Saturday, September 12Punjabi People

ਨਾਗਰਿਕ m-Seva ਐਪ ਰਾਹੀਂ ਕੂੜਾ-ਕਰਕਟ ਵਾਲੀਆਂ ਥਾਵਾਂ ਦੀਆਂ ਤਸਵੀਰਾਂ ਅਪਲੋਡ ਕਰ ਸਕਣਗੇ: ਹਰਜੋਤ ਸਿੰਘ ਬੈਂਸ

ਨੰਗਲ, 30 ਅਗਸਤ 2026: ਪੰਜਾਬ ਨੂੰ ਸਾਫ਼-ਸੁਥਰਾ ਅਤੇ ਕੂੜਾ-ਕਰਕਟ ਮੁਕਤ ਬਣਾਉਣ ਦੇ ਉਦੇਸ਼ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ‘ਮਿਸ਼ਨ ਸਾਫ਼ ਪੰਜਾਬ’ ਨੂੰ ਹੋਰ ਮਜ਼ਬੂਤੀ ਦੇਣ ਲਈ ਸੂਬੇ ਭਰ ਵਿੱਚ 10 ਦਿਨਾਂ ਦੀ ਵਿਸ਼ੇਸ਼ ਸਫਾਈ ਮੁਹਿੰਮ ਸ਼ੁਰੂ ਕੀਤੀ ਗਈ ਹੈ। ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਨੰਗਲ ਤੋਂ ਇਸ ਰਾਜ ਪੱਧਰੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਸੂਬੇ ਵਿੱਚ ਮੌਜੂਦ ਸਾਰੇ ਕੂੜਾ-ਕਰਕਟ ਪ੍ਰਭਾਵਿਤ ਸਥਾਨਾਂ (Garbage Vulnerable Points – GVPs) ਨੂੰ ਖ਼ਤਮ ਕਰਨ ਦਾ ਟੀਚਾ ਰੱਖਿਆ ਹੈ।

29 ਅਗਸਤ ਤੋਂ 7 ਸਤੰਬਰ ਤੱਕ ਚੱਲਣ ਵਾਲੀ ਇਸ ਵਿਸ਼ੇਸ਼ ਮੁਹਿੰਮ ਵਿੱਚ ਸਫਾਈ ਕਰਮਚਾਰੀਆਂ, ਸਥਾਨਕ ਕੌਂਸਲਰਾਂ, ਲੋਕ ਪ੍ਰਤੀਨਿਧੀਆਂ ਅਤੇ ਸ਼ਹਿਰ ਵਾਸੀਆਂ ਵੱਲੋਂ ਸਰਗਰਮ ਭਾਗੀਦਾਰੀ ਕੀਤੀ ਜਾ ਰਹੀ ਹੈ। ਮੁਹਿੰਮ ਦਾ ਮੁੱਖ ਮਕਸਦ ਜਨਤਕ ਭਾਗੀਦਾਰੀ ਰਾਹੀਂ ਸ਼ਹਿਰਾਂ ਅਤੇ ਕਸਬਿਆਂ ਨੂੰ ਸਾਫ਼-ਸੁਥਰਾ ਬਣਾਉਣਾ ਅਤੇ ਖੁੱਲ੍ਹੇ ਵਿੱਚ ਕੂੜਾ ਸੁੱਟਣ ਦੀ ਸਮੱਸਿਆ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਖ਼ਤਮ ਕਰਨਾ ਹੈ।

ਮੁਹਿੰਮ ਦੀ ਸ਼ੁਰੂਆਤ ਮੌਕੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਰਕਾਰ ਵੱਲੋਂ ਕੂੜਾ ਪ੍ਰਬੰਧਨ ਨੂੰ ਬਿਹਤਰ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਇਸ ਵਿਸ਼ੇਸ਼ ਮੁਹਿੰਮ ਰਾਹੀਂ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰਾਂ ਅਤੇ ਕਸਬਿਆਂ ਵਿੱਚ ਖੁੱਲ੍ਹੇਆਮ ਕੂੜਾ ਸੁੱਟਣ ਜਾਂ ਡੰਪ ਕਰਨ ਵਾਲੇ ਸੰਵੇਦਨਸ਼ੀਲ ਸਥਾਨਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸਾਫ਼ ਕੀਤਾ ਜਾਵੇਗਾ ਅਤੇ ਭਵਿੱਖ ਵਿੱਚ ਉਨ੍ਹਾਂ ਥਾਵਾਂ ’ਤੇ ਮੁੜ ਕੂੜਾ ਇਕੱਠਾ ਨਾ ਹੋਵੇ, ਇਸ ਲਈ ਵੀ ਢੁਕਵੇਂ ਪ੍ਰਬੰਧ ਕੀਤੇ ਜਾਣਗੇ।

