
ਚੰਡੀਗੜ੍ਹ, 15 ਸਤੰਬਰ 2026: ਪੰਜਾਬ ਦੇ ਸਰਕਾਰੀ ਸਿਹਤ ਖੇਤਰ ਵਿੱਚ ਇੱਕ ਹੋਰ ਵੱਡੀ ਉਪਲਬਧੀ ਦਰਜ ਹੋਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਰਕਾਰੀ ਮੈਡੀਕਲ ਕਾਲਜ (GMC), ਪਟਿਆਲਾ ਵਿਖੇ ਪਹਿਲਾ ਸਫਲ ਗੁਰਦਾ ਟ੍ਰਾਂਸਪਲਾਂਟ ਕਰਕੇ ਨਵਾਂ ਇਤਿਹਾਸ ਸਿਰਜਿਆ ਹੈ। ਇਸ ਦੇ ਨਾਲ ਹੀ GMC ਪਟਿਆਲਾ ਪੰਜਾਬ ਦਾ ਪਹਿਲਾ ਸਰਕਾਰੀ ਮੈਡੀਕਲ ਕਾਲਜ ਬਣ ਗਿਆ ਹੈ, ਜਿੱਥੇ ਸਫਲਤਾਪੂਰਵਕ ਗੁਰਦਾ ਟ੍ਰਾਂਸਪਲਾਂਟ ਕੀਤਾ ਗਿਆ ਹੈ।
ਇਹ ਮਹੱਤਵਪੂਰਨ ਪ੍ਰਾਪਤੀ ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਜ਼ (PILBS), ਮੋਹਾਲੀ ਵਿਖੇ ਸਫਲ ਜਿਗਰ ਟ੍ਰਾਂਸਪਲਾਂਟ ਤੋਂ ਬਾਅਦ ਸਾਹਮਣੇ ਆਈ ਹੈ। ਸਰਕਾਰ ਮੁਤਾਬਕ ਇਸ ਨਾਲ ਸੂਬੇ ਵਿੱਚ ਸਰਕਾਰੀ ਹਸਪਤਾਲਾਂ ਰਾਹੀਂ ਗੰਭੀਰ ਅਤੇ ਜਟਿਲ ਬਿਮਾਰੀਆਂ ਦੇ ਇਲਾਜ ਦੀਆਂ ਆਧੁਨਿਕ ਸਹੂਲਤਾਂ ਦਾ ਦਾਇਰਾ ਹੋਰ ਵਧਿਆ ਹੈ।
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਇਸ ਪ੍ਰਾਪਤੀ ਦੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਹ ਗੁੰਝਲਦਾਰ ਸਰਜਰੀ 10 ਸਤੰਬਰ 2026 ਨੂੰ ਕੀਤੀ ਗਈ ਸੀ ਅਤੇ ਟ੍ਰਾਂਸਪਲਾਂਟ ਤੋਂ ਬਾਅਦ ਮਰੀਜ਼ ਅਤੇ ਗੁਰਦਾ ਦਾਨ ਕਰਨ ਵਾਲੀ ਉਸ ਦੀ ਪਤਨੀ ਦੋਵੇਂ ਡਾਕਟਰਾਂ ਦੀ ਨਿਗਰਾਨੀ ਹੇਠ ਸਿਹਤਯਾਬ ਹੋ ਰਹੇ ਹਨ।
MMSY ਤਹਿਤ ਮੁਫ਼ਤ ਹੋਇਆ ਪੂਰਾ ਇਲਾਜ
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ (MMSY) ਤਹਿਤ ਮਰੀਜ਼ ਦਾ ਪੂਰਾ ਇਲਾਜ ਅਤੇ ਗੁਰਦਾ ਟ੍ਰਾਂਸਪਲਾਂਟ ਮੁਫ਼ਤ ਕੀਤਾ ਗਿਆ। ਇਸ ਦੌਰਾਨ ਮਰੀਜ਼ ਦੇ ਪਰਿਵਾਰ ਨੂੰ ਕੋਈ ਖਰਚਾ ਨਹੀਂ ਕਰਨਾ ਪਿਆ।
ਉਨ੍ਹਾਂ ਕਿਹਾ ਕਿ ਨਿੱਜੀ ਹਸਪਤਾਲਾਂ ਵਿੱਚ ਇਸ ਤਰ੍ਹਾਂ ਦੇ ਇਲਾਜ ’ਤੇ ਲੱਖਾਂ ਰੁਪਏ ਦਾ ਖਰਚਾ ਆ ਸਕਦਾ ਹੈ, ਪਰ MMSY ਤਹਿਤ ਸਰਕਾਰੀ ਸਿਹਤ ਪ੍ਰਣਾਲੀ ਰਾਹੀਂ ਇਹ ਸਹੂਲਤ ਮਰੀਜ਼ ਨੂੰ ਬਿਨਾਂ ਕਿਸੇ ਵਿੱਤੀ ਬੋਝ ਦੇ ਮੁਹੱਈਆ ਕਰਵਾਈ ਗਈ।
ਸਿਹਤ ਮੰਤਰੀ ਨੇ ਇਸ ਨੂੰ ਪੰਜਾਬ ਦੇ ਸਰਕਾਰੀ ਮੈਡੀਕਲ ਖੇਤਰ ਵਿੱਚ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਆਮ ਲੋਕਾਂ ਲਈ ਅੰਗ ਟ੍ਰਾਂਸਪਲਾਂਟੇਸ਼ਨ ਵਰਗੀਆਂ ਆਧੁਨਿਕ ਅਤੇ ਜੀਵਨ-ਰੱਖਿਅਕ ਸਿਹਤ ਸਹੂਲਤਾਂ ਤੱਕ ਪਹੁੰਚ ਹੋਰ ਆਸਾਨ ਹੋਵੇਗੀ।
ਦਸੰਬਰ 2025 ਤੋਂ ਹਫ਼ਤੇ ’ਚ ਤਿੰਨ ਵਾਰ ਕਰਵਾ ਰਿਹਾ ਸੀ ਡਾਇਲਸਿਸ
ਸਿਹਤ ਮੰਤਰੀ ਨੇ ਦੱਸਿਆ ਕਿ ਗੁਰਦਾ ਟ੍ਰਾਂਸਪਲਾਂਟ ਕਰਵਾਉਣ ਵਾਲਾ 37 ਸਾਲਾ ਵਿਅਕਤੀ ਰੋਮਾਣਾ ਪੱਟੀ, ਨਮੋਲ, ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਹੈ। ਉਹ ਮੈਮਬ੍ਰੈਨੋਪ੍ਰੋਲੀਫੇਰੇਟਿਵ ਗਲੋਮੇਰੂਲੋਨੇਫ੍ਰਾਈਟਿਸ (MPGN) ਕਾਰਨ ਗੁਰਦੇ ਫੇਲ੍ਹ ਹੋਣ ਦੀ ਸਮੱਸਿਆ ਨਾਲ ਜੂਝ ਰਿਹਾ ਸੀ।
ਮਰੀਜ਼ ਦਸੰਬਰ 2025 ਤੋਂ ਹਫ਼ਤੇ ਵਿੱਚ ਤਿੰਨ ਵਾਰ ਡਾਇਲਸਿਸ ਕਰਵਾ ਰਿਹਾ ਸੀ। ਡਾਕਟਰੀ ਜਾਂਚ ਅਤੇ ਲੋੜੀਂਦੀਆਂ ਪ੍ਰਕਿਰਿਆਵਾਂ ਤੋਂ ਬਾਅਦ ਉਸ ਦੀ 29 ਸਾਲਾ ਪਤਨੀ ਨੇ ਆਪਣਾ ਗੁਰਦਾ ਦਾਨ ਕਰਨ ਲਈ ਸਹਿਮਤੀ ਦਿੱਤੀ, ਜਿਸ ਤੋਂ ਬਾਅਦ ਦੋਵਾਂ ਦੀਆਂ ਮੈਡੀਕਲ ਜਾਂਚਾਂ ਅਤੇ ਟ੍ਰਾਂਸਪਲਾਂਟ ਨਾਲ ਸਬੰਧਤ ਪ੍ਰਕਿਰਿਆਵਾਂ ਪੂਰੀਆਂ ਕੀਤੀਆਂ ਗਈਆਂ।
ਫਿਲਹਾਲ ਪਤੀ-ਪਤਨੀ ਦੋਵੇਂ ਟ੍ਰਾਂਸਪਲਾਂਟ ਆਈਸੀਯੂ ਵਿੱਚ ਡਾਕਟਰਾਂ ਦੀ ਨਿਗਰਾਨੀ ਹੇਠ ਹਨ ਅਤੇ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ।
ਮੈਡੀਕਲ ਟੀਮਾਂ ਨੂੰ ਦਿੱਤੀ ਵਧਾਈ
ਪ੍ਰੈਸ ਕਾਨਫਰੰਸ ਦੌਰਾਨ ਡਾ. ਬਲਬੀਰ ਸਿੰਘ ਨੇ ਵੀਡੀਓ ਕਾਲ ਰਾਹੀਂ ਮਰੀਜ਼ ਅਤੇ ਉਸ ਦੀ ਪਤਨੀ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਸਿਹਤ ਦਾ ਜਾਇਜ਼ਾ ਲਿਆ। ਉਨ੍ਹਾਂ ਨੇ GMC ਪਟਿਆਲਾ ਦੀ ਟ੍ਰਾਂਸਪਲਾਂਟ ਟੀਮ ਨਾਲ ਵੀ ਗੱਲਬਾਤ ਕੀਤੀ ਅਤੇ ਇਸ ਇਤਿਹਾਸਕ ਪ੍ਰਾਪਤੀ ਲਈ ਸਮੁੱਚੀ ਮੈਡੀਕਲ ਟੀਮ ਨੂੰ ਵਧਾਈ ਦਿੱਤੀ।
ਉਨ੍ਹਾਂ ਨੇ ਪ੍ਰੋ. ਸਰਬਪ੍ਰੀਤ ਸਿੰਘ ਦੀ ਅਗਵਾਈ ਵਾਲੀ ਸਰਜੀਕਲ ਟੀਮ, ਜਿਸ ਵਿੱਚ ਪ੍ਰੋ. ਐਚ.ਬੀ.ਐਸ. ਸੰਧੂ ਅਤੇ ਡਾ. ਸੁਪਰਣ ਸ਼ਰਮਾ ਸ਼ਾਮਲ ਸਨ, ਡਾ. ਠਾਕੁਰਵੀਰ ਕੋਹਲੀ ਦੀ ਅਗਵਾਈ ਵਾਲੀ ਨੇਫਰੋਲੋਜੀ ਟੀਮ, ਡਾ. ਤਨਵੀਰ ਕੁੰਦਰਾ ਦੀ ਅਗਵਾਈ ਵਾਲੀ ਅਨੱਸਥੀਸੀਆ ਟੀਮ ਅਤੇ ਮੈਡੀਸਨ ਵਿਭਾਗ ਦੇ ਡਾਇਰੈਕਟਰ-ਪ੍ਰਿੰਸੀਪਲ ਅਤੇ ਮੁਖੀ ਡਾ. ਆਰ.ਪੀ.ਐਸ. ਸਿਬੀਆ ਦੀ ਸ਼ਲਾਘਾ ਕੀਤੀ।
PGI ਚੰਡੀਗੜ੍ਹ ਦੇ ਸਹਿਯੋਗ ਲਈ ਕੀਤਾ ਧੰਨਵਾਦ
ਸਿਹਤ ਮੰਤਰੀ ਨੇ ਗੁਰਦਾ ਟ੍ਰਾਂਸਪਲਾਂਟ ਦੀ ਸਫਲਤਾ ਵਿੱਚ PGIMER ਚੰਡੀਗੜ੍ਹ ਵੱਲੋਂ ਦਿੱਤੇ ਸਹਿਯੋਗ ਲਈ ਵੀ ਧੰਨਵਾਦ ਕੀਤਾ। ਉਨ੍ਹਾਂ ਨੇ ਖਾਸ ਤੌਰ ’ਤੇ PGIMER ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ, ਰੀਨਲ ਟ੍ਰਾਂਸਪਲਾਂਟ ਸਰਜਰੀ ਅਤੇ ਰੋਟੋ-ਨੌਰਥ ਦੇ ਮੁਖੀ ਪ੍ਰੋ. ਆਸ਼ੀਸ਼ ਸ਼ਰਮਾ ਅਤੇ ਇਮਯੂਨੋਪੈਥੋਲੋਜੀ ਵਿਭਾਗ ਦੀ ਟੀਮ ਦਾ ਜ਼ਿਕਰ ਕੀਤਾ।
ਉਨ੍ਹਾਂ ਕਿਹਾ ਕਿ PGIMER ਵੱਲੋਂ GMC ਪਟਿਆਲਾ ਦੀ ਟੀਮ ਨੂੰ ਮਾਰਗਦਰਸ਼ਨ, ਸਿਖਲਾਈ, ਤਕਨੀਕੀ ਸਹਾਇਤਾ ਅਤੇ ਮੌਕੇ ’ਤੇ ਸਰਜੀਕਲ ਨਿਗਰਾਨੀ ਪ੍ਰਦਾਨ ਕੀਤੀ ਗਈ, ਜਿਸ ਨਾਲ ਇਸ ਮਹੱਤਵਪੂਰਨ ਟ੍ਰਾਂਸਪਲਾਂਟ ਨੂੰ ਸਫਲਤਾਪੂਰਵਕ ਅੰਜਾਮ ਦੇਣ ਵਿੱਚ ਮਦਦ ਮਿਲੀ।
ਇਸ ਉਪਲਬਧੀ ਨਾਲ GMC ਪਟਿਆਲਾ ਵਿੱਚ ਗੰਭੀਰ ਗੁਰਦਾ ਰੋਗਾਂ ਤੋਂ ਪੀੜਤ ਮਰੀਜ਼ਾਂ ਲਈ ਉੱਚ ਪੱਧਰੀ ਇਲਾਜ ਅਤੇ ਟ੍ਰਾਂਸਪਲਾਂਟ ਸੇਵਾਵਾਂ ਦੀ ਇੱਕ ਨਵੀਂ ਉਮੀਦ ਪੈਦਾ ਹੋਈ ਹੈ।
