Saturday, June 6Punjabi People

ਮਹਿੰਗੇ ਤੇਲ ਕਾਰਨ ਏਅਰ ਇੰਡੀਆ ਦਾ ਵੱਡਾ ਫੈਸਲਾ, ਘਰੇਲੂ ਉਡਾਣਾਂ ‘ਚ 22% ਕਟੌਤੀ

ਨਵੀਂ ਦਿੱਲੀ, 27 ਮਈ 2026:  ਹਵਾਈ ਇੰਧਨ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਅਤੇ ਵਧ ਰਹੀ ਸੰਚਾਲਨ ਲਾਗਤ ਦੇ ਦਬਾਅ ਕਾਰਨ Air India ਨੇ ਆਪਣੀਆਂ ਘਰੇਲੂ ਉਡਾਣਾਂ ਵਿੱਚ 20 ਤੋਂ 22 ਫ਼ੀਸਦੀ ਤੱਕ ਕਟੌਤੀ ਕਰਨ ਦਾ ਵੱਡਾ ਫੈਸਲਾ ਲਿਆ ਹੈ। ਏਅਰਲਾਈਨ ਦੇ ਇਸ ਕਦਮ ਨੂੰ ਹਵਾਈ ਯਾਤਰਾ ਖੇਤਰ ਵਿੱਚ ਵਧ ਰਹੀਆਂ ਆਰਥਿਕ ਚੁਣੌਤੀਆਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

ਸੂਤਰਾਂ ਅਨੁਸਾਰ ਕੰਪਨੀ ਪਹਿਲਾਂ ਹੀ ਆਪਣੀਆਂ ਅੰਤਰਰਾਸ਼ਟਰੀ ਉਡਾਣਾਂ ਵਿੱਚ ਲਗਭਗ 27 ਫ਼ੀਸਦੀ ਦੀ ਕਮੀ ਕਰ ਚੁੱਕੀ ਹੈ। ਹੁਣ ਘਰੇਲੂ ਰੂਟਾਂ ‘ਤੇ ਵੀ ਉਡਾਣਾਂ ਦੀ ਗਿਣਤੀ ਘਟਾਉਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਦਾ ਪ੍ਰਭਾਵ ਦੇਸ਼ ਦੇ ਕਈ ਵੱਡੇ ਅਤੇ ਦਰਮਿਆਨੇ ਸ਼ਹਿਰਾਂ ਨੂੰ ਜੋੜਨ ਵਾਲੀਆਂ ਸੇਵਾਵਾਂ ‘ਤੇ ਪੈ ਸਕਦਾ ਹੈ।

ਏਅਰ ਇੰਡੀਆ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਲੰਮੇ ਸਮੇਂ ਤੋਂ ਹਵਾਈ ਇੰਧਨ ਦੀਆਂ ਉੱਚੀਆਂ ਕੀਮਤਾਂ ਕਾਰਨ ਕੰਪਨੀ ਦੇ ਸੰਚਾਲਨ ਖਰਚੇ ਵਿੱਚ ਵੱਡਾ ਵਾਧਾ ਹੋਇਆ ਹੈ। ਹਾਲਾਤਾਂ ਨੂੰ ਦੇਖਦੇ ਹੋਏ ਕੰਪਨੀ ਨੇ ਜੂਨ ਤੋਂ ਅਗਸਤ 2026 ਤੱਕ ਕੁਝ ਘਰੇਲੂ ਅਤੇ ਅੰਤਰਰਾਸ਼ਟਰੀ ਰੂਟਾਂ ‘ਤੇ ਉਡਾਣਾਂ ਦੀ ਗਿਣਤੀ ਅਸਥਾਈ ਤੌਰ ‘ਤੇ ਘਟਾਉਣ ਦਾ ਫੈਸਲਾ ਕੀਤਾ ਹੈ।

ਕੰਪਨੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਯਾਤਰੀਆਂ ਦੀ ਮੰਗ, ਬਾਜ਼ਾਰ ਦੀ ਸਥਿਤੀ ਅਤੇ ਇੰਧਨ ਦੀਆਂ ਕੀਮਤਾਂ ‘ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਜੇਕਰ ਹਾਲਾਤ ਸੁਧਰਦੇ ਹਨ ਤਾਂ ਉਡਾਣਾਂ ਦੀ ਗਿਣਤੀ ਮੁੜ ਵਧਾਈ ਜਾ ਸਕਦੀ ਹੈ।

ਉਡਾਣਾਂ ਵਿੱਚ ਕਟੌਤੀ ਕਾਰਨ ਪ੍ਰਭਾਵਿਤ ਹੋਣ ਵਾਲੇ ਯਾਤਰੀਆਂ ਲਈ ਏਅਰ ਇੰਡੀਆ ਵੱਲੋਂ ਕੁਝ ਵਿਸ਼ੇਸ਼ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ। ਕੰਪਨੀ ਨੇ ਪ੍ਰਭਾਵਿਤ ਯਾਤਰੀਆਂ ਨੂੰ ਦੂਜੀਆਂ ਉਡਾਣਾਂ ਵਿੱਚ ਸੀਟ ਮੁਹੱਈਆ ਕਰਵਾਉਣ, ਯਾਤਰਾ ਦੀ ਤਰੀਕ ਬਦਲਣ ਜਾਂ ਪੂਰਾ ਰਿਫੰਡ ਦੇਣ ਵਰਗੇ ਵਿਕਲਪ ਪੇਸ਼ ਕੀਤੇ ਹਨ, ਤਾਂ ਜੋ ਯਾਤਰੀਆਂ ਨੂੰ ਘੱਟ ਤੋਂ ਘੱਟ ਦਿੱਕਤ ਆਵੇ।

ਜ਼ਿਕਰਯੋਗ ਹੈ ਕਿ ਏਅਰ ਇੰਡੀਆ ਹਰ ਹਫ਼ਤੇ ਕਰੀਬ 4400 ਉਡਾਣਾਂ ਦਾ ਸੰਚਾਲਨ ਕਰਦੀ ਹੈ। ਇਨ੍ਹਾਂ ਵਿੱਚ ਲਗਭਗ 3600 ਘਰੇਲੂ ਅਤੇ 800 ਅੰਤਰਰਾਸ਼ਟਰੀ ਉਡਾਣਾਂ ਸ਼ਾਮਲ ਹਨ। ਹਾਲਾਂਕਿ ਹੁਣ ਕੀਤੀ ਗਈ ਕਟੌਤੀ ਨਾਲ ਕਈ ਰੂਟਾਂ ਦੇ ਸਮੇਂ ਅਤੇ ਫ੍ਰਿਕਵੈਂਸੀ ਵਿੱਚ ਤਬਦੀਲੀਆਂ ਵੇਖਣ ਨੂੰ ਮਿਲ ਸਕਦੀਆਂ ਹਨ।

ਹਵਾਈ ਯਾਤਰਾ ਮਾਹਿਰਾਂ ਦਾ ਮੰਨਣਾ ਹੈ ਕਿ ਕੱਚੇ ਤੇਲ ਅਤੇ ਏਵੀਏਸ਼ਨ ਫਿਊਲ ਦੀਆਂ ਵਧਦੀਆਂ ਕੀਮਤਾਂ ਨਾ ਸਿਰਫ਼ ਏਅਰਲਾਈਨਾਂ ਲਈ ਚੁਣੌਤੀ ਬਣ ਰਹੀਆਂ ਹਨ, ਸਗੋਂ ਇਸ ਦਾ ਸਿੱਧਾ ਅਸਰ ਯਾਤਰੀਆਂ ਦੇ ਕਿਰਾਏ ਅਤੇ ਸੇਵਾਵਾਂ ‘ਤੇ ਵੀ ਪੈ ਸਕਦਾ ਹੈ।

Leave a Reply

Your email address will not be published. Required fields are marked *