
ਚੰਡੀਗੜ੍ਹ, 18 ਜੂਨ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਵੀਡੀਓ ਨੂੰ ਲੈ ਕੇ ਆਪਣਾ ਪੱਖ ਸਪੱਸ਼ਟ ਕਰਦਿਆਂ ਕਿਹਾ ਹੈ ਕਿ ਇਸ ਵੀਡੀਓ ਵਿੱਚ ਦਿਖਾਈ ਦੇਣ ਵਾਲਾ ਵਿਅਕਤੀ ਉਹ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵੀਡੀਓ ਵਿੱਚ ਨਜ਼ਰ ਆ ਰਿਹਾ ਸ਼ਖ਼ਸ ਇੱਕ ਅਦਾਕਾਰ ਹੈ ਜੋ ਉਨ੍ਹਾਂ ਵਰਗਾ ਦਿਖਾਈ ਦਿੰਦਾ ਹੈ ਅਤੇ ਇਸ ਵੀਡੀਓ ਨੂੰ ਉਨ੍ਹਾਂ ਦੀ ਛਵੀ ਨੂੰ ਨੁਕਸਾਨ ਪਹੁੰਚਾਉਣ ਲਈ ਜਾਣਬੁੱਝ ਕੇ ਫੈਲਾਇਆ ਗਿਆ ਹੈ।
ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਮਾਮਲੇ ਦੀ ਵਿਸਥਾਰਪੂਰਵਕ ਫੋਰੈਂਸਿਕ ਜਾਂਚ ਕਰਵਾਈ ਗਈ, ਜਿਸ ਦੌਰਾਨ ਵੀਡੀਓ ਦੇ 1,191 ਫਰੇਮਾਂ ਦਾ ਤਕਨੀਕੀ ਵਿਸ਼ਲੇਸ਼ਣ ਕੀਤਾ ਗਿਆ। ਜਾਂਚ ਦੌਰਾਨ ਕਿਸੇ ਵੀ ਫਰੇਮ ਵਿੱਚ ਉਨ੍ਹਾਂ ਦੀ ਪਛਾਣ ਨਾਲ ਮੇਲ ਖਾਂਦਾ ਕੋਈ ਸਬੂਤ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਜਾਂਚ ਰਿਪੋਰਟ ਨੇ ਸਪੱਸ਼ਟ ਕੀਤਾ ਹੈ ਕਿ ਵਾਇਰਲ ਵੀਡੀਓ ਵਿੱਚ ਦਿਖਾਈ ਦੇਣ ਵਾਲਾ ਵਿਅਕਤੀ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਹੈ।
ਤਕਨੀਕੀ ਵਿਸ਼ਲੇਸ਼ਣ ਦੇ ਵੇਰਵੇ ਸਾਂਝੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਫੋਰੈਂਸਿਕ ਮਾਹਿਰਾਂ ਨੇ ਚਿਹਰੇ ਦੀ ਬਣਤਰ, ਸਰੀਰਕ ਹਾਵ-ਭਾਵ, ਉਚਾਈ ਅਤੇ ਹੋਰ ਵਿਸ਼ੇਸ਼ ਲੱਛਣਾਂ ਦੀ ਤੁਲਨਾਤਮਕ ਜਾਂਚ ਕੀਤੀ। ਰਿਪੋਰਟ ਮੁਤਾਬਕ ਵੀਡੀਓ ਵਿੱਚ ਦਿਖਾਈ ਦੇਣ ਵਾਲੇ ਵਿਅਕਤੀ ਦੀ ਉਚਾਈ ਲਗਭਗ 5 ਫੁੱਟ 10 ਇੰਚ ਹੈ, ਜਦਕਿ ਮੁੱਖ ਮੰਤਰੀ ਦੀ ਉਚਾਈ ਕਰੀਬ 5 ਫੁੱਟ 8 ਇੰਚ ਹੈ। ਇਸ ਤੋਂ ਇਲਾਵਾ ਮੋਢਿਆਂ ਦੀ ਬਣਤਰ, ਸਰੀਰਕ ਢਾਂਚੇ ਅਤੇ ਚਾਲ-ਢਾਲ ਵਿੱਚ ਵੀ ਸਪੱਸ਼ਟ ਅੰਤਰ ਸਾਹਮਣੇ ਆਏ ਹਨ।
