
ਚੰਡੀਗੜ੍ਹ, 16 ਸਤੰਬਰ 2026: ਹਰਿਆਣਾ ਸਰਕਾਰ ਵੱਲੋਂ 17 ਸਤੰਬਰ ਤੋਂ ‘ਸੇਵਾ ਸੰਕਲਪ ਅਭਿਆਨ’ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਮੁਹਿੰਮ ਤਹਿਤ ਸੂਬੇ ਭਰ ਵਿੱਚ ਸੇਵਾ, ਜਨ-ਭਾਗੀਦਾਰੀ, ਸਮਾਜਿਕ ਜ਼ਿੰਮੇਵਾਰੀ ਅਤੇ ਸਕਾਰਾਤਮਕ ਸੋਚ ਨਾਲ ਜੁੜੇ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾਣਗੇ। ਮੁਹਿੰਮ ਦੀ ਸ਼ੁਰੂਆਤ ‘ਆਸ਼ੀਰਵਾਦ ਦਾ ਦੀਵਾ’ ਪ੍ਰੋਗਰਾਮ ਨਾਲ ਹੋਵੇਗੀ। ਸਰਕਾਰੀ ਯੋਜਨਾ ਅਨੁਸਾਰ ਇਹ ਅਭਿਆਨ 17 ਸਤੰਬਰ ਤੋਂ 17 ਅਕਤੂਬਰ ਤੱਕ ਚੱਲੇਗਾ।
ਸੂਬੇ ਦੇ ਸਹਿਕਾਰਤਾ, ਜੇਲ੍ਹਾਂ, ਸੈਰ-ਸਪਾਟਾ, ਵਿਰਸਾ ਅਤੇ ਚੋਣ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਮੁਹਿੰਮ ਦੇ ਆਗਾਜ਼ ਮੌਕੇ ‘ਇੱਕ ਦੀਵਾ-ਇੱਕ ਆਸ਼ੀਰਵਾਦ’ ਦੀ ਭਾਵਨਾ ਨਾਲ ਵੱਖ-ਵੱਖ ਥਾਵਾਂ ‘ਤੇ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾਣਗੇ। ਇਸ ਤਹਿਤ ਪ੍ਰਮੁੱਖ ਸੈਰ-ਸਪਾਟਾ ਸਥਾਨਾਂ, ਸਹਿਕਾਰੀ ਸੰਸਥਾਵਾਂ, ਵਿਰਸਾਤੀ ਅਤੇ ਇਤਿਹਾਸਕ ਥਾਵਾਂ ਦੇ ਨਾਲ-ਨਾਲ ਸੂਬੇ ਦੀਆਂ ਜੇਲ੍ਹਾਂ ਵਿੱਚ ਵੀ ‘ਆਸ਼ੀਰਵਾਦ ਦਾ ਦੀਵਾ’ ਜਗਾਇਆ ਜਾਵੇਗਾ।
ਡਾ. ਅਰਵਿੰਦ ਸ਼ਰਮਾ ਨੇ ਇੱਕ ਵੀਡੀਓ ਸੰਦੇਸ਼ ਰਾਹੀਂ ਸੂਬੇ ਦੇ ਲੋਕਾਂ ਨੂੰ ਇਸ ਮੁਹਿੰਮ ਨਾਲ ਜੁੜਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸੇਵਾ, ਸੰਕਲਪ ਅਤੇ ਜਨ-ਭਾਗੀਦਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਹਰ ਵਿਅਕਤੀ ਆਪਣੀ ਸਮਰੱਥਾ ਅਨੁਸਾਰ ਇਸ ਪਹਿਲ ਵਿੱਚ ਯੋਗਦਾਨ ਪਾ ਸਕਦਾ ਹੈ। ਉਨ੍ਹਾਂ ਅਨੁਸਾਰ 17 ਸਤੰਬਰ ਨੂੰ ਘਰਾਂ ਅਤੇ ਵੱਖ-ਵੱਖ ਸੰਸਥਾਵਾਂ ਵਿੱਚ ਦੀਵਾ ਜਗਾਉਣਾ ਇਸ ਮੁਹਿੰਮ ਵਿੱਚ ਲੋਕਾਂ ਦੀ ਭਾਗੀਦਾਰੀ ਦਾ ਇੱਕ ਪ੍ਰਤੀਕ ਹੋਵੇਗਾ।
‘ਆਸ਼ੀਰਵਾਦ ਦਾ ਦੀਵਾ’ ਬਣੇਗਾ ਸੇਵਾ ਅਤੇ ਸਕਾਰਾਤਮਕਤਾ ਦਾ ਪ੍ਰਤੀਕ
ਡਾ. ਸ਼ਰਮਾ ਨੇ ਕਿਹਾ ਕਿ ‘ਇੱਕ ਦੀਵਾ-ਇੱਕ ਆਸ਼ੀਰਵਾਦ’ ਦੀ ਭਾਵਨਾ ਨਾਲ ਜਗਾਇਆ ਜਾਣ ਵਾਲਾ ਹਰ ਦੀਵਾ ਸੇਵਾ, ਸੰਕਲਪ, ਸਕਾਰਾਤਮਕਤਾ ਅਤੇ ਸੂਬੇ ਤੇ ਦੇਸ਼ ਦੀ ਸੁੱਖ-ਖੁਸ਼ਹਾਲੀ ਦੀ ਕਾਮਨਾ ਦਾ ਪ੍ਰਤੀਕ ਹੋਵੇਗਾ।
ਇਸ ਪਹਿਲ ਤਹਿਤ ਸੈਰ-ਸਪਾਟਾ ਸਥਾਨਾਂ ‘ਤੇ ਸੈਲਾਨੀਆਂ, ਸਥਾਨਕ ਨਿਵਾਸੀਆਂ ਅਤੇ ਨੌਜਵਾਨਾਂ ਨੂੰ ਜੋੜਨ ਦੀ ਯੋਜਨਾ ਹੈ। ਇਸੇ ਤਰ੍ਹਾਂ ਸਹਿਕਾਰੀ ਸੰਸਥਾਵਾਂ ਵਿੱਚ ਮੈਂਬਰਾਂ ਅਤੇ ਕਰਮਚਾਰੀਆਂ ਅਤੇ ਜੇਲ੍ਹ ਪਰਿਸਰਾਂ ਵਿੱਚ ਅਧਿਕਾਰੀਆਂ, ਕਰਮਚਾਰੀਆਂ ਅਤੇ ਕੈਦੀਆਂ ਦੀ ਭਾਗੀਦਾਰੀ ਯਕੀਨੀ ਬਣਾਉਣ ‘ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਹਰਿਆਣਾ ਦੀਆਂ ਜੇਲ੍ਹਾਂ ਵਿੱਚ ਇਸ ਮੁਹਿੰਮ ਦੌਰਾਨ ਪੌਧਾਰੋਪਣ, ਖੂਨਦਾਨ, ਯੋਗ, ਸਿਹਤ ਅਤੇ ਆਧਿਆਤਮਿਕ ਗਤੀਵਿਧੀਆਂ ਦੇ ਨਾਲ ਸਿੱਖਿਆ ਅਤੇ ਸੁਧਾਰ ਨਾਲ ਸਬੰਧਤ ਪ੍ਰੋਗਰਾਮ ਵੀ ਕਰਵਾਏ ਜਾਣੇ ਹਨ।
ਸੈਰ-ਸਪਾਟਾ ਸਥਾਨਾਂ ‘ਤੇ ਫੋਟੋ ਅਤੇ ਡਿਜੀਟਲ ਪ੍ਰਦਰਸ਼ਨੀਆਂ
ਸੈਰ-ਸਪਾਟਾ ਵਿਭਾਗ ਵੱਲੋਂ ਮੁਹਿੰਮ ਤਹਿਤ ‘ਸੇਵਾ ਦੇ 25 ਸਾਲ–ਹਰਿਆਣਾ ਸੈਰ-ਸਪਾਟੇ ਦੀ ਨਵੀਂ ਉਡਾਣ’ ਥੀਮ ‘ਤੇ ਪ੍ਰਮੁੱਖ ਸੈਰ-ਸਪਾਟਾ ਸਥਾਨਾਂ ‘ਤੇ ਫੋਟੋ ਅਤੇ ਡਿਜੀਟਲ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ।
ਇਨ੍ਹਾਂ ਪ੍ਰਦਰਸ਼ਨੀਆਂ ਵਿੱਚ ਹਰਿਆਣਾ ਦੇ ਸੈਰ-ਸਪਾਟਾ ਵਿਕਾਸ ਦੇ ਨਾਲ-ਨਾਲ ਸੂਬੇ ਦੇ ਧਾਰਮਿਕ, ਇਤਿਹਾਸਕ ਅਤੇ ਸੱਭਿਆਚਾਰਕ ਵਿਰਸੇ ਨੂੰ ਉਜਾਗਰ ਕੀਤਾ ਜਾਵੇਗਾ। ਸੂਰਜਕੁੰਡ ਅੰਤਰਰਾਸ਼ਟਰੀ ਸ਼ਿਲਪ ਮੇਲਾ, ਕੁਰੂਕਸ਼ੇਤਰ-ਜੋਤੀਸਰ, ਪਿੰਜੌਰ, ਮੋਰਨੀ, ਢੋਸੀ ਪਹਾੜੀ ਅਤੇ ਫਾਰਮ ਤੇ ਗ੍ਰਾਮੀਣ ਸੈਰ-ਸਪਾਟੇ ਦੇ ਵਿਕਾਸ ਨਾਲ ਜੁੜੀ ਯਾਤਰਾ ਨੂੰ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ।
ਜੇਲ੍ਹਾਂ ਵਿੱਚ ਸੇਵਾ, ਸਿੱਖਿਆ ਅਤੇ ਸੁਧਾਰ ‘ਤੇ ਜ਼ੋਰ
ਜੇਲ੍ਹ ਵਿਭਾਗ ਵੱਲੋਂ ਵੀ ਇੱਕ ਮਹੀਨੇ ਤੱਕ ਚੱਲਣ ਵਾਲੀ ਮੁਹਿੰਮ ਦੌਰਾਨ ਕੈਦੀਆਂ ਦੀ ਵੱਧ ਤੋਂ ਵੱਧ ਭਾਗੀਦਾਰੀ ਕਰਵਾਉਣ ਦੀ ਯੋਜਨਾ ਹੈ। ਸਿੱਖਿਆ, ਹੁਨਰ ਵਿਕਾਸ, ਸਿਹਤ, ਵਾਤਾਵਰਣ ਸੰਭਾਲ ਅਤੇ ਆਧਿਆਤਮਿਕ ਗਤੀਵਿਧੀਆਂ ਰਾਹੀਂ ਜੇਲ੍ਹਾਂ ਵਿੱਚ ਸਕਾਰਾਤਮਕ ਮਾਹੌਲ ਨੂੰ ਹੋਰ ਮਜ਼ਬੂਤ ਕਰਨ ‘ਤੇ ਧਿਆਨ ਦਿੱਤਾ ਜਾਵੇਗਾ। ਸੂਬੇ ਦੀਆਂ ਜੇਲ੍ਹਾਂ ਵਿੱਚ ਪਹਿਲਾਂ ਤੋਂ ਚੱਲ ਰਹੀਆਂ ITI ਟਰੇਡਾਂ, IGNOU, ਓਪਨ ਸਕੂਲਿੰਗ ਅਤੇ ਸਾਖਰਤਾ ਨਾਲ ਜੁੜੀਆਂ ਗਤੀਵਿਧੀਆਂ ਵਿੱਚ ਵੀ ਭਾਗੀਦਾਰੀ ਵਧਾਉਣ ਦੀ ਗੱਲ ਕਹੀ ਗਈ ਹੈ।
ਅਧਿਕਾਰੀਆਂ ਨੂੰ ਸਮੇਂ ਸਿਰ ਤਿਆਰੀਆਂ ਪੂਰੀ ਕਰਨ ਦੇ ਨਿਰਦੇਸ਼
ਡਾ. ਅਰਵਿੰਦ ਸ਼ਰਮਾ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ‘ਆਸ਼ੀਰਵਾਦ ਦਾ ਦੀਵਾ’ ਸਮੇਤ ਸਾਰੇ ਪ੍ਰੋਗਰਾਮਾਂ ਲਈ ਸਥਾਨਾਂ ਦੀ ਚੋਣ ਅਤੇ ਹੋਰ ਜ਼ਰੂਰੀ ਤਿਆਰੀਆਂ ਸਮੇਂ ਸਿਰ ਮੁਕੰਮਲ ਕੀਤੀਆਂ ਜਾਣ। ਉਨ੍ਹਾਂ ਨੇ ਪ੍ਰੋਗਰਾਮਾਂ ਨੂੰ ਸੁਚੱਜੇ ਅਤੇ ਸਨਮਾਨਜਨਕ ਢੰਗ ਨਾਲ ਕਰਵਾਉਣ ਅਤੇ ਵੱਧ ਤੋਂ ਵੱਧ ਲੋਕਾਂ ਦੀ ਭਾਗੀਦਾਰੀ ਯਕੀਨੀ ਬਣਾਉਣ ‘ਤੇ ਜ਼ੋਰ ਦਿੱਤਾ।
ਇਸ ਮੁਹਿੰਮ ਰਾਹੀਂ ਸੈਰ-ਸਪਾਟਾ, ਸਹਿਕਾਰਤਾ, ਜੇਲ੍ਹ ਅਤੇ ਵਿਰਸਾ ਵਿਭਾਗ ਆਪੋ-ਆਪਣੇ ਪੱਧਰ ‘ਤੇ ਸੇਵਾ, ਸਮਾਜਿਕ ਭਾਗੀਦਾਰੀ ਅਤੇ ਜਨ-ਭਲਾਈ ਨਾਲ ਸਬੰਧਤ ਗਤੀਵਿਧੀਆਂ ਨੂੰ ਅੱਗੇ ਵਧਾਉਣਗੇ।
