
ਚੰਡੀਗੜ੍ਹ, 16 ਅਪ੍ਰੈਲ 2026: ਪੰਜਾਬ ਦੇ ਪੇਂਡੂ ਤੇ ਸ਼ਹਿਰੀ ਖੇਤਰਾਂ ਵਿੱਚ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਅੱਜ ਵੱਡੀ ਰਾਹਤ ਮਿਲੀ, ਜਦੋਂ ਕੈਬਨਿਟ ਸਬ-ਕਮੇਟੀ ਨੇ ਉਨ੍ਹਾਂ ਨੂੰ ‘ਹੈਲਥ ਕੇਅਰ ਪ੍ਰੋਵਾਈਡਰਜ਼’ ਵਜੋਂ ਮਾਨਤਾ ਦੇਣ ਲਈ ਖਾਸ ਸਿਖਲਾਈ ਕੋਰਸ ਸ਼ੁਰੂ ਕਰਨ ਦੇ ਨਿਰਦੇਸ਼ ਜਾਰੀ ਕੀਤੇ।
ਪੰਜਾਬ ਭਵਨ ਵਿੱਚ ਹੋਈ ਇਸ ਉੱਚ ਪੱਧਰੀ ਮੀਟਿੰਗ ਦੌਰਾਨ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ. 295) ਦਾ ਵਫ਼ਦ, ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਦੀ ਅਗਵਾਈ ਹੇਠ, ਕੈਬਨਿਟ ਸਬ-ਕਮੇਟੀ ਨਾਲ ਮਿਲਿਆ। ਮੀਟਿੰਗ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸਿਹਤ ਮੰਤਰੀ ਡਾ. ਬਲਵੀਰ ਸਿੰਘ, ਸਿਹਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਕੁਮਾਰ ਰਾਹੁਲ ਅਤੇ ਹੋਰ ਉੱਚ ਅਧਿਕਾਰੀ ਵੀ ਮੌਜੂਦ ਸਨ।
ਐਸੋਸੀਏਸ਼ਨ ਨੇ ਮੰਗ ਰੱਖੀ ਕਿ ਸਸਤੀ ਸਿਹਤ ਸੇਵਾਵਾਂ ਦੇ ਰਹੇ ਪ੍ਰੈਕਟੀਸ਼ਨਰਾਂ ਦੇ ਰੁਜ਼ਗਾਰ ਨੂੰ ਸੁਰੱਖਿਅਤ ਕਰਨ ਲਈ ਸਰਕਾਰ ਵੱਲੋਂ ਇੱਕ ਸੰਖੇਪ ‘ਬ੍ਰਿਜ ਕੋਰਸ’ ਜਾਂ ਟ੍ਰੇਨਿੰਗ ਕਰਵਾਈ ਜਾਵੇ। ਸਰਕਾਰ ਨੇ ਇਸ ਮੰਗ ਨੂੰ ਸਵੀਕਾਰ ਕਰਦਿਆਂ ਅਧਿਕਾਰੀਆਂ ਨੂੰ ਤੁਰੰਤ ਯੋਜਨਾ ਤਿਆਰ ਕਰਨ ਦੇ ਆਦੇਸ਼ ਦਿੱਤੇ ਹਨ।
ਇਸ ਫੈਸਲੇ ਨਾਲ ਲਗਭਗ ਡੇਢ ਲੱਖ ਪ੍ਰੈਕਟੀਸ਼ਨਰਾਂ ਦਾ ਰੁਜ਼ਗਾਰ ਤੇ ਮਾਨ-ਸਨਮਾਨ ਬਚੇਗਾ, ਲੱਖਾਂ ਪਰਿਵਾਰਾਂ ਦੀ ਜੀਵਿਕਾ ਸੁਰੱਖਿਅਤ ਰਹੇਗੀ ਅਤੇ ਆਮ ਲੋਕਾਂ ਲਈ ਮੁੱਢਲੀਆਂ ਸਿਹਤ ਸੇਵਾਵਾਂ ਲਗਾਤਾਰ ਜਾਰੀ ਰਹਿਣਗੀਆਂ।
ਇਹ ਵੀ ਜ਼ਿਕਰਯੋਗ ਹੈ ਕਿ ਸੰਗਰੂਰ ਵਿੱਚ ਹੋਈ ਵੱਡੀ ਰੈਲੀ ਤੋਂ ਬਾਅਦ 16 ਅਪ੍ਰੈਲ ਨੂੰ ਇਹ ਮੀਟਿੰਗ ਬੁਲਾਈ ਗਈ ਸੀ। ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਨੇ ਮੀਟਿੰਗ ਦੇ ਸਕਾਰਾਤਮਕ ਮਾਹੌਲ ਅਤੇ ਸਰਕਾਰ ਦੇ ਹੁੰਗਾਰੇ ਲਈ ਧੰਨਵਾਦ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਇਹ ਕਦਮ ‘ਘਰ-ਘਰ ਰੁਜ਼ਗਾਰ’ ਅਤੇ ਬਿਹਤਰ ਸਿਹਤ ਸੇਵਾਵਾਂ ਦੇ ਟੀਚੇ ਨੂੰ ਪੂਰਾ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ।
