Saturday, June 6Punjabi People

ਵਿਸਫੋਟ ਲਈ ਪੂਰੀ ਤਰ੍ਹਾਂ ਤਿਆਰ IED ਬਰਾਮਦ, ਵੱਡਾ ਹਾਦਸਾ ਟਲਿਆ: ਡੀਜੀਪੀ ਗੌਰਵ ਯਾਦਵ

ਐਸ.ਏ.ਐਸ ਨਗਰ (ਮੋਹਾਲੀ), 4 ਜੂਨ 2026: ਪੰਜਾਬ ਪੁਲਿਸ ਨੇ ਇੱਕ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰਦਿਆਂ ਸਪੈਸ਼ਲ ਆਪਰੇਸ਼ਨ ਸੈੱਲ (SSOC) ਐਸ.ਏ.ਐਸ ਨਗਰ ਦੀ ਟੀਮ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ‘ਚੋਂ ਕਰੀਬ 2.5 ਕਿਲੋਗ੍ਰਾਮ ਆਰਡੀਐਕਸ-ਅਧਾਰਤ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (IED) ਬਰਾਮਦ ਕੀਤੀ ਹੈ। ਇਹ ਜਾਣਕਾਰੀ ਡੀਜੀਪੀ ਪੰਜਾਬ Gaurav Yadav ਨੇ ਸਾਂਝੀ ਕੀਤੀ।

ਪੁਲਿਸ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅੰਮ੍ਰਿਤਸਰ ਦੇ ਗੁੱਜਰਪੁਰਾ ਵਾਸੀ ਮਨੀ ਸਿੰਘ (32) ਅਤੇ ਗਿੱਲਵਾਲੀ ਗੇਟ ਇਲਾਕੇ ਦੇ ਅਭਿਸ਼ੇਕ ਕੁਮਾਰ (28) ਵਜੋਂ ਹੋਈ ਹੈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਦੋਵੇਂ ਵਿਦੇਸ਼ ਅਧਾਰਤ ਅੱਤਵਾਦੀ ਹੈਂਡਲਰ ਦੇ ਸੰਪਰਕ ਵਿੱਚ ਸਨ ਅਤੇ ਉਸ ਦੇ ਇਸ਼ਾਰਿਆਂ ‘ਤੇ ਕਾਰਵਾਈ ਕਰ ਰਹੇ ਸਨ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਬਰਾਮਦ ਕੀਤੀ ਗਈ IED ਪੂਰੀ ਤਰ੍ਹਾਂ ਐਕਟਿਵ ਅਤੇ ਵਿਸਫੋਟ ਲਈ ਤਿਆਰ ਹਾਲਤ ਵਿੱਚ ਸੀ, ਜਿਸ ਕਾਰਨ ਇੱਕ ਵੱਡਾ ਹਾਦਸਾ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਸਮੇਂ ਸਿਰ ਕੀਤੀ ਗਈ ਕਾਰਵਾਈ ਨੇ ਐਸ.ਏ.ਐਸ ਨਗਰ ਵਿੱਚ ਕਿਸੇ ਵੀ ਜਨਤਕ ਬੁਨਿਆਦੀ ਢਾਂਚੇ ਜਾਂ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ।

ਕਾਰਵਾਈ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਜਨਰਲ ਆਫ ਪੁਲਿਸ (ਕਾਊਂਟਰ ਇੰਟੈਲੀਜੈਂਸ) ਅਸ਼ੀਸ਼ ਚੌਧਰੀ ਨੇ ਦੱਸਿਆ ਕਿ ਭਰੋਸੇਯੋਗ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਪੁਲਿਸ ਟੀਮਾਂ ਨੇ ਦੋਵੇਂ ਸ਼ੱਕੀਆਂ ਨੂੰ ਵਾਈ.ਪੀ.ਐਸ ਚੌਕ, ਮੋਹਾਲੀ ਦੇ ਨੇੜੇ ਇੱਕ ਪਾਰਕ ਕੋਲੋਂ ਤਦ ਗ੍ਰਿਫ਼ਤਾਰ ਕੀਤਾ ਜਦੋਂ ਉਹ ਬੱਸ ਰਾਹੀਂ ਅੰਮ੍ਰਿਤਸਰ ਤੋਂ ਮੋਹਾਲੀ ਪਹੁੰਚੇ ਸਨ ਅਤੇ ਆਪਣੇ ਨਾਲ ਵਿਸਫੋਟਕ ਸਮੱਗਰੀ ਲੈ ਕੇ ਆ ਰਹੇ ਸਨ।

ਮੌਕੇ ‘ਤੇ ਬੰਬ ਨਿਰੋਧਕ ਦਸਤੇ ਨੂੰ ਤੁਰੰਤ ਬੁਲਾਇਆ ਗਿਆ, ਜਿਸ ਨੇ ਸਾਰੇ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਦਿਆਂ IED ਨੂੰ ਸੁਰੱਖਿਅਤ ਤਰੀਕੇ ਨਾਲ ਨਿਸ਼ਕ੍ਰਿਆ ਕਰਕੇ ਨਸ਼ਟ ਕਰ ਦਿੱਤਾ।

ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਵਿੱਚੋਂ ਇੱਕ ਮਨੀ ਸਿੰਘ ਦੀ ਹਾਲ ਹੀ ਵਿੱਚ ਸੋਸ਼ਲ ਮੀਡੀਆ ਰਾਹੀਂ ਵਿਦੇਸ਼ੀ ਹੈਂਡਲਰ ਨਾਲ ਸਾਂਝ ਬਣੀ ਸੀ। ਉਸ ਨੇ ਆਪਣੇ ਰਿਸ਼ਤੇਦਾਰ ਅਭਿਸ਼ੇਕ ਕੁਮਾਰ ਨੂੰ ਵੀ ਇਸ ਨੈੱਟਵਰਕ ਨਾਲ ਜੋੜਿਆ। ਆਰਥਿਕ ਤੰਗੀ ਦਾ ਲਾਭ ਲੈਂਦਿਆਂ ਵਿਦੇਸ਼ੀ ਹੈਂਡਲਰ ਨੇ ਉਨ੍ਹਾਂ ਨੂੰ ਵਿੱਤੀ ਲਾਭ ਦੇਣ ਦਾ ਲਾਲਚ ਦਿੱਤਾ, ਜਿਸ ਦੇ ਬਦਲੇ ਉਹ ਇਸ ਨਾਪਾਕ ਕੰਮ ਵਿੱਚ ਸ਼ਾਮਲ ਹੋ ਗਏ।

ਫਿਲਹਾਲ ਪੁਲਿਸ ਵੱਲੋਂ ਪੂਰੇ ਨੈੱਟਵਰਕ ਦੀ ਜਾਂਚ ਜਾਰੀ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਸਾਜ਼ਿਸ਼ ਦੇ ਪਿੱਛੇ ਹੋਰ ਕਿਹੜੇ ਲੋਕ ਜਾਂ ਗਰੁੱਪ ਸ਼ਾਮਲ ਹਨ। ਅਧਿਕਾਰੀਆਂ ਨੇ ਕਿਹਾ ਕਿ ਜਲਦ ਹੀ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *