
ਚੰਡੀਗੜ੍ਹ, 27 ਅਪ੍ਰੈਲ 2026: ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ Barinder Kumar Goyal ਨੇ ਕਿਹਾ ਕਿ ਪੋਟਾਸ਼ ਦੀ ਖੋਜ ਤੋਂ ਬਾਅਦ ਹੁਣ ਸੂਬੇ ਵਿੱਚ ਕੁਦਰਤੀ ਗੈਸ ਅਤੇ ਤੇਲ ਦੇ ਭੰਡਾਰਾਂ ਦੀਆਂ ਵੱਡੀਆਂ ਸੰਭਾਵਨਾਵਾਂ ਸਾਹਮਣੇ ਆ ਰਹੀਆਂ ਹਨ ਅਤੇ ਸਰਕਾਰ ਇਸ ਦਿਸ਼ਾ ਵਿੱਚ ਗੰਭੀਰਤਾ ਨਾਲ ਕੰਮ ਕਰ ਰਹੀ ਹੈ।
ਇਹ ਜਾਣਕਾਰੀ ਮੰਤਰੀ ਨੇ ਮਗਸੀਪਾ ਵਿੱਚ ਭਾਰਤ ਸਰਕਾਰ ਦੇ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਅਧੀਨ ਡਾਇਰੈਕਟਰ ਜਨਰਲ ਆਫ਼ ਹਾਈਡ੍ਰੋਕਾਰਬਨ (ਡੀਜੀਐਚ) ਅਤੇ Oil India Limited ਦੇ ਸੀਨੀਅਰ ਅਧਿਕਾਰੀਆਂ ਨਾਲ ਹੋਈ ਮੀਟਿੰਗ ਤੋਂ ਬਾਅਦ ਦਿੱਤੀ। ਇਸ ਟੀਮ ਦੀ ਅਗਵਾਈ ਸ੍ਰੀ ਅਜੈ ਕੁਮਾਰ ਸ਼ਰਮਾ ਕਰ ਰਹੇ ਸਨ, ਜਿਨ੍ਹਾਂ ਨਾਲ ਹੋਰ ਉੱਚ ਅਧਿਕਾਰੀ ਵੀ ਮੌਜੂਦ ਸਨ।
ਮੀਟਿੰਗ ਦੌਰਾਨ ਸੂਬੇ ਵਿੱਚ ਹਾਈਡ੍ਰੋਕਾਰਬਨ ਸਰੋਤਾਂ ਦੀ ਖੋਜ ਲਈ ਸੰਭਾਵਨਾਵਾਂ ‘ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਤਕਨੀਕੀ ਪੇਸ਼ਕਾਰੀ ਵੀ ਦਿੱਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਮੰਤਰਾਲੇ ਦੇ ਨਿਰਦੇਸ਼ਾਂ ਅਨੁਸਾਰ Oil India Limited ਵੱਲੋਂ ਕੁਦਰਤੀ ਤੇਲ ਅਤੇ ਗੈਸ ਦੀ ਖੋਜ ਲਈ 2ਡੀ ਸਿਸਮਿਕ ਸਰਵੇਖਣ ਕੀਤਾ ਜਾਵੇਗਾ।
ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਭਾਰਤ ਸਰਕਾਰ ਦੀ ਵਿਗਿਆਨਕ ਸਲਾਹਕਾਰ ਕਮੇਟੀ ਨੇ ਦੇਸ਼ ਦੇ ਅਜਿਹੇ ਅਣ-ਖੋਜੇ ਖੇਤਰਾਂ ਵਿੱਚ ਵਿਆਪਕ ਸਰਵੇਖਣ ਦੀ ਸਿਫਾਰਸ਼ ਕੀਤੀ ਹੈ, ਜਿੱਥੇ ਖਣਿਜਾਂ ਜਾਂ ਪੈਟਰੋਲੀਅਮ ਸਰੋਤਾਂ ਬਾਰੇ ਹੁਣ ਤੱਕ ਕੋਈ ਖੋਜ ਨਹੀਂ ਹੋਈ।