ਭਗਵੰਤ ਮਾਨ ਨੇ ਦੋਸ਼ ਲਗਾਇਆ ਕਿ ਇਹ ਪੂਰਾ ਮਾਮਲਾ ਉਨ੍ਹਾਂ ਨੂੰ ਰਾਜਨੀਤਿਕ ਤੌਰ ‘ਤੇ ਬਦਨਾਮ ਕਰਨ ਦੀ ਇੱਕ ਸੋਚੀ-ਸਮਝੀ ਸਾਜ਼ਿਸ਼ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਝੂਠੀ ਅਤੇ ਗੁੰਮਰਾਹਕੁੰਨ ਜਾਣਕਾਰੀ ਫੈਲਾ ਕੇ ਲੋਕਾਂ ਨੂੰ ਭਰਮਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਪੰਜਾਬ ਦੇ ਡੀਜੀਪੀ ਨੂੰ ਨਿਰਦੇਸ਼ ਦਿੱਤੇ ਹਨ ਕਿ ਵੀਡੀਓ ਤਿਆਰ ਕਰਨ, ਇਸ ਨੂੰ ਸੋਸ਼ਲ ਮੀਡੀਆ ‘ਤੇ ਫੈਲਾਉਣ ਅਤੇ ਇਸ ਸਾਜ਼ਿਸ਼ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਪੰਜਾਬ ਵੀ ਸਰਗਰਮ ਨਜ਼ਰ ਆਈ। ਪਾਰਟੀ ਦੇ ਇੱਕ ਉੱਚ ਪੱਧਰੀ ਵਫ਼ਦ ਨੇ ਪੰਜਾਬ ਦੇ ਡੀਜੀਪੀ ਨਾਲ ਮੁਲਾਕਾਤ ਕਰਕੇ ਦੋਸ਼ੀਆਂ ਵਿਰੁੱਧ ਤੁਰੰਤ ਕਾਰਵਾਈ ਦੀ ਮੰਗ ਕੀਤੀ। ਇਸ ਵਫ਼ਦ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਪੰਜਾਬ ਆਪ ਦੇ ਪ੍ਰਧਾਨ ਅਮਨ ਅਰੋੜਾ, ਕਈ ਸੀਨੀਅਰ ਆਗੂ, ਵਿਧਾਇਕ ਅਤੇ ਪਾਰਟੀ ਅਹੁਦੇਦਾਰ ਸ਼ਾਮਲ ਸਨ।
ਵਫ਼ਦ ਨੇ ਕਿਹਾ ਕਿ ਫਰਜ਼ੀ ਵੀਡੀਓ ਬਣਾਉਣਾ ਅਤੇ ਉਸ ਨੂੰ ਵਾਇਰਲ ਕਰਨਾ ਨਾ ਸਿਰਫ਼ ਇੱਕ ਵਿਅਕਤੀ ਦੀ ਸਾਖ਼ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਹੈ, ਸਗੋਂ ਇਹ ਲੋਕਤੰਤਰਿਕ ਪ੍ਰਣਾਲੀ ਅਤੇ ਜਨਤਕ ਜੀਵਨ ਵਿੱਚ ਪਾਰਦਰਸ਼ਤਾ ਲਈ ਵੀ ਖ਼ਤਰਾ ਹੈ। ਪਾਰਟੀ ਨੇ ਮੰਗ ਕੀਤੀ ਕਿ ਦੋਸ਼ੀਆਂ ਦੀ ਜਲਦ ਪਛਾਣ ਕਰਕੇ ਮਿਸਾਲੀ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।
