Wednesday, July 29Punjabi People

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡਿਪਟੀ ਕਮਿਸ਼ਨਰਾਂ ਨੂੰ ਹੜ੍ਹ ਰੋਕਥਾਮ ਦੇ ਕੰਮ ਨਿਰਧਾਰਤ ਸਮੇਂ ਤੋਂ ਪਹਿਲਾਂ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ; ਕਿਹਾ ਕਿ ਸਰਕਾਰ ਹਰ ਹਾਲਤ ਵਿੱਚ ਲੋਕਾਂ ਦੇ ਨਾਲ ਖੜ੍ਹੀ ਹੈ

ਚੰਡੀਗੜ੍ਹ, 25 ਅਪ੍ਰੈਲ 2026: ਆਉਣ ਵਾਲੇ ਮਾਨਸੂਨ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡਿਪਟੀ ਕਮਿਸ਼ਨਰਾਂ ਨੂੰ ਹੜ੍ਹ ਸੁਰੱਖਿਆ ਨਾਲ ਸੰਬੰਧਿਤ ਸਾਰੇ ਕੰਮ ਨਿਰਧਾਰਤ ਸਮੇਂ ਅੰਦਰ ਮੁਕੰਮਲ ਕਰਨ ਦੇ ਹੁਕਮ ਦਿੱਤੇ ਹਨ ਅਤੇ ਕਿਸੇ ਵੀ ਲਾਪਰਵਾਹੀ ਲਈ ਨਿੱਜੀ ਜਵਾਬਦੇਹੀ ਤੈਅ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ। ਉੱਚ ਪੱਧਰੀ ਸਮੀਖਿਆ ਮੀਟਿੰਗ ਦੌਰਾਨ ਉਨ੍ਹਾਂ ਨਾਲਿਆਂ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਤੁਰੰਤ ਡੀ-ਸਿਲਟਿੰਗ, ਪ੍ਰਦੂਸ਼ਣ ਰੋਕਥਾਮ ਉਪਾਵਾਂ ਨੂੰ ਤੇਜ਼ ਕਰਨ ਅਤੇ ਬਾਕੀ ਬਚੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟ ਜਲਦੀ ਪੂਰੇ ਕਰਨ ਦੇ ਨਿਰਦੇਸ਼ ਜਾਰੀ ਕੀਤੇ।

ਮੁੱਖ ਮੰਤਰੀ ਦੇ ਨਾਲ ਮੌਜੂਦ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵੀ ਹੜ੍ਹ ਸੁਰੱਖਿਆ ਕਾਰਜਾਂ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਮਾਸਟਰ ਪਲਾਨ ਤਿਆਰ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਡਰੇਨਾਂ ਅਤੇ ਦਰਿਆਵਾਂ ਲਈ ਯੋਜਨਾਵਾਂ ਸਿੰਚਾਈ ਵਿਭਾਗ ਦੇ ਇੰਜਨੀਅਰਾਂ ਨਾਲ ਮਿਲ ਕੇ ਬਣਾਈਆਂ ਜਾਣ ਤਾਂ ਜੋ ਨਿਯਮਤ ਤੌਰ ‘ਤੇ ਸਫ਼ਾਈ, ਡੀ-ਸਿਲਟਿੰਗ ਅਤੇ ਮਜ਼ਬੂਤੀ ਯਕੀਨੀ ਬਣ ਸਕੇ।

ਉਨ੍ਹਾਂ ਕਿਹਾ ਕਿ ਇਹ ਉਪਰਾਲੇ ਮਾਨਸੂਨ ਦੌਰਾਨ ਲੋਕਾਂ ਨੂੰ ਹੜ੍ਹਾਂ ਤੋਂ ਬਚਾਉਣ ਵਿੱਚ ਮਦਦਗਾਰ ਸਾਬਤ ਹੋਣਗੇ ਅਤੇ ਹਰ ਅਧਿਕਾਰੀ ਨੂੰ ਇਸ ਲਈ ਨਿੱਜੀ ਤੌਰ ‘ਤੇ ਜ਼ਿੰਮੇਵਾਰ ਬਣਾਇਆ ਜਾਵੇਗਾ। ਗਿੱਦੜਪਿੰਡੀ ਰੇਲਵੇ ਪੁਲ ਸਮੇਤ ਹੋਰ ਸੰਵੇਦਨਸ਼ੀਲ ਥਾਵਾਂ ਦੀ ਤੁਰੰਤ ਸਫ਼ਾਈ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ।