ਸ੍ਰੀ ਬੈਂਸ ਨੇ ਕਿਹਾ ਕਿ ਪੰਜਾਬ ਗੁਰੂਆਂ ਅਤੇ ਸੰਤਾਂ ਦੀ ਪਵਿੱਤਰ ਧਰਤੀ ਹੈ ਅਤੇ ਇਸ ਧਰਤੀ ਨੂੰ ਸਾਫ਼-ਸੁਥਰਾ, ਸੁੰਦਰ ਅਤੇ ਪ੍ਰਦੂਸ਼ਣ ਮੁਕਤ ਰੱਖਣਾ ਸਿਰਫ਼ ਸਰਕਾਰ ਦੀ ਨਹੀਂ, ਸਗੋਂ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ-ਦੁਆਲੇ ਸਫਾਈ ਬਣਾਈ ਰੱਖਣ ਅਤੇ ਕੂੜੇ ਨੂੰ ਨਿਰਧਾਰਤ ਥਾਵਾਂ ’ਤੇ ਹੀ ਸੁੱਟਣ।

ਹਰ ਸਵੇਰੇ ਮੈਦਾਨ ਵਿੱਚ ਉਤਰਣਗੇ ਅਧਿਕਾਰੀ ਤੇ ਲੋਕ ਪ੍ਰਤੀਨਿਧੀ

ਸਥਾਨਕ ਸਰਕਾਰਾਂ ਮੰਤਰੀ ਨੇ ਦੱਸਿਆ ਕਿ ਮੁਹਿੰਮ ਦੇ ਅਗਲੇ 10 ਦਿਨਾਂ ਦੌਰਾਨ ਵਿਧਾਇਕਾਂ, ਡਿਪਟੀ ਕਮਿਸ਼ਨਰਾਂ, ਨਗਰ ਨਿਗਮ ਕਮਿਸ਼ਨਰਾਂ, ਵਧੀਕ ਡਿਪਟੀ ਕਮਿਸ਼ਨਰਾਂ, ਕਾਰਜਕਾਰੀ ਅਧਿਕਾਰੀਆਂ, ਕੌਂਸਲਰਾਂ, ਗੈਰ-ਸਰਕਾਰੀ ਸੰਗਠਨਾਂ ਅਤੇ ਹੋਰ ਸਬੰਧਤ ਧਿਰਾਂ ਵੱਲੋਂ ਸਰਗਰਮੀ ਨਾਲ ਭਾਗ ਲਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਸਬੰਧਤ ਅਧਿਕਾਰੀ ਅਤੇ ਲੋਕ ਪ੍ਰਤੀਨਿਧੀ ਹਰ ਰੋਜ਼ ਸਵੇਰੇ ਜ਼ਮੀਨੀ ਪੱਧਰ ’ਤੇ ਮੌਜੂਦ ਰਹਿਣਗੇ ਅਤੇ ਆਪਣੇ-ਆਪਣੇ ਇਲਾਕਿਆਂ ਵਿੱਚ ਕੂੜੇ ਦੇ ਸੰਵੇਦਨਸ਼ੀਲ ਸਥਾਨਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਤੁਰੰਤ ਸਾਫ਼ ਕਰਵਾਉਣਗੇ। ਇਸ ਦੇ ਨਾਲ ਹੀ ਸਫਾਈ ਕਾਰਜਾਂ ਦੀ ਪ੍ਰਗਤੀ ’ਤੇ ਵੀ ਨਜ਼ਰ ਰੱਖੀ ਜਾਵੇਗੀ।

m-Seva ਐਪ ਰਾਹੀਂ ਲੋਕ ਵੀ ਕਰ ਸਕਣਗੇ ਸ਼ਿਕਾਇਤ

ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਆਮ ਲੋਕਾਂ ਦੀ ਭੂਮਿਕਾ ਬੇਹੱਦ ਅਹਿਮ ਹੈ। ਨਾਗਰਿਕ ਆਪਣੇ ਇਲਾਕੇ ਵਿੱਚ ਕੂੜੇ ਦੇ ਸੰਵੇਦਨਸ਼ੀਲ ਜਾਂ ਪ੍ਰਭਾਵਿਤ ਸਥਾਨਾਂ ਦੀਆਂ ਤਸਵੀਰਾਂ ਪੰਜਾਬ ਸਰਕਾਰ ਦੇ m-Seva ਐਪ ’ਤੇ ਅਪਲੋਡ ਕਰਕੇ ਉਨ੍ਹਾਂ ਦੀ ਰਿਪੋਰਟ ਕਰ ਸਕਣਗੇ।

