ਮੁਕਾਬਲੇ ਵਿੱਚ ਜਾਪਾਨ ਨੇ ਬੰਗਲਾਦੇਸ਼ ਨੂੰ ਸਖ਼ਤ ਟੱਕਰ ਤੋਂ ਬਾਅਦ 1-0 ਨਾਲ ਹਰਾ ਦਿੱਤਾ। ਜਾਪਾਨ ਲਈ ਰਯੂਕੀ ਫੁਜੀਸ਼ਿਮਾ ਨੇ 40ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਫੈਸਲਾਕੁੰਨ ਗੋਲ ਕੀਤਾ।
ਮਲੇਸ਼ੀਆ ਨੇ ਦੱਖਣੀ ਕੋਰੀਆ ਨੂੰ 3-1 ਨਾਲ ਹਰਾਇਆ
ਦਿਨ ਦੇ ਪਹਿਲੇ ਮੈਚ ਵਿੱਚ ਮਲੇਸ਼ੀਆ ਨੇ ਦੱਖਣੀ ਕੋਰੀਆ ਨੂੰ 3-1 ਨਾਲ ਮਾਤ ਦਿੱਤੀ। ਮਲੇਸ਼ੀਆ ਵੱਲੋਂ ਅਜ਼ੀਮੁਦੀਨ ਕਮਰੂਦੀਨ ਨੇ 10ਵੇਂ ਮਿੰਟ ਵਿੱਚ ਫੀਲਡ ਗੋਲ ਕਰਕੇ ਟੀਮ ਦਾ ਖਾਤਾ ਖੋਲ੍ਹਿਆ। ਇਸ ਤੋਂ ਬਾਅਦ ਦੱਖਣੀ ਕੋਰੀਆ ਦੇ ਸੋਂਗ ਹਯੇ-ਸਿਓਂਗ ਨੇ 31ਵੇਂ ਮਿੰਟ ਵਿੱਚ ਗੋਲ ਕਰਕੇ ਸਕੋਰ 1-1 ਕਰ ਦਿੱਤਾ।
ਹਾਲਾਂਕਿ ਮਲੇਸ਼ੀਆ ਨੇ ਜ਼ੋਰਦਾਰ ਵਾਪਸੀ ਕਰਦਿਆਂ 36ਵੇਂ ਮਿੰਟ ਵਿੱਚ ਮੁਹੰਮਦ ਅਕੀਮੁੱਲਾ ਅਨਵਰ ਐਸੁਕ ਦੇ ਪੈਨਲਟੀ ਕਾਰਨਰ ਰਾਹੀਂ ਗੋਲ ਦੀ ਮਦਦ ਨਾਲ 2-1 ਦੀ ਬੜ੍ਹਤ ਬਣਾ ਲਈ। ਇਸ ਤੋਂ ਬਾਅਦ ਫੈਜ਼ਲ ਬਿਨ ਸਾਰੀ ਨੇ 50ਵੇਂ ਮਿੰਟ ਵਿੱਚ ਤੀਜਾ ਗੋਲ ਕਰਕੇ ਮਲੇਸ਼ੀਆ ਦੀ ਜਿੱਤ 3-1 ਨਾਲ ਪੱਕੀ ਕਰ ਦਿੱਤੀ।
