
ਚੰਡੀਗੜ੍ਹ, 26 ਮਈ 2026: ਪੰਜਾਬ ਦੀ ਸਿਆਸਤ ਵਿੱਚ ਇੱਕ ਮਹੱਤਵਪੂਰਨ ਘਟਨਾ ਵਾਪਰੀ ਹੈ, ਜਿੱਥੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਵੱਡਾ ਸਿਆਸੀ ਝਟਕਾ ਲੱਗਿਆ ਹੈ। ਸੀਨੀਅਰ ਅਕਾਲੀ ਆਗੂ, ਸਾਬਕਾ ਰਾਜ ਸਭਾ ਮੈਂਬਰ, ਸਾਬਕਾ ਵਿਧਾਇਕ ਅਤੇ ਚੀਫ਼ ਖ਼ਾਲਸਾ ਦੀਵਾਨ ਦੇ ਸਰਪ੍ਰਸਤ ਰਾਜਮਹਿੰਦਰ ਸਿੰਘ ਮਜੀਠਾ ਨੇ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਦਾ ਦਾਮਨ ਫੜ ਲਿਆ ਹੈ। ਇਸ ਘਟਨਾ ਨੂੰ ‘ਆਪ’ ਲਈ ਵੱਡੇ ਸਿਆਸੀ ਹੁਲਾਰੇ ਵਜੋਂ ਦੇਖਿਆ ਜਾ ਰਿਹਾ ਹੈ।
ਚੰਡੀਗੜ੍ਹ ਵਿੱਚ ਹੋਏ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਮਹਿੰਦਰ ਸਿੰਘ ਮਜੀਠਾ ਅਤੇ ਉਨ੍ਹਾਂ ਨਾਲ ਸ਼ਾਮਲ ਹੋਏ ਆਗੂਆਂ ਦਾ ਪਾਰਟੀ ਵਿੱਚ ਸਵਾਗਤ ਕੀਤਾ। ਇਸ ਮੌਕੇ ਮਜੀਠਾ ਵਿਧਾਨ ਸਭਾ ਹਲਕੇ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਵੀ ਮੌਜੂਦ ਰਹੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ, ਪਾਰਦਰਸ਼ੀ ਪ੍ਰਸ਼ਾਸਨ ਅਤੇ ਵਿਕਾਸਕਾਰੀ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਵੱਖ-ਵੱਖ ਖੇਤਰਾਂ ਨਾਲ ਜੁੜੀਆਂ ਪ੍ਰਮੁੱਖ ਸ਼ਖਸੀਅਤਾਂ ਲਗਾਤਾਰ ‘ਆਪ’ ਨਾਲ ਜੁੜ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਲੋਕਾਂ ਦਾ ਸਰਕਾਰ ਅਤੇ ਪਾਰਟੀ ‘ਤੇ ਵਧਦਾ ਵਿਸ਼ਵਾਸ ਦਰਸਾਉਂਦਾ ਹੈ।
ਰਾਜਮਹਿੰਦਰ ਸਿੰਘ ਮਜੀਠਾ ਦੇ ਨਾਲ ਹੋਰ ਕਈ ਮਸ਼ਹੂਰ ਚਿਹਰੇ ਵੀ ‘ਆਪ’ ਵਿੱਚ ਸ਼ਾਮਲ ਹੋਏ। ਇਨ੍ਹਾਂ ਵਿੱਚ ਸਾਬਕਾ ਆਰਟੀਆਈ ਕਮਿਸ਼ਨਰ ਹੇਮਿੰਦਰ ਸਿੰਘ ਮਜੀਠਾਅਤੇ ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰ ਸੁਖਦੀਪ ਸਿੰਘ ਮਜੀਠਾ ਵੀ ਸ਼ਾਮਲ ਹਨ। ਸਾਰੇ ਆਗੂਆਂ ਨੇ ਭਗਵੰਤ ਮਾਨ ਦੀ ਅਗਵਾਈ ਅਤੇ ਪੰਜਾਬ ਸਰਕਾਰ ਦੇ ਕੰਮਕਾਜ ‘ਤੇ ਪੂਰਾ ਭਰੋਸਾ ਜਤਾਇਆ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਵੀ ਖੁਸ਼ੀ ਪ੍ਰਗਟ ਕਰਦਿਆਂ ਲਿਖਿਆ ਕਿ ਆਮ ਆਦਮੀ ਪਾਰਟੀ ਪਰਿਵਾਰ ਵਿੱਚ ਅੱਜ ਇੱਕ ਵੱਡਾ ਅਤੇ ਮਹੱਤਵਪੂਰਨ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਖੇਤਰਾਂ ਦੀਆਂ ਮਾਣਯੋਗ ਸ਼ਖਸੀਅਤਾਂ ਦਾ ‘ਆਪ’ ਨਾਲ ਜੁੜਨਾ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਅਤੇ ਸੂਬੇ ਦੇ ਵਿਕਾਸ ਪ੍ਰਤੀ ਵਚਨਬੱਧਤਾ ਦਾ ਸਬੂਤ ਹੈ।
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਤਰੱਕੀ ਅਤੇ “ਰੰਗਲਾ ਪੰਜਾਬ” ਦੇ ਸੁਪਨੇ ਨੂੰ ਸਾਕਾਰ ਕਰਨ ਲਈ ਤਜਰਬੇਕਾਰ ਅਤੇ ਅਗਾਂਹਵਧੂ ਸੋਚ ਵਾਲੇ ਆਗੂਆਂ ਦਾ ਸਾਥ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਸੂਬੇ ਦੀ ਖੁਸ਼ਹਾਲੀ ਅਤੇ ਲੋਕਾਂ ਦੀ ਭਲਾਈ ਲਈ ਲਗਾਤਾਰ ਕੰਮ ਕਰਦੀ ਰਹੇਗੀ।
ਸਿਆਸੀ ਵਿਸ਼ਲੇਸ਼ਕ ਇਸ ਘਟਨਾ ਨੂੰ ਪੰਜਾਬ ਦੀ ਬਦਲਦੀ ਸਿਆਸੀ ਸਥਿਤੀ ਨਾਲ ਜੋੜ ਕੇ ਦੇਖ ਰਹੇ ਹਨ। ਖਾਸ ਕਰਕੇ ਅਕਾਲੀ ਦਲ ਲਈ ਇਹ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ, ਜਦਕਿ ਆਮ ਆਦਮੀ ਪਾਰਟੀ ਨੂੰ ਇਸ ਨਾਲ ਮਜਬੂਤੀ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
