Saturday, September 12Punjabi People

CM ਭਗਵੰਤ ਮਾਨ ਦਾ ਜਲੰਧਰ ਦੌਰਾ ਅੱਜ, ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ ਦਾ ਰੱਖਣਗੇ ਨੀਂਹ ਪੱਥਰ

ਜਲੰਧਰ, 9 ਅਗਸਤ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਐਤਵਾਰ ਨੂੰ ਜਲੰਧਰ ਦੇ ਨੌਗਾਜ਼ਾ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ ਦਾ ਨੀਂਹ ਪੱਥਰ ਰੱਖਣਗੇ। ਮੁੱਖ ਮੰਤਰੀ ਦੇ ਦੌਰੇ ਅਤੇ ਸਮਾਗਮ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ।

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਅਮਨਿੰਦਰ ਕੌਰ ਨੇ ਮੁੱਖ ਮੰਤਰੀ ਦੇ ਸੰਭਾਵਿਤ ਦੌਰੇ ਦੇ ਮੱਦੇਨਜ਼ਰ ਹੁਕਮ ਜਾਰੀ ਕਰਦਿਆਂ ਬੱਲਾਂ ਪਿੰਡ ਦੇ ਲੈਂਡਿੰਗ ਪੁਆਇੰਟ ਦੇ ਆਲੇ-ਦੁਆਲੇ ਦੇ ਇਲਾਕੇ, ਬੱਲਾਂ ਤੋਂ ਨੌਗਾਜ਼ਾ ਨੂੰ ਜਾਣ ਵਾਲੇ ਰਸਤੇ ਅਤੇ ਨੌਗਾਜ਼ਾ ਵਿਖੇ ਸਮਾਗਮ ਵਾਲੀ ਥਾਂ ਨੂੰ ਨੋ-ਫਲਾਈ ਜ਼ੋਨ ਐਲਾਨਿਆ ਹੈ।

ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ ਇਨ੍ਹਾਂ ਖੇਤਰਾਂ ਵਿੱਚ ਬਿਨਾਂ ਪੂਰਵ ਮਨਜ਼ੂਰੀ ਦੇ ਡਰੋਨ, ਯੂਏਵੀ, ਗਲਾਈਡਰ ਜਾਂ ਕਿਸੇ ਵੀ ਕਿਸਮ ਦੇ ਰਿਮੋਟ-ਕੰਟਰੋਲ ਜਹਾਜ਼ ਉਡਾਉਣ ’ਤੇ ਪਾਬੰਦੀ ਰਹੇਗੀ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੇ ਗਏ ਹਨ।

25 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਤ ਹੋਵੇਗਾ ਅਧਿਐਨ ਕੇਂਦਰ

ਜਾਣਕਾਰੀ ਅਨੁਸਾਰ ਲਗਭਗ 25 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਪ੍ਰੋਜੈਕਟ ਪਿਛਲੇ ਕਰੀਬ ਪੰਜ ਸਾਲਾਂ ਤੋਂ ਲਟਕਿਆ ਹੋਇਆ ਸੀ, ਜਿਸ ਨੂੰ ਹੁਣ ਅੱਗੇ ਵਧਾਇਆ ਜਾ ਰਿਹਾ ਹੈ। ਪ੍ਰੋਜੈਕਟ ਤਹਿਤ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ, ਵਿਚਾਰਧਾਰਾ ਅਤੇ ਅਧਿਆਤਮਿਕ ਵਿਰਾਸਤ ਨਾਲ ਸਬੰਧਤ ਅਧਿਐਨ ਅਤੇ ਖੋਜ ਲਈ ਕੇਂਦਰ ਵਿਕਸਤ ਕੀਤਾ ਜਾਣਾ ਹੈ।

ਇਹ ਅਧਿਐਨ ਕੇਂਦਰ ਡੇਰਾ ਸੱਚਖੰਡ ਬੱਲਾਂ ਦੀ ਥੀਮ ਨੂੰ ਧਿਆਨ ਵਿੱਚ ਰੱਖਦਿਆਂ ਤਿਆਰ ਕੀਤੇ ਜਾਣ ਦੀ ਜਾਣਕਾਰੀ ਹੈ। ਪ੍ਰੋਜੈਕਟ ਲਈ ਪਹਿਲੀ ਕਿਸ਼ਤ ਵਜੋਂ ਕਰੀਬ 6.25 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ।

