Wednesday, November 4Punjabi People

ਤਿਉਹਾਰੀ ਸੀਜ਼ਨ ’ਚ ਮਿਲਾਵਟਖੋਰਾਂ ਖ਼ਿਲਾਫ਼ ਸਖ਼ਤੀ, 110 ਕੁਇੰਟਲ ਅਸੁਰੱਖਿਅਤ ਖਾਧ ਪਦਾਰਥ ਜ਼ਬਤ, 50 ਕੁਇੰਟਲ ਮਿਲਾਵਟੀ ਦੁੱਧ ਉਤਪਾਦ ਨਸ਼ਟ

ਚੰਡੀਗੜ੍ਹ, 4 ਨਵੰਬਰ 2026: ਤਿਉਹਾਰਾਂ ਦੇ ਸੀਜ਼ਨ ਦੌਰਾਨ ਲੋਕਾਂ ਨੂੰ ਸ਼ੁੱਧ, ਸੁਰੱਖਿਅਤ ਅਤੇ ਪੌਸ਼ਟਿਕ ਖਾਧ ਪਦਾਰਥ ਮੁਹੱਈਆ ਕਰਵਾਉਣ ਲਈ ਪੰਜਾਬ ਦੇ ਖੁਰਾਕ ਸੁਰੱਖਿਆ ਵਿਭਾਗ ਵੱਲੋਂ ਸੂਬੇ ਭਰ ਵਿੱਚ ਮਿਲਾਵਟਖੋਰੀ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਖਾਧ ਪਦਾਰਥਾਂ ਦੀ ਗੁਣਵੱਤਾ ਦੀ ਜਾਂਚ ਕਰਨ ਦੇ ਨਾਲ-ਨਾਲ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਾਰੋਬਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਅਤੇ ਵਿਭਾਗ ਦੇ ਪ੍ਰਮੁੱਖ ਸਕੱਤਰ ਕੁਮਾਰ ਰਾਹੁਲ ਦੇ ਨਿਰਦੇਸ਼ਾਂ ਅਨੁਸਾਰ ਵਿਸ਼ੇਸ਼ ਟੀਮਾਂ ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਲਗਾਤਾਰ ਜਾਂਚ ਕਰ ਰਹੀਆਂ ਹਨ। ਇਨ੍ਹਾਂ ਟੀਮਾਂ ਵੱਲੋਂ ਖਾਧ ਪਦਾਰਥ ਤਿਆਰ ਕਰਨ ਵਾਲੀਆਂ ਇਕਾਈਆਂ, ਥੋਕ ਮੰਡੀਆਂ, ਮਠਿਆਈ ਦੀਆਂ ਦੁਕਾਨਾਂ, ਡੇਅਰੀਆਂ, ਰੈਸਟੋਰੈਂਟਾਂ ਅਤੇ ਪ੍ਰਚੂਨ ਵਿਕਰੀ ਕੇਂਦਰਾਂ ਦੀ ਦਿਨ-ਰਾਤ ਚੈਕਿੰਗ ਕੀਤੀ ਜਾ ਰਹੀ ਹੈ।

ਸਰਕਾਰ ਦੀ ਸਖ਼ਤ ਨੀਤੀ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਹੋਈ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਮਾਮੂਲੀ ਮੁਨਾਫ਼ੇ ਦੀ ਖ਼ਾਤਰ ਖਾਧ ਪਦਾਰਥਾਂ ਵਿੱਚ ਮਿਲਾਵਟ ਕਰਕੇ ਲੋਕਾਂ ਦੀ ਸਿਹਤ ਨੂੰ ਖ਼ਤਰੇ ਵਿੱਚ ਪਾਉਂਦੇ ਹਨ, ਜਿਨ੍ਹਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ।

