
ਚੰਡੀਗੜ੍ਹ/ਸੁਨਾਮ, 20 ਜੁਲਾਈ 2026: ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮੁਹੱਈਆ ਕਰਵਾਉਣ ਦੀ ਮੁਹਿੰਮ ਤਹਿਤ ਸੁਨਾਮ ਵਿਖੇ ਇੱਕ ਵਿਸ਼ਾਲ ‘ਮੈਗਾ ਰੋਜ਼ਗਾਰ ਮੇਲਾ’ ਕਰਵਾਇਆ ਗਿਆ। ਇਸ ਮੌਕੇ ਪੰਜਾਬ ਦੇ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਵਿੱਚ ਅਜਿਹਾ ਮਾਹੌਲ ਤਿਆਰ ਕਰ ਰਹੀ ਹੈ, ਜਿੱਥੇ ਸਰਕਾਰੀ ਅਤੇ ਨਿੱਜੀ—ਦੋਵੇਂ ਖੇਤਰਾਂ ਵਿੱਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਦਰਵਾਜ਼ੇ ਖੁੱਲ੍ਹਣ।
ਇਹ ਸੰਗਰੂਰ, ਮਲੇਰਕੋਟਲਾ ਅਤੇ ਬਰਨਾਲਾ ਜ਼ਿਲ੍ਹਿਆਂ ਦੇ ਕਲੱਸਟਰ ਦਾ ਪਹਿਲਾ ਮੈਗਾ ਰੋਜ਼ਗਾਰ ਮੇਲਾ ਸੀ, ਜਿਸ ਦਾ ਸਾਂਝਾ ਆਯੋਜਨ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਅਤੇ ਉਦਯੋਗ ਤੇ ਵਣਜ ਵਿਭਾਗ ਵੱਲੋਂ ਕੀਤਾ ਗਿਆ। ਮੇਲੇ ਵਿੱਚ 18 ਤੋਂ 50 ਸਾਲ ਦੀ ਉਮਰ ਦੇ ਉਮੀਦਵਾਰਾਂ ਨੇ ਭਾਗ ਲਿਆ, ਜਿਨ੍ਹਾਂ ਨੂੰ ਉਨ੍ਹਾਂ ਦੀ ਯੋਗਤਾ, ਹੁਨਰ ਅਤੇ ਤਜਰਬੇ ਦੇ ਆਧਾਰ ‘ਤੇ 12,000 ਰੁਪਏ ਤੋਂ 42,000 ਰੁਪਏ ਪ੍ਰਤੀ ਮਹੀਨਾ ਤੱਕ ਦੀਆਂ ਨੌਕਰੀਆਂ ਦੀ ਪੇਸ਼ਕਸ਼ ਕੀਤੀ ਗਈ।
61 ਪ੍ਰਮੁੱਖ ਕੰਪਨੀਆਂ ਨੇ ਲਿਆ ਹਿੱਸਾ
ਮੈਗਾ ਰੋਜ਼ਗਾਰ ਮੇਲੇ ਵਿੱਚ ਦੇਸ਼ ਅਤੇ ਪੰਜਾਬ ਦੀਆਂ 61 ਨਾਮੀ ਕੰਪਨੀਆਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ 2,129 ਨੌਜਵਾਨਾਂ ਨੇ ਇੰਟਰਵਿਊ ਅਤੇ ਭਰਤੀ ਪ੍ਰਕਿਰਿਆ ਵਿੱਚ ਹਿੱਸਾ ਲਿਆ। ਚੋਣ ਪ੍ਰਕਿਰਿਆ ਦੇ ਅੰਤ ‘ਤੇ 562 ਨੌਜਵਾਨਾਂ ਦੀ ਮੌਕੇ ‘ਤੇ ਹੀ ਨੌਕਰੀ ਲਈ ਚੋਣ ਕਰ ਲਈ ਗਈ, ਜਦਕਿ 618 ਹੋਰ ਉਮੀਦਵਾਰਾਂ ਨੂੰ ਵੱਖ-ਵੱਖ ਕੰਪਨੀਆਂ ਵੱਲੋਂ ਸ਼ਾਰਟਲਿਸਟ ਕੀਤਾ ਗਿਆ। ਕਈ ਚੁਣੇ ਗਏ ਨੌਜਵਾਨਾਂ ਨੂੰ ਸਮਾਗਮ ਦੌਰਾਨ ਹੀ ‘ਲੈਟਰ ਆਫ ਇੰਟੈਂਟ’ ਵੀ ਸੌਂਪੇ ਗਏ।
70 ਹਜ਼ਾਰ ਸਰਕਾਰੀ ਨੌਕਰੀਆਂ ਦਾ ਦਾਅਵਾ
