
ਇੰਡੋਨੇਸ਼ੀਆ, 15 ਅਗਸਤ 2026: ਇੰਡੋਨੇਸ਼ੀਆ ਦੇ ਤੱਟੀ ਇਲਾਕੇ ਵਿੱਚ ਸ਼ਨਿਚਰਵਾਰ ਸਵੇਰੇ ਆਏ 7.7 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਨੇ ਵੱਡੀ ਤਬਾਹੀ ਮਚਾਈ ਹੈ। ਜ਼ੋਰਦਾਰ ਝਟਕਿਆਂ ਕਾਰਨ ਕਈ ਇਮਾਰਤਾਂ ਅਤੇ ਘਰ ਨੁਕਸਾਨੇ ਜਾਂ ਢਹਿ ਗਏ, ਜਦਕਿ ਇਸ ਹਾਦਸੇ ਵਿੱਚ ਹੁਣ ਤੱਕ ਪੰਜ ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਭੂਚਾਲ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕ ਸੁਰੱਖਿਅਤ ਥਾਵਾਂ ਵੱਲ ਜਾਣ ਲਈ ਮਜਬੂਰ ਹੋਏ।
ਭੂਚਾਲ ਦੇ ਝਟਕਿਆਂ ਤੋਂ ਬਾਅਦ ਅਧਿਕਾਰੀਆਂ ਨੇ ਸੰਭਾਵਿਤ ਸਮੁੰਦਰੀ ਲਹਿਰਾਂ ਦੇ ਖ਼ਤਰੇ ਨੂੰ ਦੇਖਦਿਆਂ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਸੀ। ਹਾਲਾਂਕਿ, ਬਾਅਦ ਵਿੱਚ ਸਮੁੰਦਰ ਦੇ ਪਾਣੀ ਦੇ ਪੱਧਰ ਵਿੱਚ ਕਿਸੇ ਖ਼ਤਰਨਾਕ ਤਬਦੀਲੀ ਦੇ ਸੰਕੇਤ ਨਾ ਮਿਲਣ ’ਤੇ ਇਹ ਚਿਤਾਵਨੀ ਵਾਪਸ ਲੈ ਲਈ ਗਈ। ਇਸ ਦੇ ਬਾਵਜੂਦ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਸਥਾਨਕ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।
ਐਂਡੇ ਸ਼ਹਿਰ ਨੇੜੇ ਭੂਚਾਲ ