Saturday, September 12Punjabi People

ਰੱਖੜੀ ’ਤੇ ਪੰਜਾਬ ਦੀਆਂ ਔਰਤਾਂ ਲਈ ਵੱਡਾ ਤੋਹਫ਼ਾ, ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦਾ ਤੀਜਾ ਪੜਾਅ ਸ਼ੁਰੂ ਕਰਨਗੇ CM ਮਾਨ

ਚੰਡੀਗੜ੍ਹ, 19 ਅਗਸਤ 2026: ਪੰਜਾਬ ਸਰਕਾਰ ਵੱਲੋਂ ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਦੇ ਤੀਜੇ ਪੜਾਅ ਦੀ ਸ਼ੁਰੂਆਤ ਕੀਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਮੌਕੇ ਸੂਬਾ ਪੱਧਰੀ ਸਮਾਗਮ ਕਰਕੇ ਉਨ੍ਹਾਂ ਔਰਤਾਂ ਦੇ ਖਾਤਿਆਂ ਵਿੱਚ ਤਿੰਨ ਮਹੀਨਿਆਂ ਦਾ ਸਤਿਕਾਰ ਭੱਤਾ ਟਰਾਂਸਫਰ ਕਰਨਗੇ, ਜਿਨ੍ਹਾਂ ਨੂੰ ਹੁਣ ਤੱਕ ਇਸ ਯੋਜਨਾ ਦੀ ਰਕਮ ਨਹੀਂ ਮਿਲ ਸਕੀ।

ਪੰਜਾਬ ਸਰਕਾਰ ਨੇ 1 ਜੁਲਾਈ ਤੋਂ ਇਸ ਯੋਜਨਾ ਤਹਿਤ ਔਰਤਾਂ ਨੂੰ ਸਤਿਕਾਰ ਭੱਤਾ ਦੇਣਾ ਸ਼ੁਰੂ ਕੀਤਾ ਸੀ। ਹੁਣ ਤੱਕ ਸੂਬੇ ਦੀਆਂ 75.50 ਲੱਖ ਔਰਤਾਂ ਇਸ ਯੋਜਨਾ ਲਈ ਰਜਿਸਟਰਡ ਹੋ ਚੁੱਕੀਆਂ ਹਨ। ਇਨ੍ਹਾਂ ਵਿੱਚ 51.62 ਲੱਖ ਜਨਰਲ ਵਰਗ ਅਤੇ 23.88 ਲੱਖ ਦਲਿਤ ਵਰਗ ਦੀਆਂ ਔਰਤਾਂ ਸ਼ਾਮਲ ਹਨ।

65.62 ਲੱਖ ਔਰਤਾਂ ਦੇ ਖਾਤਿਆਂ ਵਿੱਚ ਪਹੁੰਚੀ ਰਕਮ

ਸਰਕਾਰੀ ਅੰਕੜਿਆਂ ਮੁਤਾਬਕ, ਹੁਣ ਤੱਕ 65.62 ਲੱਖ ਔਰਤਾਂ ਦੇ ਬੈਂਕ ਖਾਤਿਆਂ ਵਿੱਚ ਸਤਿਕਾਰ ਭੱਤੇ ਦੀ ਰਕਮ ਟਰਾਂਸਫਰ ਕੀਤੀ ਜਾ ਚੁੱਕੀ ਹੈ। ਇਸ ਦੇ ਬਾਵਜੂਦ ਲਗਭਗ 9.88 ਲੱਖ ਔਰਤਾਂ ਨੂੰ ਰਕਮ ਮਿਲਣੀ ਬਾਕੀ ਹੈ। ਇਨ੍ਹਾਂ ਔਰਤਾਂ ਨੂੰ ਰੱਖੜੀ ਮੌਕੇ ਤਿੰਨ ਮਹੀਨਿਆਂ ਦਾ ਭੱਤਾ ਇਕੱਠਾ ਜਾਰੀ ਕਰਨ ਦੀ ਤਿਆਰੀ ਹੈ।