ਅਮਨ ਅਰੋੜਾ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਪੰਜਾਬ ਸਰਕਾਰ ਨੇ ਲਗਭਗ 70,000 ਸਰਕਾਰੀ ਨੌਕਰੀਆਂ ਪੂਰੀ ਪਾਰਦਰਸ਼ਤਾ ਨਾਲ ਭਰੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਹ ਭਰਤੀਆਂ ਬਿਨਾਂ ਕਿਸੇ ਸਿਫ਼ਾਰਸ਼ ਅਤੇ ਬਿਨਾਂ ਰਿਸ਼ਵਤ ਦੇ ਯੋਗ ਉਮੀਦਵਾਰਾਂ ਨੂੰ ਦਿੱਤੀਆਂ ਗਈਆਂ ਹਨ।
ਪ੍ਰਾਈਵੇਟ ਸੈਕਟਰ ਨੂੰ ਵੀ ਦਿੱਤਾ ਜਾ ਰਿਹਾ ਹੈ ਉਤਸ਼ਾਹ
ਕੈਬਨਿਟ ਮੰਤਰੀ ਨੇ ਕਿਹਾ ਕਿ ਸਿਰਫ਼ ਸਰਕਾਰੀ ਨੌਕਰੀਆਂ ਰਾਹੀਂ ਹਰ ਨੌਜਵਾਨ ਨੂੰ ਰੋਜ਼ਗਾਰ ਦੇਣਾ ਸੰਭਵ ਨਹੀਂ। ਇਸ ਲਈ ਪੰਜਾਬ ਸਰਕਾਰ ਅਜਿਹਾ ਰੋਜ਼ਗਾਰ ਈਕੋਸਿਸਟਮ ਤਿਆਰ ਕਰ ਰਹੀ ਹੈ, ਜਿਸ ਵਿੱਚ ਨਿੱਜੀ ਉਦਯੋਗ ਅਤੇ ਕੰਪਨੀਆਂ ਵੱਡੇ ਪੱਧਰ ‘ਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ। ਉਨ੍ਹਾਂ ਕਿਹਾ ਕਿ ਰੋਜ਼ਗਾਰ ਉਤਪੱਤੀ ਵਿਭਾਗ ਅਤੇ ਉਦਯੋਗ ਵਿਭਾਗ ਮਿਲ ਕੇ ਨੌਜਵਾਨਾਂ ਅਤੇ ਉਦਯੋਗਾਂ ਵਿਚਕਾਰ ਇੱਕ ਮਜ਼ਬੂਤ ਪੁਲ ਦਾ ਕੰਮ ਕਰ ਰਹੇ ਹਨ, ਤਾਂ ਜੋ ਹੁਨਰਮੰਦ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਰੋਜ਼ਗਾਰ ਮਿਲ ਸਕੇ।
ਇਨ੍ਹਾਂ ਪ੍ਰਮੁੱਖ ਕੰਪਨੀਆਂ ਨੇ ਕੀਤੀ ਭਰਤੀ
ਮੇਲੇ ਵਿੱਚ ਸੋਨਾਲੀਕਾ, ਮਹਿੰਦਰਾ ਟਰੈਕਟਰਜ਼, ਕੇਆਰਬੀਐਲ (KRBL), ਅਵਾਨੀ, ਏਪੀ ਆਰਗੈਨਿਕਸ, ਮੈਕਸ, ਨਾਹਰ ਸਪਿਨਿੰਗ ਸਮੇਤ ਕਈ ਹੋਰ ਪ੍ਰਮੁੱਖ ਉਦਯੋਗਿਕ ਇਕਾਈਆਂ ਨੇ ਭਾਗ ਲਿਆ ਅਤੇ ਵੱਖ-ਵੱਖ ਅਸਾਮੀਆਂ ਲਈ ਨੌਜਵਾਨਾਂ ਦੀ ਭਰਤੀ ਕੀਤੀ।
ਹਰ ਤਰ੍ਹਾਂ ਦੀ ਯੋਗਤਾ ਵਾਲੇ ਨੌਜਵਾਨਾਂ ਲਈ ਮੌਕੇ
ਰੋਜ਼ਗਾਰ ਮੇਲੇ ਵਿੱਚ 10ਵੀਂ, 12ਵੀਂ, ਆਈਟੀਆਈ (ਇਲੈਕਟ੍ਰੀਕਲ, ਮਕੈਨੀਕਲ, ਬੁਆਇਲਰ), ਡਿਪਲੋਮਾ ਹੋਲਡਰ, ਬੀ.ਐਸਸੀ., ਬੀ.ਕਾਮ., ਗ੍ਰੈਜੂਏਟ ਅਤੇ ਸੀਐਨਸੀ ਕੋਰਸ ਪਾਸ ਨੌਜਵਾਨਾਂ ਲਈ ਵੱਖ-ਵੱਖ ਖੇਤਰਾਂ ਵਿੱਚ ਰੋਜ਼ਗਾਰ ਦੇ ਮੌਕੇ ਉਪਲਬਧ ਕਰਵਾਏ ਗਏ।
