Friday, November 6Punjabi People

ਪੰਜਾਬ ਸਰਕਾਰ ਵੱਲੋਂ ਬੱਸ ਅੱਡਿਆਂ, ਤਹਿਸੀਲਾਂ ਤੇ ਹੋਰ ਸਰਕਾਰੀ ਅਦਾਰਿਆਂ ’ਚ SHG ਮਹਿਲਾਵਾਂ ਦੁਆਰਾ ਚਲਾਈਆਂ ਜਾਣਗੀਆਂ 100 ਕੰਟੀਨਾਂ

ਚੰਡੀਗੜ੍ਹ, 6 ਨਵੰਬਰ 2026: ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪ੍ਰਮੁੱਖ ਜਨਤਕ ਅਦਾਰਿਆਂ ਵਿੱਚ ਸਵੈ-ਸਹਾਇਤਾ ਸਮੂਹਾਂ (SHGs) ਦੀਆਂ ਮਹਿਲਾਵਾਂ ਦੁਆਰਾ ਸੰਚਾਲਿਤ 100 ਕੰਟੀਨਾਂ ਸਥਾਪਤ ਕੀਤੀਆਂ ਜਾ ਰਹੀਆਂ ਹਨ। ਇਸ ਯੋਜਨਾ ਦਾ ਮੁੱਖ ਉਦੇਸ਼ ਪੇਂਡੂ ਔਰਤਾਂ ਨੂੰ ਸਥਾਈ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਦੇ ਨਾਲ-ਨਾਲ ਆਮ ਲੋਕਾਂ ਨੂੰ ਵਾਜਬ ਕੀਮਤਾਂ ‘ਤੇ ਸਾਫ਼-ਸੁਥਰਾ, ਘਰ ਵਿੱਚ ਤਿਆਰ ਕੀਤਾ ਪੌਸ਼ਟਿਕ ਭੋਜਨ ਉਪਲਬਧ ਕਰਵਾਉਣਾ ਹੈ।

ਇਸ ਮਹੱਤਵਪੂਰਨ ਪਹਿਲਕਦਮੀ ਦਾ ਵੇਰਵਾ ਸਾਂਝਾ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਯੋਜਨਾ ਪੰਜਾਬ ਵਿੱਚ ਸਮਾਜਿਕ ਅਤੇ ਆਰਥਿਕ ਤਬਦੀਲੀ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਏਗੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ (PSRLM) ਵੱਲੋਂ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਪੰਜਾਬ ਰੋਡਵੇਜ਼ ਦੇ ਬੱਸ ਅੱਡਿਆਂ, ਤਹਿਸੀਲ ਦਫ਼ਤਰਾਂ, ਡਿਪਟੀ ਕਮਿਸ਼ਨਰ ਅਤੇ ਨਗਰ ਨਿਗਮ ਦਫ਼ਤਰਾਂ, ਵਿਭਾਗੀ ਮੁੱਖ ਦਫ਼ਤਰਾਂ ਸਮੇਤ ਹੋਰ ਪ੍ਰਮੁੱਖ ਸਰਕਾਰੀ ਅਦਾਰਿਆਂ ਵਿੱਚ ਇਹ 100 ਕੰਟੀਨਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।

ਵਿੱਤ ਮੰਤਰੀ ਨੇ ਕਿਹਾ ਕਿ ਕੰਟੀਨਾਂ ਨੂੰ ਸਫਲਤਾਪੂਰਵਕ ਚਲਾਉਣ ਲਈ ਸਰਕਾਰ ਵੱਲੋਂ ਸਰਕਾਰੀ ਦਫ਼ਤਰਾਂ ਵਿੱਚ ਮੁਫ਼ਤ ਜਗ੍ਹਾ ਦੇ ਨਾਲ ਬਿਜਲੀ ਅਤੇ ਪਾਣੀ ਦੀਆਂ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਕੰਟੀਨਾਂ ਦੇ ਸੁਚਾਰੂ ਸੰਚਾਲਨ ਲਈ ਲੋੜੀਂਦੇ ਰਸੋਈ ਦੇ ਭਾਂਡੇ ਅਤੇ ਹੋਰ ਸਾਮਾਨ ਵੀ ਉਪਲਬਧ ਕਰਵਾਇਆ ਜਾਵੇਗਾ।