ਬੁੱਢੇ ਨਾਲੇ ਦੀ ਸਫ਼ਾਈ ਬਾਰੇ ਉਨ੍ਹਾਂ ਦੱਸਿਆ ਕਿ ਲੁਧਿਆਣਾ ਸ਼ਹਿਰ ਦੇ ਸ਼ੁਰੂਆਤੀ ਹਿੱਸੇ ਤੱਕ ਪਾਣੀ ਨੂੰ ਸਾਫ਼ ਕੀਤਾ ਜਾ ਚੁੱਕਾ ਹੈ ਅਤੇ ਅੱਗੇ ਦਾ ਕੰਮ ਜਾਰੀ ਹੈ। ਡੇਅਰੀਆਂ ਤੋਂ ਨਾਲੇ ਵਿੱਚ ਜਾਣ ਵਾਲੇ ਗੋਹੇ ‘ਤੇ ਸਖ਼ਤ ਨਿਗਰਾਨੀ ਰੱਖਣ ਅਤੇ ਨਗਰ ਨਿਗਮ ਵੱਲੋਂ ਇਸ ਦੀ ਸਮੇਂ-ਸਿਰ ਉਠਾਈ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ, ਜਦਕਿ ਡੇਅਰੀ ਮਾਲਕਾਂ ਨੂੰ ਵੀ ਸਹਿਯੋਗ ਦੀ ਅਪੀਲ ਕੀਤੀ ਗਈ ਹੈ।

ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਦੀ ਸਮੀਖਿਆ ਕਰਦਿਆਂ ਉਨ੍ਹਾਂ ਨੇ ਹੇਬੋਵਾਲ ਵਿਖੇ ਸੀ.ਬੀ.ਜੀ. ਪਲਾਂਟ ਜਲਦੀ ਚਾਲੂ ਕਰਨ ਅਤੇ ਤਾਜਪੁਰ ਵਿੱਚ ਪ੍ਰਸਤਾਵਿਤ ਪਲਾਂਟ ਲਈ 2.5 ਏਕੜ ਜ਼ਮੀਨ ਦੇ ਮਾਮਲੇ ਨੂੰ ਇੱਕ ਹਫ਼ਤੇ ਅੰਦਰ ਅੰਤਿਮ ਰੂਪ ਦੇਣ ਲਈ ਕਿਹਾ। ਉਦਯੋਗਿਕ ਗੰਦੇ ਪਾਣੀ ਦੀ ਸਹੀ ਟਰੀਟਮੈਂਟ ਯਕੀਨੀ ਬਣਾਉਣ ਅਤੇ ਡਰੇਨਾਂ ਵਿੱਚ ਪ੍ਰਦੂਸ਼ਿਤ ਪਾਣੀ ਛੱਡਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੀ ਹਦਾਇਤ ਵੀ ਦਿੱਤੀ ਗਈ।