ਮੋਹਾਲੀ ਪਹਿਲਾਂ ਹੀ ਬਣ ਚੁੱਕਾ ਹੈ ਆਈਟੀ ਹੱਬ: ਅਮਨ ਅਰੋੜਾ
ਮੀਡੀਆ ਵੱਲੋਂ ਪੰਜਾਬ ਵਿੱਚ ਬੈਂਗਲੁਰੂ ਜਾਂ ਹੈਦਰਾਬਾਦ ਵਰਗਾ ਆਈਟੀ ਹੱਬ ਬਣਾਉਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਅਮਨ ਅਰੋੜਾ ਨੇ ਕਿਹਾ ਕਿ ਮੋਹਾਲੀ ਪਹਿਲਾਂ ਹੀ ਪੰਜਾਬ ਦਾ ਇੱਕ ਮਜ਼ਬੂਤ ਆਈਟੀ ਹੱਬ ਬਣ ਚੁੱਕਾ ਹੈ। ਇਸ ਤੋਂ ਇਲਾਵਾ ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਵਰਗੇ ਸ਼ਹਿਰਾਂ ਵਿੱਚ ਵੀ ਹਜ਼ਾਰਾਂ ਨੌਜਵਾਨ ਆਈਟੀ ਅਤੇ ਹੋਰ ਉਦਯੋਗਿਕ ਖੇਤਰਾਂ ਵਿੱਚ ਰੋਜ਼ਗਾਰ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਜਿੱਥੇ ਵੀ ਵਧੀਆ ਮੌਕੇ ਮਿਲਣ, ਉੱਥੇ ਕੰਮ ਕਰਨ ਦੀ ਪੂਰੀ ਆਜ਼ਾਦੀ ਹੋਣੀ ਚਾਹੀਦੀ ਹੈ।
ਨੌਜਵਾਨਾਂ ਨਾਲ ਕੀਤਾ ਸਿੱਧਾ ਸੰਵਾਦ
ਸਮਾਗਮ ਦੌਰਾਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੇਲੇ ਵਿੱਚ ਲੱਗੇ ਹਰ ਕੰਪਨੀ ਦੇ ਸਟਾਲ ਦਾ ਦੌਰਾ ਕੀਤਾ। ਉਨ੍ਹਾਂ ਕੰਪਨੀਆਂ ਦੇ ਨੁਮਾਇੰਦਿਆਂ ਅਤੇ ਨੌਜਵਾਨਾਂ ਨਾਲ ਗੱਲਬਾਤ ਕਰਕੇ ਭਰਤੀ ਪ੍ਰਕਿਰਿਆ ਅਤੇ ਰੋਜ਼ਗਾਰ ਦੇ ਮੌਕਿਆਂ ਬਾਰੇ ਜਾਣਕਾਰੀ ਲਈ ਅਤੇ ਨੌਜਵਾਨਾਂ ਨੂੰ ਆਪਣੇ ਹੁਨਰ ਵਿੱਚ ਨਿਰੰਤਰ ਨਿਖਾਰ ਲਿਆਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਰੋਜ਼ਗਾਰ ਉਤਪੱਤੀ ਅਤੇ ਸਿਖਲਾਈ ਵਿਭਾਗ ਦੀ ਡਾਇਰੈਕਟਰ ਅੰਮ੍ਰਿਤ ਸਿੰਘ (ਆਈਏਐਸ), ਡਿਪਟੀ ਕਮਿਸ਼ਨਰ ਸੰਗਰੂਰ ਪੂਨਮਦੀਪ ਕੌਰ (ਆਈਏਐਸ), ਵਧੀਕ ਡਿਪਟੀ ਕਮਿਸ਼ਨਰ ਅੰਕੁਰ ਮਹਿੰਦਰੂ, ਐਸਡੀਐਮ ਸੁਨਾਮ ਗਗਨਦੀਪ ਸਿੰਘ, ਮਾਰਕੀਟ ਕਮੇਟੀ ਸੁਨਾਮ ਦੇ ਚੇਅਰਮੈਨ ਮੁਕੇਸ਼ ਜੁਨੇਜਾ, ਕੈਬਨਿਟ ਮੰਤਰੀ ਦੇ ਮੀਡੀਆ ਸਲਾਹਕਾਰ ਯਸ਼ਪਾਲ ਮੰਗਲਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਉਦਯੋਗਿਕ ਇਕਾਈਆਂ ਦੇ ਨੁਮਾਇੰਦੇ ਅਤੇ ਵੱਡੀ ਗਿਣਤੀ ਵਿੱਚ ਨੌਜਵਾਨ ਹਾਜ਼ਰ ਸਨ।