ਯੋਜਨਾ ਦੇ ਪਹਿਲੇ ਪੜਾਅ ਵਿੱਚ ਜੁਲਾਈ ਤੋਂ ਸਤੰਬਰ ਤੱਕ ਤਿੰਨ ਮਹੀਨਿਆਂ ਦਾ ਸਤਿਕਾਰ ਭੱਤਾ ਇਕੱਠਾ ਦਿੱਤਾ ਜਾ ਰਿਹਾ ਹੈ। ਰੱਖੜੀ ਦੇ ਮੌਕੇ ਲਗਭਗ 348 ਕਰੋੜ ਰੁਪਏ ਬਕਾਇਆ ਲਾਭਪਾਤਰੀ ਔਰਤਾਂ ਦੇ ਖਾਤਿਆਂ ਵਿੱਚ ਭੇਜੇ ਜਾਣਗੇ। ਸਰਕਾਰ ਮੁਤਾਬਕ, ਹੁਣ ਤੱਕ ਇਸ ਯੋਜਨਾ ਤਹਿਤ ਔਰਤਾਂ ਦੇ ਖਾਤਿਆਂ ਵਿੱਚ ਕਰੀਬ 2,275 ਕਰੋੜ ਰੁਪਏ ਟਰਾਂਸਫਰ ਕੀਤੇ ਜਾ ਚੁੱਕੇ ਹਨ।

ਜਨਰਲ ਵਰਗ ਨੂੰ ₹1,000 ਅਤੇ ਦਲਿਤ ਵਰਗ ਨੂੰ ₹1,500 ਮਹੀਨਾ

‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਜਨਰਲ ਵਰਗ ਦੀਆਂ ਔਰਤਾਂ ਨੂੰ 1,000 ਰੁਪਏ ਪ੍ਰਤੀ ਮਹੀਨਾ, ਜਦਕਿ ਦਲਿਤ ਵਰਗ ਦੀਆਂ ਔਰਤਾਂ ਨੂੰ 1,500 ਰੁਪਏ ਪ੍ਰਤੀ ਮਹੀਨਾ ਸਤਿਕਾਰ ਭੱਤਾ ਦਿੱਤਾ ਜਾ ਰਿਹਾ ਹੈ। ਇਸ ਤਰ੍ਹਾਂ ਤਿੰਨ ਮਹੀਨਿਆਂ ਲਈ ਜਨਰਲ ਵਰਗ ਦੀਆਂ ਲਾਭਪਾਤਰੀਆਂ ਨੂੰ 3,000 ਰੁਪਏ ਅਤੇ ਦਲਿਤ ਵਰਗ ਦੀਆਂ ਔਰਤਾਂ ਨੂੰ 4,500 ਰੁਪਏ ਮਿਲਦੇ ਹਨ।

ਸਰਕਾਰ ’ਤੇ ਸਾਲਾਨਾ 10,492.80 ਕਰੋੜ ਰੁਪਏ ਦਾ ਵਿੱਤੀ ਬੋਝ

ਮੌਜੂਦਾ ਰਜਿਸਟ੍ਰੇਸ਼ਨ ਦੇ ਆਧਾਰ ’ਤੇ ਇਸ ਯੋਜਨਾ ’ਤੇ ਸਰਕਾਰ ਨੂੰ ਹਰ ਸਾਲ ਲਗਭਗ 10,492.80 ਕਰੋੜ ਰੁਪਏ ਖਰਚ ਕਰਨੇ ਪੈਣਗੇ। ਇਸ ਮੁਤਾਬਕ ਪ੍ਰਤੀ ਮਹੀਨਾ ਕਰੀਬ 874.40 ਕਰੋੜ ਰੁਪਏ ਦੀ ਰਕਮ ਔਰਤਾਂ ਨੂੰ ਸਤਿਕਾਰ ਭੱਤੇ ਵਜੋਂ ਦਿੱਤੀ ਜਾਵੇਗੀ। ਔਸਤਨ ਹਰ ਰੋਜ਼ ਲਗਭਗ 28.74 ਕਰੋੜ ਰੁਪਏ ਔਰਤਾਂ ਦੇ ਖਾਤਿਆਂ ਵਿੱਚ ਪਹੁੰਚਣਗੇ।

