
ਚੰਡੀਗੜ੍ਹ, 8 ਸਤੰਬਰ 2026: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਪੰਜਾਬ ਦੀ ਖੇਡਾਂ ਵਿੱਚ ਪੁਰਾਣੀ ਸ਼ਾਨ ਨੂੰ ਮੁੜ ਬਹਾਲ ਕਰਨ ਦੇ ਉਦੇਸ਼ ਨਾਲ ‘ਖੇਡਾਂ ਵਤਨ ਪੰਜਾਬ ਦੀਆ’ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਸੂਬੇ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਨਾਲ-ਨਾਲ ਉਨ੍ਹਾਂ ਵਿੱਚ ਮੁਕਾਬਲੇ ਦੀ ਭਾਵਨਾ ਅਤੇ ਆਤਮ-ਵਿਸ਼ਵਾਸ ਵੀ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ।
ਸਪੀਕਰ ਸੰਧਵਾਂ ਨੇ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆ’ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਵੱਖ-ਵੱਖ ਖੇਡਾਂ ਵਿੱਚ ਆਪਣੀ ਪ੍ਰਤਿਭਾ ਦਿਖਾਉਣ ਲਈ ਮੰਚ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਦਾ ਇੱਕ ਅਹਿਮ ਉਦੇਸ਼ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ ਛੁਪੀ ਹੋਈ ਖੇਡ ਪ੍ਰਤਿਭਾ ਦੀ ਪਛਾਣ ਕਰਨਾ, ਉਸ ਨੂੰ ਉਭਾਰਨਾ ਅਤੇ ਲੋੜੀਂਦੀ ਸਿਖਲਾਈ ਰਾਹੀਂ ਨਿਖਾਰਨਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਖੇਡ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ। ਲੋੜ ਸਿਰਫ਼ ਅਜਿਹੇ ਮੰਚ ਅਤੇ ਮੌਕਿਆਂ ਦੀ ਹੈ, ਜਿੱਥੇ ਨੌਜਵਾਨ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕਰ ਸਕਣ। ਉਨ੍ਹਾਂ ਮੁਤਾਬਕ, ਅਜਿਹੀਆਂ ਖੇਡਾਂ ਰਾਹੀਂ ਉੱਭਰ ਕੇ ਸਾਹਮਣੇ ਆਉਣ ਵਾਲੇ ਖਿਡਾਰੀਆਂ ਨੂੰ ਅੱਗੇ ਚੱਲ ਕੇ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਪ੍ਰਤਿਭਾ ਸਾਬਤ ਕਰਨ ਦੇ ਮੌਕੇ ਮਿਲ ਸਕਦੇ ਹਨ।
ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਸਮੇਂ ਦੀ ਲੋੜ
ਸਪੀਕਰ ਸੰਧਵਾਂ ਨੇ ਕਿਹਾ ਕਿ ਖੇਡਾਂ ਸਿਰਫ਼ ਮੁਕਾਬਲਾ ਜਿੱਤਣ ਜਾਂ ਤਗਮੇ ਹਾਸਲ ਕਰਨ ਤੱਕ ਸੀਮਤ ਨਹੀਂ ਹਨ। ਇਹ ਨੌਜਵਾਨਾਂ ਦੇ ਸਰੀਰਕ, ਮਾਨਸਿਕ ਅਤੇ ਸਮਾਜਿਕ ਵਿਕਾਸ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ।
ਉਨ੍ਹਾਂ ਕਿਹਾ ਕਿ ਖੇਡਾਂ ਵਿਅਕਤੀ ਨੂੰ ਸਰੀਰਕ ਤੌਰ ’ਤੇ ਸਰਗਰਮ ਰੱਖਣ ਦੇ ਨਾਲ-ਨਾਲ ਮਾਨਸਿਕ ਤੌਰ ’ਤੇ ਵੀ ਚੁਸਤ ਅਤੇ ਸੁਚੇਤ ਬਣਾਉਂਦੀਆਂ ਹਨ। ਨਿਯਮਿਤ ਤੌਰ ’ਤੇ ਖੇਡਾਂ ਨਾਲ ਜੁੜਨ ਨਾਲ ਸਿਹਤਮੰਦ ਜੀਵਨ-ਸ਼ੈਲੀ ਨੂੰ ਉਤਸ਼ਾਹ ਮਿਲਦਾ ਹੈ। ਉਨ੍ਹਾਂ ਨੌਜਵਾਨਾਂ ਸਮੇਤ ਹਰ ਉਮਰ ਵਰਗ ਦੇ ਲੋਕਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਖੇਡ ਜਾਂ ਸਰੀਰਕ ਗਤੀਵਿਧੀ ਨੂੰ ਸ਼ਾਮਲ ਕਰਨ ਦੀ ਅਪੀਲ ਕੀਤੀ।