ਮਹਿਲਾਵਾਂ ਦੇ ਹੁਨਰ ਵਿਕਾਸ ਅਤੇ ਭੋਜਨ ਦੀ ਗੁਣਵੱਤਾ ਨੂੰ ਤਰਜੀਹ ਦੇਣ ਬਾਰੇ ਉਨ੍ਹਾਂ ਦੱਸਿਆ ਕਿ PSRLM ਵੱਲੋਂ ਜ਼ਿਲ੍ਹਾ ਪੱਧਰ ‘ਤੇ ਹੋਟਲ ਮੈਨੇਜਮੈਂਟ ਕਾਲਜਾਂ ਦੇ ਸਹਿਯੋਗ ਨਾਲ ਸਵੈ-ਸਹਾਇਤਾ ਸਮੂਹਾਂ ਦੀਆਂ ਮਹਿਲਾ ਮੈਂਬਰਾਂ ਨੂੰ 7 ਤੋਂ 10 ਦਿਨਾਂ ਦੀ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ। ਇਸ ਸਿਖਲਾਈ ਵਿੱਚ ਪੇਸ਼ੇਵਰ ਖਾਣਾ ਬਣਾਉਣ ਅਤੇ ਕੰਟੀਨ ਪ੍ਰਬੰਧਨ ਦੇ ਗੁਰ ਸਿਖਾਏ ਜਾਣਗੇ।

ਉਨ੍ਹਾਂ ਕਿਹਾ ਕਿ ਇਸ ਮਾਡਲ ਦੀ ਸਫਲਤਾ ਦੀ ਝਲਕ ਪਹਿਲਾਂ ਹੀ ਚੰਡੀਗੜ੍ਹ ਦੇ ਸੈਕਟਰ-33 ਸਥਿਤ ਵਿੱਤ ਅਤੇ ਯੋਜਨਾ ਭਵਨ ਵਿੱਚ ਸ਼ੁਰੂ ਕੀਤੀ ਗਈ ਪਾਇਲਟ ਕੰਟੀਨ ਵਿੱਚ ਦੇਖਣ ਨੂੰ ਮਿਲੀ ਹੈ। ਮੋਹਾਲੀ ਦੇ ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਮਹਿਲਾਵਾਂ ਵੱਲੋਂ ਚਲਾਈ ਜਾ ਰਹੀ ਇਹ ਕੰਟੀਨ ਤਾਜ਼ਾ ਨਾਸ਼ਤਾ, ਦੁਪਹਿਰ ਦਾ ਖਾਣਾ ਅਤੇ 26 ਤਰ੍ਹਾਂ ਦੇ ਪਕਵਾਨਾਂ ਵਾਲਾ ਮੀਨੂ ਸਫਲਤਾਪੂਰਵਕ ਮੁਹੱਈਆ ਕਰਵਾ ਰਹੀ ਹੈ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਪਹਿਲਕਦਮੀ ਨੂੰ 100 ਥਾਵਾਂ ਤੱਕ ਪਹੁੰਚਾਉਣ ਨਾਲ ਪੰਜਾਬ ਭਰ ਦੀਆਂ ਪੇਂਡੂ ਮਹਿਲਾਵਾਂ ਲਈ ਰੁਜ਼ਗਾਰ ਦਾ ਇੱਕ ਮਜ਼ਬੂਤ ਅਤੇ ਟਿਕਾਊ ਮੰਚ ਤਿਆਰ ਹੋਵੇਗਾ। ਇਸ ਨਾਲ ਹਜ਼ਾਰਾਂ ਔਰਤਾਂ ਨੂੰ ਸਨਮਾਨਜਨਕ ਅਤੇ ਨਿਯਮਤ ਆਮਦਨ ਦੇ ਮੌਕੇ ਮਿਲਣਗੇ, ਜਦਕਿ ਲੱਖਾਂ ਲੋਕਾਂ ਨੂੰ ਸਸਤਾ, ਸਾਫ਼-ਸੁਥਰਾ ਅਤੇ ਪੌਸ਼ਟਿਕ ਭੋਜਨ ਵੀ ਉਪਲਬਧ ਹੋਵੇਗਾ।

Leave a Reply

Your email address will not be published. Required fields are marked *