ਉਨ੍ਹਾਂ ਦੱਸਿਆ ਕਿ ਐਪ ਰਾਹੀਂ ਦਰਜ ਕੀਤੀ ਜਾਣ ਵਾਲੀ ਹਰ ਸ਼ਿਕਾਇਤ ਲਈ ਇੱਕ ਵਿਲੱਖਣ ਆਈਡੀ ਜਾਰੀ ਕੀਤੀ ਜਾਵੇਗੀ। ਇਸ ਦੀ ਮਦਦ ਨਾਲ ਸ਼ਿਕਾਇਤਕਰਤਾ ਆਪਣੀ ਸ਼ਿਕਾਇਤ ਦੀ ਸਥਿਤੀ ਨੂੰ ਟਰੈਕ ਕਰ ਸਕੇਗਾ ਅਤੇ ਇਹ ਵੀ ਪਤਾ ਲਗਾਇਆ ਜਾ ਸਕੇਗਾ ਕਿ ਸਬੰਧਤ ਥਾਂ ਦੀ ਸਫਾਈ ਲਈ ਕਦੋਂ ਅਤੇ ਕੀ ਕਾਰਵਾਈ ਕੀਤੀ ਗਈ ਹੈ।

GVPs ਨੂੰ ਸਥਾਈ ਤੌਰ ’ਤੇ ਖ਼ਤਮ ਕਰਨ ’ਤੇ ਜ਼ੋਰ

ਮੰਤਰੀ ਨੇ ਕਿਹਾ ਕਿ ਪੰਜਾਬ ਦੇ ਕਈ ਵੱਡੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਪਹਿਲਾਂ ਹੀ ਕੂੜਾ ਇਕੱਠਾ ਹੋਣ ਵਾਲੇ ਸੰਵੇਦਨਸ਼ੀਲ ਸਥਾਨਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ। ਇਸ ਵਿਸ਼ੇਸ਼ ਮੁਹਿੰਮ ਦੌਰਾਨ ਇਨ੍ਹਾਂ ਸਥਾਨਾਂ ਦੀ ਸਿਰਫ਼ ਸਫਾਈ ਹੀ ਨਹੀਂ ਕੀਤੀ ਜਾਵੇਗੀ, ਸਗੋਂ ਉਨ੍ਹਾਂ ਨੂੰ ਮੁੜ ਕੂੜੇ ਦੇ ਡੰਪਿੰਗ ਸਥਾਨ ਬਣਨ ਤੋਂ ਰੋਕਣ ਲਈ ਸਥਾਈ ਹੱਲ ’ਤੇ ਵੀ ਧਿਆਨ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਸਰਕਾਰੀ ਵਿਭਾਗਾਂ, ਸਥਾਨਕ ਸੰਸਥਾਵਾਂ, ਸਫਾਈ ਕਰਮਚਾਰੀਆਂ, ਗੈਰ-ਸਰਕਾਰੀ ਸੰਗਠਨਾਂ ਅਤੇ ਆਮ ਲੋਕਾਂ ਦੇ ਸਾਂਝੇ ਯਤਨਾਂ ਨਾਲ ਇਨ੍ਹਾਂ ਥਾਵਾਂ ਨੂੰ ਯੋਜਨਾਬੱਧ ਤਰੀਕੇ ਨਾਲ ਖ਼ਤਮ ਕੀਤਾ ਜਾਵੇਗਾ।

‘ਇਹ ਸਿਰਫ਼ ਸਰਕਾਰੀ ਮੁਹਿੰਮ ਨਹੀਂ, ਲੋਕ ਲਹਿਰ ਹੈ’

ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ‘ਮਿਸ਼ਨ ਸਾਫ਼ ਪੰਜਾਬ’ ਸਿਰਫ਼ ਇੱਕ ਸਰਕਾਰੀ ਮੁਹਿੰਮ ਨਹੀਂ, ਬਲਕਿ ਇਸ ਨੂੰ ਲੋਕ ਲਹਿਰ ਵਿੱਚ ਬਦਲਣ ਦੀ ਲੋੜ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਇਲਾਕਿਆਂ ਵਿੱਚ ਹੋ ਰਹੀਆਂ ਸਫਾਈ ਗਤੀਵਿਧੀਆਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਅਤੇ ਹੋਰਨਾਂ ਨੂੰ ਵੀ ਸਫਾਈ ਪ੍ਰਤੀ ਜਾਗਰੂਕ ਕਰਨ।