ਸ੍ਰੀ ਅਜੈ ਸ਼ਰਮਾ ਮੁਤਾਬਕ, ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਫ਼ਰੀਦਕੋਟ, ਮੋਗਾ, ਜਲੰਧਰ ਅਤੇ ਕਪੂਰਥਲਾ ਜ਼ਿਲ੍ਹਿਆਂ ਸਮੇਤ ਰਾਜਸਥਾਨ ਦੇ ਕੁਝ ਇਲਾਕਿਆਂ ਵਿੱਚ ਇਹ ਸਰਵੇਖਣ ਕੀਤਾ ਜਾਵੇਗਾ। ਪੰਜਾਬ ਦੇ ਸਬ-ਬੇਸਿਨ ਵਿੱਚ ਕਰੀਬ 169 ਲਾਈਨ ਕਿਲੋਮੀਟਰ ਖੇਤਰ ਨੂੰ ਕਵਰ ਕਰਦਿਆਂ ਵੱਡੇ ਪੱਧਰ ‘ਤੇ 2ਡੀ ਸਿਸਮਿਕ ਸਰਵੇ ਕੀਤਾ ਜਾਵੇਗਾ, ਜਿਸਨੂੰ “ਮਿਸ਼ਨ ਅਨਵੇਸ਼ਨ” ਨਾਮ ਦਿੱਤਾ ਗਿਆ ਹੈ।
ਉਨ੍ਹਾਂ ਸਪਸ਼ਟ ਕੀਤਾ ਕਿ ਇਹ ਸਰਵੇਖਣ ਖੋਜ ਅਤੇ ਵਿਗਿਆਨਕ ਅਧਾਰ ‘ਤੇ ਹੋਵੇਗਾ ਅਤੇ ਇਸ ਦਾ ਮਕਸਦ ਸਹੀ ਭੂ-ਵਿਗਿਆਨਕ ਡੇਟਾ ਇਕੱਠਾ ਕਰਨਾ ਹੈ।
ਮੰਤਰੀ Barinder Kumar Goyal ਨੇ ਕਿਹਾ ਕਿ ਇਹ ਯਤਨ ਸੂਬੇ ਵਿੱਚ ਤੇਲ ਅਤੇ ਗੈਸ ਦੀ ਖੋਜ ਨੂੰ ਤੇਜ਼ ਕਰਨ ਦੇ ਨਾਲ-ਨਾਲ ਇਕ ਵਿਸਥਾਰਤ ਭੂ-ਵਿਗਿਆਨਕ ਡੇਟਾ ਬੈਂਕ ਤਿਆਰ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ। ਇਸ ਨਾਲ ਦੇਸ਼ ਦੀ ਵਿਦੇਸ਼ੀ ਊਰਜਾ ਸਰੋਤਾਂ ‘ਤੇ ਨਿਰਭਰਤਾ ਘਟੇਗੀ ਅਤੇ ਪੰਜਾਬ ਵਿੱਚ ਆਰਥਿਕ ਵਿਕਾਸ ਦੇ ਨਵੇਂ ਮੌਕੇ ਪੈਦਾ ਹੋਣਗੇ।
ਉਨ੍ਹਾਂ ਭਰੋਸਾ ਦਿੱਤਾ ਕਿ ਮੁੱਖ ਮੰਤਰੀ Bhagwant Singh Mann ਦੀ ਅਗਵਾਈ ਵਾਲੀ ਸਰਕਾਰ ਵੱਲੋਂ ਇਸ ਸਰਵੇਖਣ ਨੂੰ ਸਮੇਂ ਸਿਰ ਪੂਰਾ ਕਰਨ ਲਈ ਪੂਰਾ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੁਦਰਤੀ ਸਰੋਤਾਂ ਦੀ ਸਮਰੱਥ ਵਰਤੋਂ ਨਾਲ ਸੂਬੇ ਦੇ ਵਿਕਾਸ, ਰੁਜ਼ਗਾਰ ਦੇ ਮੌਕੇ ਅਤੇ ਉਦਯੋਗਿਕ ਤਰੱਕੀ ਨੂੰ ਵੱਡਾ ਬਲ ਮਿਲੇਗਾ।
ਮੀਟਿੰਗ ਵਿੱਚ ਖਣਨ ਅਤੇ ਭੂ-ਵਿਗਿਆਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਜਸਪ੍ਰੀਤ ਤਲਵਾੜ, ਡਾਇਰੈਕਟਰ ਅਭਿਜੀਤ ਕਪਲਿਸ਼ ਅਤੇ ਮੁੱਖ ਇੰਜੀਨੀਅਰ ਹਰਦੀਪ ਸਿੰਘ ਮੈਂਦੀਰੱਤਾ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਰਹੇ।
