Saturday, May 23Punjabi People

ਪੰਜਾਬ ਵਿੱਚ ਤਿੱਖੀ ਗਰਮੀ ਦਾ ਪ੍ਰਕੋਪ, ਯੈਲੋ ਅਲਰਟ ਵਿਚਕਾਰ ਸਿਹਤ ਵਿਭਾਗ ਵੱਲੋਂ ਲੂ ਤੋਂ ਬਚਾਅ ਲਈ ਐਡਵਾਈਜ਼ਰੀ ਜਾਰੀ

ਚੰਡੀਗੜ੍ਹ / ਮੁਹਾਲੀ, 18 ਮਈ 2026: ਪੰਜਾਬ ਵਿੱਚ ਤਾਪਮਾਨ ਲਗਾਤਾਰ ਵਧਣ ਅਤੇ ਗਰਮ ਹਵਾਵਾਂ ਦੇ ਚਲਦਿਆਂ ਮੌਸਮ ਦੇ ਤੇਵਰ ਤਿੱਖੇ ਹੋ ਗਏ ਹਨ। ਇਸ ਦਰਮਿਆਨ ਜ਼ਿਲ੍ਹਾ ਸਿਹਤ ਵਿਭਾਗ ਨੇ ਲੋਕਾਂ ਨੂੰ ਲੂ ਅਤੇ ਗਰਮੀ ਕਾਰਨ ਪੈਦਾ ਹੋ ਸਕਦੇ ਸਿਹਤ ਖ਼ਤਰਿਆਂ ਤੋਂ ਬਚਣ ਲਈ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ।

ਮੁਹਾਲੀ ਦੀ ਸਿਵਲ ਸਰਜਨ Dr. Sangeeta Jain ਨੇ ਦੱਸਿਆ ਕਿ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਪਹਿਲਾਂ ਹੀ ਸਰਕਾਰੀ ਸਿਹਤ ਸੇਵਾਵਾਂ ਵਿੱਚ ਲੋੜੀਂਦੇ ਪ੍ਰਬੰਧ ਕੀਤੇ ਜਾ ਚੁੱਕੇ ਹਨ, ਤਾਂ ਜੋ ਲੂ ਜਾਂ ਗਰਮੀ ਨਾਲ ਪ੍ਰਭਾਵਿਤ ਹੋਣ ਵਾਲੇ ਲੋਕਾਂ ਨੂੰ ਤੁਰੰਤ ਇਲਾਜ ਅਤੇ ਡਾਕਟਰੀ ਸਹਾਇਤਾ ਮਿਲ ਸਕੇ। ਉਨ੍ਹਾਂ ਕਿਹਾ ਕਿ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਵੀ ਲੂ ਚੱਲਣ ਦੀ ਸੰਭਾਵਨਾ ਜਤਾਈ ਗਈ ਹੈ, ਇਸ ਲਈ ਹਰ ਵਿਅਕਤੀ ਨੂੰ ਜ਼ਰੂਰੀ ਸਾਵਧਾਨੀਆਂ ਅਪਣਾਉਣ ਦੀ ਲੋੜ ਹੈ।

ਡਾ. ਜੈਨ ਨੇ ਕਿਹਾ ਕਿ ਸਰੀਰ ਦਾ ਤਾਪਮਾਨ ਸੰਤੁਲਿਤ ਰੱਖਣ ਲਈ ਵੱਧ ਤੋਂ ਵੱਧ ਤਰਲ ਪਦਾਰਥਾਂ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੈ। ਲੋਕਾਂ ਨੂੰ ਸਾਦਾ ਪਾਣੀ, ਲੱਸੀ, ਨਿੰਬੂ ਪਾਣੀ, ਜੂਸ, ਨਾਰੀਅਲ ਪਾਣੀ ਅਤੇ ਓ.ਆਰ.ਐਸ. ਵਰਗੇ ਪੇਯ ਪਦਾਰਥ ਪੀਣ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਲੋਕਾਂ ਨੂੰ ਖ਼ਾਸ ਤੌਰ ’ਤੇ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਘਰੋਂ ਬਾਹਰ ਨਿਕਲਣ ਤੋਂ ਬਚਣ ਲਈ ਕਿਹਾ, ਕਿਉਂਕਿ ਇਸ ਸਮੇਂ ਦੌਰਾਨ ਸੂਰਜ ਦੀ ਤਪਸ਼ ਸਭ ਤੋਂ ਵੱਧ ਹੁੰਦੀ ਹੈ।