ਪਾਣੀ ਦੇ ਵਹਾਅ ਅਤੇ ਪ੍ਰਦੂਸ਼ਣ ਕੰਟਰੋਲ ਸੰਬੰਧੀ ਉਨ੍ਹਾਂ ਨੇ ਸਿੰਬਲੀ ਵਿਖੇ ਰੈਗੂਲੇਟਰ ਚਾਲੂ ਕਰਕੇ ਚਿੱਟੀ ਵੇਈਂ ਵਿੱਚ 200 ਕਿਊਸਿਕ ਪਾਣੀ ਛੱਡਣ, ਜਲੰਧਰ ਦੇ ਰਾਸ਼ਟਰੀ ਰਾਜਮਾਰਗ-44 ਉੱਤੇ ਪੁਲੀਆਂ ਵਿੱਚ ਤਕਨੀਕੀ ਸੁਧਾਰ ਕਰਨ ਅਤੇ ਕਾਲਾ ਸੰਘਿਆਂ ਡਰੇਨ ਵਿੱਚ ਪ੍ਰਦੂਸ਼ਣ ਘਟਾਉਣ ਲਈ ਬਿਸਤ ਦੁਆਬ ਨਹਿਰ ਤੋਂ 100 ਕਿਊਸਿਕ ਪਾਣੀ ਛੱਡਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਸਟੋਨ ਲਾਈਨਿੰਗ ਦਾ ਕੰਮ ਮੁਕੰਮਲ ਹੋ ਚੁੱਕਾ ਹੈ।

ਮੁੱਖ ਮੰਤਰੀ ਨੇ ਡੇਅਰੀ ਕਚਰੇ ਨੂੰ ਨਾਲੀਆਂ ਵਿੱਚ ਸੁੱਟਣ ‘ਤੇ ਸਖ਼ਤ ਰੋਕ ਲਗਾਉਣ ਅਤੇ ਇਸ ਦੀ ਕੜੀ ਨਿਗਰਾਨੀ ਕਰਨ ਦੇ ਹੁਕਮ ਦਿੱਤੇ। ਸਤਲੁਜ ਦਰਿਆ ਨਾਲ ਜੁੜੇ ਧੁੱਸੀ ਬੰਨ੍ਹ ਸੜਕ ਪ੍ਰਾਜੈਕਟ ਦਾ ਮਾਮਲਾ ਕੇਂਦਰ ਸਰਕਾਰ ਕੋਲ ਉਠਾਉਣ ਦੀ ਗੱਲ ਵੀ ਕੀਤੀ ਗਈ, ਜਿਸਨੂੰ ਨਾਬਾਰਡ ਦੇ ਸਹਿਯੋਗ ਨਾਲ 117.75 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਕੀਤਾ ਜਾਵੇਗਾ।

ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਉੱਤੇ ਮੁੱਖ ਮੰਤਰੀ ਨੇ ਲਿਖਿਆ ਕਿ ਲੁਧਿਆਣਾ ਦੇ ਬੁੱਢੇ ਨਾਲੇ, ਕਾਲਾ ਸੰਘਿਆਂ ਡਰੇਨ ਅਤੇ ਸਤਲੁਜ ਦੇ ਧੁੱਸੀ ਬੰਨ੍ਹ ਦੀ ਸਫ਼ਾਈ ਸਬੰਧੀ ਜਲੰਧਰ ਅਤੇ ਲੁਧਿਆਣਾ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ।

ਉਨ੍ਹਾਂ ਕਿਹਾ ਕਿ ਸਤਲੁਜ ਅਤੇ ਹੋਰ ਮੌਸਮੀ ਨਦੀਆਂ ਦੇ ਕਮਜ਼ੋਰ ਬੰਨ੍ਹਾਂ ਨੂੰ ਮਜ਼ਬੂਤ ਕਰਨ ਅਤੇ ਬੁੱਢੇ ਨਾਲੇ ਲਈ ਐਸ.ਟੀ.ਪੀ. ਪ੍ਰਾਜੈਕਟਾਂ ਨੂੰ ਜਲਦੀ ਪੂਰਾ ਕਰਨ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਸਪੱਸ਼ਟ ਸੁਧਾਰ ਵੇਖਣ ਨੂੰ ਮਿਲਣਗੇ ਅਤੇ ਸਰਕਾਰ ਹਰ ਹਾਲਤ ਵਿੱਚ ਲੋਕਾਂ ਦੇ ਨਾਲ ਖੜ੍ਹੀ ਹੈ।

Leave a Reply

Your email address will not be published. Required fields are marked *