
ਚੰਡੀਗੜ੍ਹ, 31 ਮਈ 2026: ਚੰਡੀਗੜ੍ਹ ਦੇ ਬੁੜੈਲ ਪਿੰਡ ਵਿੱਚ ਹੋਏ ਭਿਆਨਕ LPG ਸਿਲੰਡਰ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਦੋ ਹੋ ਗਈ ਹੈ। ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਮੁਕੇਸ਼ ਨੇ ਐਤਵਾਰ ਨੂੰ ਸੈਕਟਰ-32 ਸਥਿਤ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (GMCH-32) ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ। ਮੁਕੇਸ਼ ਬਿਹਾਰ ਦੇ ਲਖੀਸਰਾਏ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਅਤੇ ਧਮਾਕੇ ਦੌਰਾਨ 60 ਫੀਸਦੀ ਤੋਂ ਵੱਧ ਝੁਲਸ ਗਿਆ ਸੀ।
ਇਸ ਤੋਂ ਪਹਿਲਾਂ ਇਸੇ ਹਾਦਸੇ ਵਿੱਚ ਗੰਭੀਰ ਜ਼ਖਮੀ ਹੋਏ ਮੁੰਨਾ ਦੀ ਵੀ ਇਲਾਜ ਦੌਰਾਨ ਮੌਤ ਹੋ ਚੁੱਕੀ ਹੈ। ਹਾਲਾਂਕਿ ਇੱਕ ਹੋਰ ਜ਼ਖਮੀ ਗੋਪੀ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ ਅਤੇ ਉਹ ਵੈਂਟੀਲੇਟਰ ਸਹਾਇਤਾ ‘ਤੇ ਇਲਾਜ ਅਧੀਨ ਹੈ। ਡਾਕਟਰਾਂ ਦੀ ਟੀਮ ਉਸਦੀ ਜਾਨ ਬਚਾਉਣ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ 25 ਮਈ ਦੀ ਸ਼ਾਮ ਕਰੀਬ 6 ਵਜੇ ਚੰਡੀਗੜ੍ਹ ਦੇ ਸੈਕਟਰ-45 ਅਧੀਨ ਪੈਂਦੇ ਬੁੜੈਲ ਪਿੰਡ ਵਿੱਚ ਕਿਲਾ ਸਾਹਿਬ ਗੁਰਦੁਆਰੇ ਦੇ ਨੇੜੇ ਸਥਿਤ ਇੱਕ ਡਿਪਾਰਟਮੈਂਟਲ ਸਟੋਰ ਵਿੱਚ ਰੱਖੇ ਤਿੰਨ LPG ਸਿਲੰਡਰ ਅਚਾਨਕ ਧਮਾਕੇ ਨਾਲ ਫਟ ਗਏ ਸਨ। ਧਮਾਕਾ ਇੰਨਾ ਭਿਆਨਕ ਸੀ ਕਿ ਸਟੋਰ ਅਤੇ ਇਸਦੇ ਪਿੱਛੇ ਬਣੇ ਰਹਾਇਸ਼ੀ ਕਮਰੇ ਵਿਚਕਾਰ ਦੀ ਕੰਧ ਪੂਰੀ ਤਰ੍ਹਾਂ ਢਹਿ ਗਈ ਅਤੇ ਮੌਕੇ ‘ਤੇ ਅੱਗ ਭੜਕ ਉੱਠੀ।
ਪ੍ਰਤੱਖਦਰਸ਼ੀਆਂ ਮੁਤਾਬਕ ਧਮਾਕੇ ਦੀ ਆਵਾਜ਼ ਦੂਰ-ਦੂਰ ਤੱਕ ਸੁਣਾਈ ਦਿੱਤੀ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਧਮਾਕੇ ਤੋਂ ਤੁਰੰਤ ਬਾਅਦ ਸਥਾਨਕ ਲੋਕਾਂ ਨੇ ਰਾਹਤ ਕਾਰਜ ਸ਼ੁਰੂ ਕਰ ਦਿੱਤਾ ਅਤੇ ਫਾਇਰ ਬ੍ਰਿਗੇਡ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਹਾਦਸੇ ਦੇ ਸਮੇਂ ਸਟੋਰ ਨਾਲ ਸਬੰਧਤ ਕਰਮਚਾਰੀ ਦਿਨ ਭਰ ਦਾ ਕੰਮ ਮੁਕਾਉਣ ਤੋਂ ਬਾਅਦ ਪਿੱਛੇ ਬਣੇ ਕਮਰੇ ਵਿੱਚ ਆਰਾਮ ਕਰ ਰਹੇ ਸਨ। ਇਸ ਦੌਰਾਨ ਗੋਪੀ ਅਤੇ ਮੁਕੇਸ਼ ਕਮਰੇ ਦੇ ਦਰਵਾਜ਼ੇ ਕੋਲ ਮੌਜੂਦ ਸਨ ਕਿ ਅਚਾਨਕ ਸਿਲੰਡਰ ਫਟ ਗਏ। ਧਮਾਕੇ ਕਾਰਨ ਅੱਗ ਤੇ ਮਲਬੇ ਵਿੱਚ ਫਸਣ ਨਾਲ ਛੇ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।
ਸਾਰੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ ਗਿਆ। ਪਰ ਗੰਭੀਰ ਸੜਨ ਕਾਰਨ ਮੁੰਨਾ ਅਤੇ ਮੁਕੇਸ਼ ਨੂੰ ਬਚਾਇਆ ਨਹੀਂ ਜਾ ਸਕਿਆ। ਇਸ ਦਰਦਨਾਕ ਹਾਦਸੇ ਨੇ ਪੀੜਤ ਪਰਿਵਾਰਾਂ ਨੂੰ ਗਹਿਰਾ ਸਦਮਾ ਪਹੁੰਚਾਇਆ ਹੈ।
ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਧਮਾਕੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ ਵਿੱਚ LPG ਗੈਸ ਲੀਕ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਹਾਲਾਂਕਿ ਅਸਲ ਕਾਰਨ ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ।