90 ਲੱਖ ਔਰਤਾਂ ਨੂੰ ਜੋੜਨ ਦਾ ਟੀਚਾ, ਰਜਿਸਟ੍ਰੇਸ਼ਨ ਦੀ ਰਫ਼ਤਾਰ ਹੋਈ ਮੱਠੀ

ਸਰਕਾਰ ਵੱਲੋਂ ਸ਼ੁਰੂਆਤੀ ਅਨੁਮਾਨਾਂ ਤਹਿਤ ਇਸ ਯੋਜਨਾ ਦਾ ਲਾਭ ਲਗਭਗ 90 ਲੱਖ ਔਰਤਾਂ ਤੱਕ ਪਹੁੰਚਾਉਣ ਦੀ ਉਮੀਦ ਕੀਤੀ ਗਈ ਸੀ। ਹਾਲਾਂਕਿ ਮੌਜੂਦਾ ਸਮੇਂ ਵਿੱਚ ਰਜਿਸਟ੍ਰੇਸ਼ਨ ਦੀ ਗਿਣਤੀ 75.50 ਲੱਖ ’ਤੇ ਹੈ। ਪੰਜਾਬ ਵਿੱਚ ਇੱਕ ਕਰੋੜ ਤੋਂ ਵੱਧ ਮਹਿਲਾ ਵੋਟਰ ਹੋਣ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਔਰਤਾਂ ਹਾਲੇ ਇਸ ਯੋਜਨਾ ਨਾਲ ਨਹੀਂ ਜੁੜੀਆਂ ਹਨ।

ਜਾਣਕਾਰੀ ਮੁਤਾਬਕ ਅਗਸਤ ਮਹੀਨੇ ਦੌਰਾਨ ਨਵੀਂ ਰਜਿਸਟ੍ਰੇਸ਼ਨ ਦੀ ਰਫ਼ਤਾਰ ਵੀ ਕਾਫ਼ੀ ਮੱਠੀ ਹੋਈ ਹੈ। ਇਸ ਕਰਕੇ ਆਉਣ ਵਾਲੇ ਸਮੇਂ ਵਿੱਚ ਸਰਕਾਰ ਵੱਲੋਂ ਹੋਰ ਯੋਗ ਔਰਤਾਂ ਨੂੰ ਯੋਜਨਾ ਨਾਲ ਜੋੜਨ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਹੋਰ ਤੇਜ਼ ਕਰਨ ’ਤੇ ਧਿਆਨ ਦਿੱਤਾ ਜਾ ਸਕਦਾ ਹੈ।

ਰੱਖੜੀ ਮੌਕੇ ਤੀਜੇ ਪੜਾਅ ਦੀ ਸ਼ੁਰੂਆਤ ਨਾਲ ਬਕਾਇਆ ਲਾਭਪਾਤਰੀਆਂ ਨੂੰ ਰਕਮ ਮਿਲਣ ਦੇ ਨਾਲ ਯੋਜਨਾ ਤਹਿਤ ਸਰਕਾਰ ਵੱਲੋਂ ਸਿੱਧੇ ਤੌਰ ’ਤੇ ਔਰਤਾਂ ਦੇ ਬੈਂਕ ਖਾਤਿਆਂ ਵਿੱਚ ਵਿੱਤੀ ਸਹਾਇਤਾ ਪਹੁੰਚਾਉਣ ਦੀ ਪ੍ਰਕਿਰਿਆ ਹੋਰ ਅੱਗੇ ਵਧੇਗੀ।

Leave a Reply

Your email address will not be published. Required fields are marked *