ਰਵਿਦਾਸੀਆ ਭਾਈਚਾਰੇ ਲਈ ਅਹਿਮ ਪ੍ਰੋਜੈਕਟ

ਸ੍ਰੀ ਗੁਰੂ ਰਵਿਦਾਸ ਜੀ ਨਾਲ ਸਬੰਧਤ ਇਸ ਪ੍ਰੋਜੈਕਟ ਨੂੰ ਧਾਰਮਿਕ ਅਤੇ ਸੱਭਿਆਚਾਰਕ ਪੱਖੋਂ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਅਧਿਐਨ ਕੇਂਦਰ ਦੇ ਨਿਰਮਾਣ ਨਾਲ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ, ਸਿੱਖਿਆਵਾਂ ਅਤੇ ਸਮਾਜਿਕ ਸੰਦੇਸ਼ ਨੂੰ ਵਧੇਰੇ ਵਿਆਪਕ ਪੱਧਰ ’ਤੇ ਸਮਝਣ ਅਤੇ ਅਧਿਐਨ ਕਰਨ ਲਈ ਇੱਕ ਵਿਸ਼ੇਸ਼ ਮੰਚ ਉਪਲਬਧ ਹੋਣ ਦੀ ਉਮੀਦ ਹੈ।

ਇਸ ਪ੍ਰੋਜੈਕਟ ਨੂੰ ਲੈ ਕੇ ਸਿਆਸੀ ਪੱਧਰ ’ਤੇ ਵੀ ਚਰਚਾ ਤੇਜ਼ ਹੈ। ਪੰਜਾਬ ਵਿੱਚ ਅਗਾਮੀ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਦਲਿਤ ਅਤੇ ਰਵਿਦਾਸੀਆ ਭਾਈਚਾਰੇ ਨਾਲ ਜੁੜੇ ਮੁੱਦਿਆਂ ਅਤੇ ਪ੍ਰੋਜੈਕਟਾਂ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।

ਪਹਿਲਾਂ ਵੀ ਕਈ ਅਹਿਮ ਕਦਮ ਚੁੱਕੇ ਗਏ

ਸ੍ਰੀ ਗੁਰੂ ਰਵਿਦਾਸ ਜੀ ਨਾਲ ਸਬੰਧਤ ਪ੍ਰੋਜੈਕਟਾਂ ਨੂੰ ਲੈ ਕੇ ਵੱਖ-ਵੱਖ ਸਰਕਾਰਾਂ ਵੱਲੋਂ ਪਹਿਲਾਂ ਵੀ ਕਦਮ ਚੁੱਕੇ ਜਾਣ ਦਾ ਜ਼ਿਕਰ ਕੀਤਾ ਜਾ ਰਿਹਾ ਹੈ। ਇਸੇ ਕੜੀ ਵਿੱਚ ਜਲੰਧਰ ਹਵਾਈ ਅੱਡੇ ਦਾ ਨਾਮ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਮ ’ਤੇ ਰੱਖਣ ਅਤੇ ਡੇਰਾ ਬੱਲਾਂ ਦੇ ਮੁਖੀ ਸੰਤ ਨਿਰੰਜਣ ਦਾਸ ਨੂੰ ਪਦਮ ਸ਼੍ਰੀ ਸਨਮਾਨ ਮਿਲਣ ਵਰਗੇ ਮਾਮਲੇ ਵੀ ਚਰਚਾ ਵਿੱਚ ਰਹੇ ਹਨ।

ਹੁਣ ਪੰਜਾਬ ਸਰਕਾਰ ਵੱਲੋਂ ਨੌਗਾਜ਼ਾ ਵਿੱਚ ਬਾਣੀ ਅਧਿਐਨ ਕੇਂਦਰ ਦੀ ਸਥਾਪਨਾ ਨੂੰ ਭਾਈਚਾਰੇ ਲਈ ਇੱਕ ਹੋਰ ਮਹੱਤਵਪੂਰਨ ਪਹਿਲ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। मुख्यमंत्री ਭਗਵੰਤ ਮਾਨ ਵੱਲੋਂ ਨੀਂਹ ਪੱਥਰ ਰੱਖੇ ਜਾਣ ਨਾਲ ਇਸ ਪ੍ਰੋਜੈਕਟ ਦੇ ਨਿਰਮਾਣ ਕਾਰਜ ਨੂੰ ਰਸਮੀ ਤੌਰ ’ਤੇ ਅੱਗੇ ਵਧਾਉਣ ਦਾ ਰਾਹ ਖੁੱਲ੍ਹੇਗਾ।

Leave a Reply

Your email address will not be published. Required fields are marked *