ਉਨ੍ਹਾਂ ਨੇ ਕਿਹਾ ਕਿ ਬੱਚਿਆਂ, ਬਜ਼ੁਰਗਾਂ, ਗਰਭਵਤੀ ਔਰਤਾਂ, ਖੁੱਲ੍ਹੇ ਆਸਮਾਨ ਹੇਠ ਕੰਮ ਕਰਨ ਵਾਲੇ ਮਜ਼ਦੂਰਾਂ, ਕਿਸਾਨਾਂ, ਬੇਘਰ ਲੋਕਾਂ ਅਤੇ ਦਿਲ ਜਾਂ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਨੂੰ ਖ਼ਾਸ ਧਿਆਨ ਰੱਖਣ ਦੀ ਲੋੜ ਹੈ, ਕਿਉਂਕਿ ਗਰਮੀ ਅਤੇ ਲੂ ਦਾ ਅਸਰ ਇਨ੍ਹਾਂ ਉੱਤੇ ਵੱਧ ਹੋ ਸਕਦਾ ਹੈ। ਖਿਡਾਰੀਆਂ ਅਤੇ ਸਖ਼ਤ ਸਰੀਰਕ ਮਿਹਨਤ ਕਰਨ ਵਾਲੇ ਲੋਕਾਂ ਨੂੰ ਵੀ ਗਰਮੀ ਦੌਰਾਨ ਵਧੇਰੇ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਸਿਹਤ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਘਰਾਂ ਨੂੰ ਠੰਢਾ ਰੱਖਣ ਲਈ ਦਿਨ ਵੇਲੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਰੱਖਣ, ਹਲਕੇ ਰੰਗ ਦੇ ਕਪੜੇ ਪਹਿਨਣ ਅਤੇ ਬਾਹਰ ਜਾਣ ਸਮੇਂ ਸਿਰ ਨੂੰ ਕੱਪੜੇ ਜਾਂ ਟੋਪੀ ਨਾਲ ਢੱਕ ਕੇ ਰੱਖਣ। ਧੁੱਪ ਵਿੱਚ ਨਿਕਲਦਿਆਂ ਪਾਣੀ ਨਾਲ ਰੱਖਣ ਅਤੇ ਹਰ ਅੱਧੇ ਘੰਟੇ ਬਾਅਦ ਪਾਣੀ ਪੀਣ ਦੀ ਵੀ ਸਲਾਹ ਦਿੱਤੀ ਗਈ ਹੈ।

ਵਿਭਾਗ ਨੇ ਇਹ ਵੀ ਕਿਹਾ ਕਿ ਲੋਕ ਤਲੇ ਹੋਏ, ਬਾਸੀ ਅਤੇ ਬਾਹਰਲੇ ਖਾਣੇ ਤੋਂ ਪਰਹੇਜ਼ ਕਰਨ। ਇਸ ਤੋਂ ਇਲਾਵਾ ਸ਼ਰਾਬ, ਚਾਹ ਅਤੇ ਕੌਫ਼ੀ ਵਰਗੇ ਪਦਾਰਥਾਂ ਦੀ ਵੱਧ ਵਰਤੋਂ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ, ਕਿਉਂਕਿ ਇਹ ਸਰੀਰ ਵਿੱਚ ਪਾਣੀ ਦੀ ਕਮੀ ਪੈਦਾ ਕਰ ਸਕਦੇ ਹਨ।

ਸਿਹਤ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਬੱਚਿਆਂ ਅਤੇ ਜਾਨਵਰਾਂ ਨੂੰ ਕਦੇ ਵੀ ਪਾਰਕ ਕੀਤੇ ਵਾਹਨਾਂ ਵਿੱਚ ਇਕੱਲਾ ਨਾ ਛੱਡਿਆ ਜਾਵੇ ਅਤੇ ਤਿੱਖੀ ਧੁੱਪ ਦੌਰਾਨ ਬੇਲੋੜੀ ਸਰੀਰਕ ਮਿਹਨਤ ਤੋਂ ਬਚਿਆ ਜਾਵੇ।

ਜੇ ਕਿਸੇ ਵਿਅਕਤੀ ਨੂੰ ਲੂ ਜਾਂ ਗਰਮੀ ਕਾਰਨ ਸਿਹਤ ਸਮੱਸਿਆ ਮਹਿਸੂਸ ਹੋਵੇ ਤਾਂ ਉਹ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕਰ ਸਕਦਾ ਹੈ ਜਾਂ ਨੇੜਲੇ ਸਰਕਾਰੀ ਸਿਹਤ ਕੇਂਦਰ ਵਿੱਚ ਜਾ ਕੇ ਡਾਕਟਰੀ ਸਲਾਹ ਲੈ ਸਕਦਾ ਹੈ।

Leave a Reply

Your email address will not be published. Required fields are marked *