
ਮੁੱਲਾਂਪੁਰ ਦਾਖਾ (ਕਾਲੀਆ) 31 ਜਨਵਰੀ 2026 : ਲੁਧਿਆਣਾ ਵਿੱਚ ਸ਼ੱਕੀ ਹਾਲਾਤਾਂ ਹੇਠ ਗੋਲੀ ਲੱਗਣ ਕਾਰਨ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਨੋਜ ਮਸੀਹ ਵਜੋਂ ਹੋਈ ਹੈ, ਜੋ ਕਿ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਵਜੋਂ ਤਾਇਨਾਤ ਸੀ ਅਤੇ ਉਸ ਦੀ ਉਮਰ ਲਗਭਗ 24–25 ਸਾਲ ਦੱਸੀ ਜਾ ਰਹੀ ਹੈ। ਅਨੋਜ ਨੂੰ ਹਾਲ ਹੀ ਵਿੱਚ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਤਰਸ ਦੇ ਅਧਾਰ ’ਤੇ ਨੌਕਰੀ ਮਿਲੀ ਸੀ।
ਜਾਣਕਾਰੀ ਅਨੁਸਾਰ ਅਨੋਜ ਮਸੀਹ ਦੀ ਡਿਊਟੀ ਲੁਧਿਆਣਾ–ਫਿਰੋਜ਼ਪੁਰ ਨੈਸ਼ਨਲ ਹਾਈਵੇ ’ਤੇ ਸਥਿਤ ਇੱਕ ਲਗਜ਼ਰੀ ਕਾਰ ਸ਼ੋਅਰੂਮ ਵਿੱਚ ਲੱਗੀ ਹੋਈ ਸੀ। ਸ਼ੋਅਰੂਮ ਦੇ ਮਾਲਕ ਨੂੰ ਗੈਂਗਸਟਰਾਂ ਵੱਲੋਂ ਮਿਲ ਰਹੀਆਂ ਧਮਕੀਆਂ ਕਾਰਨ 16 ਜਨਵਰੀ ਤੋਂ ਪੁਲਿਸ ਸੁਰੱਖਿਆ ਪ੍ਰਦਾਨ ਕੀਤੀ ਗਈ ਸੀ।
ਡਿਊਟੀ ਦੌਰਾਨ ਤੜਕੇ ਅਨੋਜ ਦੀ ਸਰਕਾਰੀ ਰਾਈਫਲ ਤੋਂ ਗੋਲੀ ਚੱਲਣ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਅਤੇ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਗਏ ਹਨ ਤਾਂ ਜੋ ਇਹ ਸਪਸ਼ਟ ਹੋ ਸਕੇ ਕਿ ਮੌਤ ਖੁਦਕੁਸ਼ੀ ਕਾਰਨ ਹੋਈ ਹੈ ਜਾਂ ਅਚਾਨਕ ਗੋਲੀ ਚੱਲਣ ਨਾਲ।
