
ਚੰਡੀਗੜ੍ਹ, 28 ਜੂਨ 2026: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਹਰ ਨਾਗਰਿਕ ਤੱਕ ਮਿਆਰੀ ਅਤੇ ਮੁਫ਼ਤ ਸਿਹਤ ਸੇਵਾਵਾਂ ਪਹੁੰਚਾਉਣ ਲਈ ਲਗਾਤਾਰ ਯਤਨਸ਼ੀਲ ਹੈ। ਲੋਕਾਂ ਨੂੰ ਛੋਟੀਆਂ-ਵੱਡੀਆਂ ਬਿਮਾਰੀਆਂ ਦੇ ਇਲਾਜ ਅਤੇ ਦਵਾਈਆਂ ਲਈ ਦੂਰ-ਦੁਰਾਡੇ ਹਸਪਤਾਲਾਂ ਦੇ ਚੱਕਰ ਨਾ ਕੱਟਣ ਪੈਣ, ਇਸ ਮਕਸਦ ਨਾਲ ਪੰਜਾਬ ਸਰਕਾਰ ਨੇ ਸੂਬੇ ਭਰ ਵਿੱਚ ‘ਆਮ ਆਦਮੀ ਕਲੀਨਿਕ’ ਸਥਾਪਿਤ ਕੀਤੇ ਹਨ। ਇਹ ਕਲੀਨਿਕ ਲੋਕਾਂ ਲਈ ਘਰ ਦੇ ਨੇੜੇ ਹੀ ਸਸਤੀ ਨਹੀਂ, ਸਗੋਂ ਪੂਰੀ ਤਰ੍ਹਾਂ ਮੁਫ਼ਤ ਅਤੇ ਮਿਆਰੀ ਸਿਹਤ ਸੇਵਾਵਾਂ ਉਪਲਬਧ ਕਰਵਾ ਰਹੇ ਹਨ।
15 ਅਗਸਤ 2022 ਨੂੰ ਸ਼ੁਰੂ ਕੀਤੀ ਗਈ ਇਹ ਲੋਕ ਭਲਾਈ ਪਹਿਲ ਅੱਜ ਪੰਜਾਬ ਦੀ ਸਿਹਤ ਪ੍ਰਣਾਲੀ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਚੁੱਕੀ ਹੈ। ਸ਼ਹਿਰਾਂ ਤੋਂ ਲੈ ਕੇ ਪਿੰਡਾਂ ਤੱਕ ਸਥਾਪਿਤ ਆਮ ਆਦਮੀ ਕਲੀਨਿਕਾਂ ਵਿੱਚ ਲੋਕਾਂ ਨੂੰ ਡਾਕਟਰੀ ਸਲਾਹ, ਲੋੜੀਂਦੇ ਟੈਸਟ ਅਤੇ ਦਵਾਈਆਂ ਇੱਕੋ ਥਾਂ ‘ਤੇ ਮੁਫ਼ਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਨਾਲ ਨਾ ਸਿਰਫ਼ ਇਲਾਜ ਲੋਕਾਂ ਦੀ ਪਹੁੰਚ ਵਿੱਚ ਆਇਆ ਹੈ, ਸਗੋਂ ਸਮੇਂ ਅਤੇ ਪੈਸੇ ਦੀ ਵੀ ਵੱਡੀ ਬਚਤ ਹੋਈ ਹੈ।
