
ਚੰਡੀਗੜ੍ਹ, 28 ਮਈ 2026: ਪੰਜਾਬ ਦੀ ਸਿਆਸਤ ਵਿੱਚ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਭਾਰਤੀ ਜਨਤਾ ਪਾਰਟੀ ਵੱਲੋਂ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਐਲਾਨ ਤੋਂ ਤੁਰੰਤ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਤੰਜ ਭਰੀ ਪੋਸਟ ਸਾਂਝੀ ਕਰਦਿਆਂ ਭਾਜਪਾ ਉੱਤੇ ਨਿਸ਼ਾਨਾ ਸਾਧਿਆ।
ਮੁੱਖ ਮੰਤਰੀ ਨੇ ਆਪਣੀ ਪੋਸਟ ਵਿੱਚ ਲਿਖਿਆ, “2019 ਅਤੇ 2024 ਵਿੱਚ ਬਰਨਾਲਾ ਦੇ ਲੋਕਾਂ ਵੱਲੋਂ ਹਰਾਏ ਹੋਏ ਕਾਂਗਰਸ ਦੇ ਭਾਜਪਾਈ ਨੇਤਾ ਕੇਵਲ ਢਿੱਲੋਂ ਜੀ ਨੂੰ BJP ਦਾ ਪ੍ਰਧਾਨ ਬਣਨ ਤੇ ਮੁਬਾਰਕਾਂ.. ਸੁਨੀਲ ਜਾਖੜ ਜੀ ਨਾਲ ਦਿਲੋਂ ਹਮਦਰਦੀ.. ਪ੍ਰਮਾਤਮਾ ਰਵਨੀਤ ਬਿੱਟੂ, ਮਨਪ੍ਰੀਤ ਬਾਦਲ, ਫ਼ਤਿਹਜੰਗ ਬਾਜਵਾ, ਤਰੁਣ ਚੁੱਘ ਅਤੇ ਅਸ਼ਵਨੀ ਸ਼ਰਮਾ ਵਗੈਰਾ ਨੂੰ ਇਹ ਜਿੱਲਤ ਝੱਲਣ ਦਾ ਬਲ ਬਖਸ਼ੇ..।” CM ਮਾਨ ਦੀ ਇਸ ਪੋਸਟ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਚਰਚਾਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ।
ਦੱਸਣਯੋਗ ਹੈ ਕਿ ਭਾਜਪਾ ਹਾਈਕਮਾਂਡ ਨੇ ਇਹ ਫੈਸਲਾ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਦਾ ਤਿੰਨ ਸਾਲਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਲਿਆ ਹੈ। ਪਾਰਟੀ ਅੰਦਰੂਨੀ ਸੂਤਰਾਂ ਮੁਤਾਬਕ ਭਾਜਪਾ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਸਿੱਖ ਚਿਹਰੇ ਦੀ ਭਾਲ ਕਰ ਰਹੀ ਸੀ। ਇਸੇ ਰਣਨੀਤੀ ਤਹਿਤ ਕੇਵਲ ਸਿੰਘ ਢਿੱਲੋਂ ਦੇ ਨਾਮ ‘ਤੇ ਆਖ਼ਰੀ ਮੋਹਰ ਲਗਾਈ ਗਈ।
ਕੇਵਲ ਸਿੰਘ ਢਿੱਲੋਂ ਪੰਜਾਬ ਦੀ ਸਿਆਸਤ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਹਨ। ਉਹ ਪਹਿਲਾਂ ਕਾਂਗਰਸ ਪਾਰਟੀ ਨਾਲ ਜੁੜੇ ਰਹੇ ਅਤੇ ਬਰਨਾਲਾ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਰਦੇ ਰਹੇ ਹਨ। ਹਾਲ ਹੀ ਦੇ ਸਾਲਾਂ ਵਿੱਚ ਉਨ੍ਹਾਂ ਨੇ ਭਾਜਪਾ ਵਿੱਚ ਸ਼ਾਮਲ ਹੋ ਕੇ ਪਾਰਟੀ ਗਤੀਵਿਧੀਆਂ ਵਿੱਚ ਸਰਗਰਮ ਭੂਮਿਕਾ ਨਿਭਾਈ। ਹੁਣ ਉਨ੍ਹਾਂ ਨੂੰ ਪੰਜਾਬ ਭਾਜਪਾ ਦੀ ਕਮਾਨ ਸੌਂਪਣਾ ਪਾਰਟੀ ਵੱਲੋਂ ਵੱਡੇ ਸਿਆਸੀ ਸੰਦੇਸ਼ ਵਜੋਂ ਦੇਖਿਆ ਜਾ ਰਿਹਾ ਹੈ।
ਉੱਧਰ, ਸੁਨੀਲ ਜਾਖੜ ਨੇ ਜੁਲਾਈ 2023 ਵਿੱਚ ਪੰਜਾਬ ਭਾਜਪਾ ਦੇ ਪ੍ਰਧਾਨ ਵਜੋਂ ਕਮਾਨ ਸੰਭਾਲੀ ਸੀ ਅਤੇ ਆਪਣੇ ਕਾਰਜਕਾਲ ਦੌਰਾਨ ਸੰਗਠਨ ਨੂੰ ਮਜ਼ਬੂਤ ਕਰਨ ਲਈ ਕਈ ਅਹਿਮ ਕਦਮ ਚੁੱਕੇ। ਉਹ 19 ਮਈ 2022 ਨੂੰ ਭਾਜਪਾ ਵਿੱਚ ਸ਼ਾਮਲ ਹੋਏ ਸਨ। ਇਸ ਤੋਂ ਪਹਿਲਾਂ ਉਹ ਲੰਬੇ ਸਮੇਂ ਤੱਕ ਕਾਂਗਰਸ ਨਾਲ ਜੁੜੇ ਰਹੇ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ, ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ, ਅਬੋਹਰ ਤੋਂ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ।
ਸੁਨੀਲ ਜਾਖੜ ਪੰਜਾਬ ਦੇ ਦਿੱਗਜ ਸਿਆਸਤਦਾਨ ਅਤੇ ਭਾਰਤ ਦੇ ਸਾਬਕਾ ਲੋਕ ਸਭਾ ਸਪੀਕਰ ਸਵਰਗੀ ਬਲਰਾਮ ਜਾਖੜ ਦੇ ਪੁੱਤਰ ਹਨ। ਹਾਲਾਂਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਹਾਰ ਤੋਂ ਬਾਅਦ ਉਨ੍ਹਾਂ ਵੱਲੋਂ ਅਸਤੀਫੇ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਪਾਰਟੀ ਹਾਈਕਮਾਂਡ ਨੇ ਉਹ ਅਸਤੀਫਾ ਸਵੀਕਾਰ ਨਹੀਂ ਕੀਤਾ ਸੀ। ਹੁਣ ਕੇਵਲ ਸਿੰਘ ਢਿੱਲੋਂ ਨੂੰ ਨਵੀਂ ਜ਼ਿੰਮੇਵਾਰੀ ਦੇ ਕੇ ਭਾਜਪਾ ਨੇ ਪੰਜਾਬ ਵਿੱਚ ਆਪਣੀ ਨਵੀਂ ਸਿਆਸੀ ਰਣਨੀਤੀ ਦੇ ਸੰਕੇਤ ਦੇ ਦਿੱਤੇ ਹਨ।