ਉਨ੍ਹਾਂ ਸਪੱਸ਼ਟ ਕੀਤਾ ਕਿ ਤਿਉਹਾਰ ਖੁਸ਼ੀਆਂ ਅਤੇ ਜਸ਼ਨਾਂ ਦਾ ਸਮਾਂ ਹੁੰਦੇ ਹਨ ਅਤੇ ਹਰ ਪਰਿਵਾਰ ਤੱਕ ਮਿਲਾਵਟ ਰਹਿਤ ਤੇ ਪੌਸ਼ਟਿਕ ਭੋਜਨ ਪਹੁੰਚਾਉਣਾ ਸਰਕਾਰ ਦੀ ਮੁੱਖ ਤਰਜੀਹ ਹੈ। ਨਕਲੀ ਵਸਤਾਂ ਤਿਆਰ ਕਰਨ, ਮਿਲਾਵਟ ਕਰਨ ਜਾਂ ਘਟੀਆ ਗੁਣਵੱਤਾ ਵਾਲੇ ਖਾਧ ਪਦਾਰਥ ਵੇਚਣ ਵਾਲਿਆਂ ਵਿਰੁੱਧ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਤਹਿਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਪਿਛਲੇ ਇੱਕ ਮਹੀਨੇ ਦੌਰਾਨ ਵਿਭਾਗ ਵੱਲੋਂ ਤਿਉਹਾਰਾਂ ਵਿੱਚ ਵਧੇਰੇ ਵਰਤੀਆਂ ਜਾਣ ਵਾਲੀਆਂ ਵਸਤਾਂ, ਜਿਵੇਂ ਦੇਸੀ ਘਿਓ, ਦੁੱਧ, ਪਨੀਰ, ਖੋਆ, ਰਵਾਇਤੀ ਮਠਿਆਈਆਂ, ਖਾਣ ਵਾਲੇ ਤੇਲ, ਵਨਸਪਤੀ ਅਤੇ ਮਸਾਲਿਆਂ ਦੀ ਵਿਸ਼ੇਸ਼ ਜਾਂਚ ਕੀਤੀ ਗਈ। ਸਿਹਤ ਮੰਤਰੀ ਨੇ ਦੱਸਿਆ ਕਿ ਇਸ ਦੌਰਾਨ ਛਾਪੇਮਾਰੀਆਂ ਕਰਕੇ 11 ਟਨ ਤੋਂ ਵੱਧ ਸ਼ੱਕੀ ਅਤੇ ਅਸੁਰੱਖਿਅਤ ਖਾਧ ਪਦਾਰਥ ਜ਼ਬਤ ਕੀਤੇ ਗਏ। ਇਨ੍ਹਾਂ ਵਿੱਚ ਦੇਸੀ ਘਿਓ, ਪਨੀਰ, ਖੋਆ, ਮਠਿਆਈਆਂ, ਖਾਣ ਵਾਲੇ ਤੇਲ ਅਤੇ ਵਨਸਪਤੀ ਸ਼ਾਮਲ ਹਨ। ਇਸ ਤੋਂ ਇਲਾਵਾ ਖਾਣ ਦੇ ਅਯੋਗ ਪਾਏ ਗਏ ਲਗਭਗ 5 ਟਨ ਮਿਲਾਵਟੀ ਦੁੱਧ ਉਤਪਾਦਾਂ ਅਤੇ ਮਠਿਆਈਆਂ ਨੂੰ ਨਿਯਮਾਂ ਅਨੁਸਾਰ ਨਸ਼ਟ ਕਰ ਦਿੱਤਾ ਗਿਆ।