ਮੌਜੂਦਾ ਸਮੇਂ ਪੰਜਾਬ ਭਰ ਵਿੱਚ ਕੁੱਲ 990 ਆਮ ਆਦਮੀ ਕਲੀਨਿਕ ਸਫਲਤਾਪੂਰਵਕ ਚੱਲ ਰਹੇ ਹਨ ਅਤੇ ਸਰਕਾਰ ਨੇ ਜਲਦ ਹੀ ਇਨ੍ਹਾਂ ਦੀ ਗਿਣਤੀ ਵਧਾ ਕੇ 1400 ਕਰਨ ਦਾ ਟੀਚਾ ਰੱਖਿਆ ਹੈ। ਇਨ੍ਹਾਂ ਕਲੀਨਿਕਾਂ ਵਿੱਚ 107 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਅਤੇ 47 ਤਰ੍ਹਾਂ ਦੇ ਡਾਇਗਨੋਸਟਿਕ ਟੈਸਟ ਪੂਰੀ ਤਰ੍ਹਾਂ ਮੁਫ਼ਤ ਕੀਤੇ ਜਾਂਦੇ ਹਨ, ਜਿਸ ਨਾਲ ਆਮ ਲੋਕਾਂ ਨੂੰ ਵੱਡੀ ਆਰਥਿਕ ਰਾਹਤ ਮਿਲ ਰਹੀ ਹੈ।
ਆਮ ਆਦਮੀ ਕਲੀਨਿਕਾਂ ਵਿੱਚ ਰੋਜ਼ਾਨਾ ਹਜ਼ਾਰਾਂ ਲੋਕ ਇਲਾਜ ਲਈ ਪਹੁੰਚ ਰਹੇ ਹਨ। ਹੁਣ ਤੱਕ ਇਨ੍ਹਾਂ ਕਲੀਨਿਕਾਂ ਵਿੱਚ ਓਪੀਡੀ ਮਰੀਜ਼ਾਂ ਦੀ ਗਿਣਤੀ 5 ਕਰੋੜ ਦਾ ਅੰਕੜਾ ਪਾਰ ਕਰ ਚੁੱਕੀ ਹੈ, ਜੋ ਲੋਕਾਂ ਦੇ ਭਰੋਸੇ ਅਤੇ ਇਸ ਯੋਜਨਾ ਦੀ ਸਫਲਤਾ ਦਾ ਪ੍ਰਤੀਕ ਹੈ। ਛੋਟੀਆਂ ਬਿਮਾਰੀਆਂ ਦਾ ਇਲਾਜ ਅਤੇ ਮੁੱਢਲੀਆਂ ਜਾਂਚਾਂ ਕਲੀਨਿਕਾਂ ਵਿੱਚ ਹੀ ਹੋ ਜਾਣ ਕਾਰਨ ਵੱਡੇ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਭੀੜ ਅਤੇ ਲੰਬੀਆਂ ਕਤਾਰਾਂ ਵਿੱਚ ਵੀ ਕਮੀ ਆਈ ਹੈ।
ਪੰਜਾਬ ਸਰਕਾਰ ਦਾ ਉਦੇਸ਼ ਹਰ ਨਾਗਰਿਕ ਨੂੰ ਉਸਦੇ ਘਰ ਦੇ ਨੇੜੇ ਹੀ ਬਿਹਤਰ, ਸੁਵਿਧਾਜਨਕ ਅਤੇ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ। ਆਮ ਆਦਮੀ ਕਲੀਨਿਕ ਇਸ ਦਿਸ਼ਾ ਵਿੱਚ ਇੱਕ ਅਹਿਮ ਕਦਮ ਸਾਬਤ ਹੋਏ ਹਨ, ਜੋ ਨਾ ਸਿਰਫ਼ ਲੋਕਾਂ ਦੀ ਸਿਹਤ ਸੰਭਾਲ ਨੂੰ ਮਜ਼ਬੂਤ ਕਰ ਰਹੇ ਹਨ, ਸਗੋਂ ਸਰਕਾਰੀ ਸਿਹਤ ਸੇਵਾਵਾਂ ਪ੍ਰਤੀ ਲੋਕਾਂ ਦੇ ਵਿਸ਼ਵਾਸ ਨੂੰ ਵੀ ਹੋਰ ਮਜ਼ਬੂਤ ਬਣਾ ਰਹੇ ਹਨ।