ਸਪੀਕਰ ਨੇ ਕਿਹਾ ਕਿ ਸਿਹਤਮੰਦ ਸਮਾਜ ਦੀ ਨੀਂਹ ਸਿਰਫ਼ ਸਿੱਖਿਆ ਨਾਲ ਨਹੀਂ, ਸਗੋਂ ਸਿਹਤਮੰਦ ਸਰੀਰ ਅਤੇ ਮਜ਼ਬੂਤ ਮਨ ਨਾਲ ਵੀ ਮਜ਼ਬੂਤ ਹੁੰਦੀ ਹੈ। ਇਸ ਲਈ ਖੇਡਾਂ ਨੂੰ ਜੀਵਨ ਦਾ ਅਹਿਮ ਹਿੱਸਾ ਬਣਾਉਣਾ ਜ਼ਰੂਰੀ ਹੈ।
ਖੇਡਾਂ ਸਿਖਾਉਂਦੀਆਂ ਹਨ ਹਾਰ ਤੋਂ ਬਾਅਦ ਮੁੜ ਖੜ੍ਹੇ ਹੋਣਾ
ਖੇਡਾਂ ਤੋਂ ਮਿਲਣ ਵਾਲੇ ਜੀਵਨ ਦੇ ਸਬਕਾਂ ਦਾ ਜ਼ਿਕਰ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਲਗਾਤਾਰ ਸੰਘਰਸ਼, ਅਨੁਸ਼ਾਸਨ, ਲਚਕੀਲਾਪਣ ਅਤੇ ਸਖ਼ਤ ਮਿਹਨਤ ਦੀ ਮਹੱਤਤਾ ਸਮਝਾਉਂਦੀਆਂ ਹਨ।
ਉਨ੍ਹਾਂ ਕਿਹਾ ਕਿ ਮੈਦਾਨ ਵਿੱਚ ਹਰ ਮੁਕਾਬਲਾ ਜਿੱਤਣਾ ਸੰਭਵ ਨਹੀਂ ਹੁੰਦਾ, ਪਰ ਹਾਰ ਤੋਂ ਸਿੱਖ ਕੇ ਦੁਬਾਰਾ ਮਿਹਨਤ ਕਰਨਾ ਹੀ ਅਸਲ ਖਿਡਾਰੀ ਦੀ ਪਛਾਣ ਹੈ। ਖੇਡਾਂ ਨੌਜਵਾਨਾਂ ਨੂੰ ਜੀਵਨ ਦੀਆਂ ਮੁਸ਼ਕਲਾਂ ਅਤੇ ਚੁਣੌਤੀਆਂ ਦਾ ਡਟ ਕੇ ਸਾਹਮਣਾ ਕਰਨ ਦਾ ਹੌਸਲਾ ਦਿੰਦੀਆਂ ਹਨ।
ਉਨ੍ਹਾਂ ਕਿਹਾ ਕਿ ਸਫਲਤਾ ਕਿਸੇ ਇੱਕ ਦਿਨ ਦੀ ਮਿਹਨਤ ਨਾਲ ਨਹੀਂ ਮਿਲਦੀ, ਬਲਕਿ ਨਿਰੰਤਰ ਮਿਹਨਤ, ਸਮਰਪਣ ਅਤੇ ਅਣਥੱਕ ਯਤਨਾਂ ਦਾ ਨਤੀਜਾ ਹੁੰਦੀ ਹੈ। ਇਹੀ ਗੁਣ ਖਿਡਾਰੀਆਂ ਨੂੰ ਵੱਡੇ ਮੁਕਾਬਲਿਆਂ ਲਈ ਤਿਆਰ ਕਰਦੇ ਹਨ ਅਤੇ ਉਨ੍ਹਾਂ ਵਿੱਚ ਦੇਸ਼ ਲਈ ਕੌਮੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਤਗਮੇ ਜਿੱਤਣ ਦੀ ਸਮਰੱਥਾ ਪੈਦਾ ਕਰਦੇ ਹਨ।
ਪੰਜਾਬ ਨੂੰ ਮੁੜ ਖੇਡਾਂ ਵਿੱਚ ਮੋਹਰੀ ਬਣਾਉਣ ਦਾ ਟੀਚਾ
ਸਪੀਕਰ ਸੰਧਵਾਂ ਨੇ ਕਿਹਾ ਕਿ ਪੰਜਾਬ ਨੇ ਦੇਸ਼ ਨੂੰ ਅਨੇਕਾਂ ਮਹਾਨ ਖਿਡਾਰੀ ਦਿੱਤੇ ਹਨ ਅਤੇ ਖੇਡਾਂ ਦੇ ਖੇਤਰ ਵਿੱਚ ਸੂਬੇ ਦੀ ਪੁਰਾਣੀ ਪਛਾਣ ਨੂੰ ਮੁੜ ਮਜ਼ਬੂਤ ਕਰਨ ਲਈ ਲਗਾਤਾਰ ਯਤਨ ਜ਼ਰੂਰੀ ਹਨ। ‘ਖੇਡਾਂ ਵਤਨ ਪੰਜਾਬ ਦੀਆ’ ਵਰਗੀਆਂ ਪਹਿਲਕਦਮੀਆਂ ਇਸ ਦਿਸ਼ਾ ਵਿੱਚ ਅਹਿਮ ਕੜੀ ਹਨ।
ਉਨ੍ਹਾਂ ਕਿਹਾ ਕਿ ਜੇਕਰ ਪਿੰਡ ਪੱਧਰ ਤੋਂ ਹੀ ਨੌਜਵਾਨਾਂ ਨੂੰ ਖੇਡਾਂ ਲਈ ਢੁਕਵੇਂ ਮੌਕੇ, ਸਿਖਲਾਈ ਅਤੇ ਪ੍ਰੋਤਸਾਹਨ ਮਿਲੇ ਤਾਂ ਪੰਜਾਬ ਦੀ ਨਵੀਂ ਪੀੜ੍ਹੀ ਕੌਮੀ ਅਤੇ ਵਿਸ਼ਵ ਪੱਧਰ ’ਤੇ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਸਕਦੀ ਹੈ। ਇਸ ਲਈ ਖੇਡਾਂ ਨੂੰ ਸਿਰਫ਼ ਸਰਕਾਰੀ ਪ੍ਰੋਗਰਾਮ ਨਾ ਸਮਝ ਕੇ ਲੋਕ ਲਹਿਰ ਬਣਾਉਣ ਦੀ ਲੋੜ ਹੈ।
