
ਜਲੰਧਰ ਕੈਂਟ, 15 ਮਈ 2026: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਜਮਾਤ ਦੇ ਨਤੀਜਿਆਂ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਪਤਾਰਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣਾ ਨਾਮ ਰੌਸ਼ਨ ਕੀਤਾ। ਸਕੂਲ ਦੀਆਂ ਤਿੰਨ ਵਿਦਿਆਰਥਣਾਂ ਨੇ 90 ਫੀਸਦੀ ਤੋਂ ਵੱਧ ਅੰਕ ਹਾਸਲ ਕਰਕੇ ਵਿਸ਼ੇਸ਼ ਉਪਲਬਧੀ ਦਰਜ ਕੀਤੀ।
ਵਿਦਿਆਰਥਣਾਂ ਦੀ ਇਸ ਕਾਮਯਾਬੀ ‘ਤੇ ਸਕੂਲ ਪ੍ਰਬੰਧਨ, ਸਕੂਲ ਇੰਚਾਰਜ ਅਤੇ ਕਾਰਜਕਾਰੀ ਪ੍ਰਿੰਸੀਪਲ ਰੇਖਾ, ਅਤੇ ਪਿੰਡ ਪਤਾਰਾ ਦੇ ਸਰਪੰਚ ਸੰਦੀਪ ਵਰਮਾ ਵੱਲੋਂ ਵਿਦਿਆਰਥਣਾਂ ਦਾ ਸਕੂਲ ਵਿੱਚ ਢੋਲ-ਨਗਾੜਿਆਂ ਨਾਲ ਭਰਪੂਰ ਸਵਾਗਤ ਕੀਤਾ ਗਿਆ। ਇਸ ਦੌਰਾਨ ਵਿਦਿਆਰਥਣਾਂ ਨੇ ਵੀ ਢੋਲ ਦੀ ਥਾਪ ‘ਤੇ ਭੰਗੜਾ ਪਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਬਾਅਦ ਵਿੱਚ ਉਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਸਕੂਲ ਦੀ ਵਿਦਿਆਰਥਣ ਤਮੰਨਾ ਕੌਰ ਨੇ 650 ਵਿੱਚੋਂ 624 ਅੰਕ (96%) ਹਾਸਲ ਕਰਕੇ ਪੰਜਾਬ ਭਰ ਦੀ ਮੈਰਿਟ ਲਿਸਟ ਵਿੱਚ 230ਵਾਂ ਸਥਾਨ ਪ੍ਰਾਪਤ ਕੀਤਾ। ਇਸ ਦੇ ਨਾਲ ਹੀ ਉਸਨੇ ਪੰਜਾਬ ਪੱਧਰ ‘ਤੇ 21ਵਾਂ ਅਤੇ ਜਲੰਧਰ ਜ਼ਿਲ੍ਹੇ ਵਿੱਚ 16ਵਾਂ ਰੈਂਕ ਹਾਸਲ ਕੀਤਾ।
ਸਕੂਲ ਇੰਚਾਰਜ ਰੇਖਾ ਨੇ ਦੱਸਿਆ ਕਿ ਵਿਦਿਆਰਥਣ ਹਰਏਕਮ ਕੌਰ ਨੇ 650 ਵਿੱਚੋਂ 610 ਅੰਕ (93.84%) ਹਾਸਲ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਕਿਰਨਪ੍ਰੀਤ ਕੌਰ ਨੇ 650 ਵਿੱਚੋਂ 598 ਅੰਕ (92%) ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ।
ਇਸ ਮੌਕੇ ਸਰਪੰਚ ਸੰਦੀਪ ਵਰਮਾ ਨੇ ਵਿਦਿਆਰਥਣਾਂ ਨੂੰ ਉਨ੍ਹਾਂ ਦੀ ਇਸ ਕਾਮਯਾਬੀ ਲਈ ਵਧਾਈ ਦਿੰਦਿਆਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਮਿਹਨਤ ਕਰਕੇ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।
ਇਸ ਦੌਰਾਨ ‘ਆਪ’ ਦੇ ਸੀਨੀਅਰ ਆਗੂ ਪੰਚ ਹਰਜਿੰਦਰ ਕੁਮਾਰ ਮਿੰਟੂ ਪਤਾਰਾ ਨੇ ਵੀ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਭਰੋਸਾ ਦਿਵਾਇਆ ਕਿ ਪਿੰਡ ਦੀ ਪੰਚਾਇਤ ਅਤੇ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਵਿਦਿਆਰਥਣਾਂ ਨੂੰ ਹਰ ਸੰਭਵ ਸਹੂਲਤ ਮੁਹੱਈਆ ਕਰਵਾਈ ।