ਸੂਬਾ ਪੱਧਰੀ ਇਸ ਮੁਹਿੰਮ ਤਹਿਤ ਜਾਂਚ ਲਈ ਕੁੱਲ 1,950 ਖਾਧ ਪਦਾਰਥਾਂ ਦੇ ਨਮੂਨੇ ਇਕੱਠੇ ਕਰਕੇ ਲੈਬਾਰਟਰੀ ਵਿੱਚ ਭੇਜੇ ਗਏ। ਖ਼ਾਸ ਤੌਰ ’ਤੇ ਪਨੀਰ ਅਤੇ ਖੋਏ ਦੀ ਸ਼ੁੱਧਤਾ ਯਕੀਨੀ ਬਣਾਉਣ ਲਈ ਦੁੱਧ ਅਤੇ ਇਸ ਤੋਂ ਤਿਆਰ ਹੋਣ ਵਾਲੇ ਉਤਪਾਦਾਂ ਦੇ 437 ਨਮੂਨੇ ਲਏ ਗਏ। ਜਾਂਚ ਦੌਰਾਨ ਇਨ੍ਹਾਂ ਵਿੱਚੋਂ 218 ਨਮੂਨੇ ਨਿਰਧਾਰਤ ਗੁਣਵੱਤਾ ਮਾਪਦੰਡਾਂ ’ਤੇ ਖਰੇ ਨਹੀਂ ਉਤਰੇ, ਜਦਕਿ 51 ਨਮੂਨਿਆਂ ਨੂੰ ਅਧਿਕਾਰਤ ਤੌਰ ’ਤੇ ਅਸੁਰੱਖਿਅਤ ਅਤੇ ਮਿਲਾਵਟੀ ਕਰਾਰ ਦਿੱਤਾ ਗਿਆ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਾਰੇ ਖਾਧ ਕਾਰੋਬਾਰੀਆਂ (FBOs) ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਸਬੰਧੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (FDA) ਪੰਜਾਬ ਦੀ ਕਮਿਸ਼ਨਰ ਕੰਵਲ ਪ੍ਰੀਤ ਬਰਾੜ ਨੇ ਦੱਸਿਆ ਕਿ ਫੂਡ ਸੇਫਟੀ ਅਧਿਕਾਰੀਆਂ ਨੂੰ ਖਾਧ ਪਦਾਰਥਾਂ ਨਾਲ ਸਬੰਧਤ ਇਕਾਈਆਂ ਦੀ ਬਾਰੀਕੀ ਨਾਲ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਕਿਸੇ ਵੀ ਸ਼ੱਕੀ ਖਾਧ ਵਸਤੂ ਨੂੰ ਤੁਰੰਤ ਜਾਂਚ ਲਈ ਖਰੜ ਸਥਿਤ ਸਟੇਟ ਫੂਡ ਐਂਡ ਡਰੱਗ ਲੈਬਾਰਟਰੀ ਵਿੱਚ ਭੇਜਣ ਲਈ ਕਿਹਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਨਿੱਜੀ ਸਫ਼ਾਈ, ਰਸੋਈ ਅਤੇ ਉਤਪਾਦਨ ਸਥਾਨਾਂ ਦੀ ਸਵੱਛਤਾ, ਕੱਚੇ ਮਾਲ ਦੀ ਗੁਣਵੱਤਾ ਅਤੇ ਖਾਧ ਪਦਾਰਥਾਂ ਦੀ ਸਹੀ ਸਟੋਰੇਜ ਵਰਗੇ ਮਾਪਦੰਡਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।

FDA ਕਮਿਸ਼ਨਰ ਨੇ ਖਾਧ ਕਾਰੋਬਾਰੀਆਂ, ਮਠਿਆਈ ਵਿਕਰੇਤਾਵਾਂ ਅਤੇ ਮਠਿਆਈਆਂ ਤਿਆਰ ਕਰਨ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਤਿਉਹਾਰੀ ਸੀਜ਼ਨ ਦੌਰਾਨ ਗੁਣਵੱਤਾ ਅਤੇ ਸਫ਼ਾਈ ਦੇ ਉੱਚ ਮਿਆਰਾਂ ਨੂੰ ਯਕੀਨੀ ਬਣਾਉਣ। ਉਨ੍ਹਾਂ ਖਪਤਕਾਰਾਂ ਨੂੰ ਵੀ ਸੁਚੇਤ ਰਹਿਣ ਦੀ ਸਲਾਹ ਦਿੰਦਿਆਂ ਕਿਹਾ ਕਿ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਵਿਭਾਗ ਨੂੰ ਸੂਚਿਤ ਕੀਤਾ ਜਾਵੇ ਅਤੇ ਖਾਧ ਪਦਾਰਥ ਹਮੇਸ਼ਾ ਰਜਿਸਟਰਡ ਤੇ ਲਾਇਸੰਸਸ਼ੁਦਾ ਦੁਕਾਨਾਂ ਤੋਂ ਹੀ ਖਰੀਦੇ ਜਾਣ।

Leave a Reply

Your email address will not be published. Required fields are marked *