ਉਨ੍ਹਾਂ ਸਫਾਈ ਕਰਮਚਾਰੀਆਂ ਦੀ ਮਿਹਨਤ ਅਤੇ ਸਮਰਪਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕਰਮਚਾਰੀ ਸ਼ਹਿਰਾਂ ਅਤੇ ਕਸਬਿਆਂ ਨੂੰ ਸਾਫ਼ ਰੱਖਣ ਲਈ ਦਿਨ-ਰਾਤ ਮਿਹਨਤ ਕਰਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਫਾਈ ਕਰਮਚਾਰੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਗੈਰ-ਜ਼ਿੰਮੇਵਾਰਾਨਾ ਢੰਗ ਨਾਲ ਕੂੜਾ ਸੁੱਟਣ ਕਾਰਨ ਉਨ੍ਹਾਂ ਦੀ ਮਿਹਨਤ ਵਿਅਰਥ ਨਾ ਜਾਵੇ।

ਮੰਤਰੀ ਨੇ ਨਾਗਰਿਕਾਂ ਨੂੰ m-Seva ਐਪ ਡਾਊਨਲੋਡ ਕਰਕੇ ਇਸ ਦੀ ਵਰਤੋਂ ਕਰਨ, ਕੂੜੇ ਵਾਲੇ ਸੰਵੇਦਨਸ਼ੀਲ ਸਥਾਨਾਂ ਦੀ ਰਿਪੋਰਟ ਕਰਨ ਅਤੇ ਆਪਣੇ ਆਲੇ-ਦੁਆਲੇ ਸਫਾਈ ਬਣਾਈ ਰੱਖਣ ਵਿੱਚ ਸਰਗਰਮ ਯੋਗਦਾਨ ਪਾਉਣ ਦੀ ਅਪੀਲ ਕੀਤੀ।

ਵਿਸ਼ੇਸ਼ ਟੀਮਾਂ ਰਾਹੀਂ ਹੋਵੇਗੀ ਮੁਹਿੰਮ ਦੀ ਨਿਗਰਾਨੀ

ਸ੍ਰੀ ਬੈਂਸ ਨੇ ਦੱਸਿਆ ਕਿ ਪੂਰੀ ਮੁਹਿੰਮ ਦੀ ਨਿਗਰਾਨੀ ਲਈ ਸਮਰਪਿਤ ਮਾਨੀਟਰਿੰਗ ਪ੍ਰਣਾਲੀ ਤਿਆਰ ਕੀਤੀ ਗਈ ਹੈ। ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਵਿੱਚ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, ਜੋ ਕੂੜੇ ਦੇ ਸੰਵੇਦਨਸ਼ੀਲ ਸਥਾਨਾਂ ਦੀ ਪਛਾਣ, ਸਫਾਈ ਅਤੇ ਮੁਹਿੰਮ ਦੀ ਪ੍ਰਗਤੀ ਦੀ ਨਿਗਰਾਨੀ ਕਰਨਗੀਆਂ।

ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਸਿਰਫ਼ 10 ਦਿਨਾਂ ਲਈ ਸਫਾਈ ਕਰਨਾ ਨਹੀਂ, ਸਗੋਂ ਕੂੜਾ-ਕਰਕਟ ਦੇ ਪ੍ਰਬੰਧਨ ਲਈ ਇੱਕ ਸਥਾਈ ਅਤੇ ਪ੍ਰਭਾਵਸ਼ਾਲੀ ਪ੍ਰਣਾਲੀ ਵਿਕਸਤ ਕਰਨਾ ਹੈ, ਤਾਂ ਜੋ ਪੰਜਾਬ ਦੇ ਸ਼ਹਿਰਾਂ ਅਤੇ ਕਸਬਿਆਂ ਨੂੰ ਲੰਬੇ ਸਮੇਂ ਲਈ ਸਾਫ਼-ਸੁਥਰਾ ਅਤੇ ਸੁੰਦਰ ਬਣਾਇਆ ਜਾ ਸਕੇ।

Leave a Reply

Your email address will not be published. Required fields are marked *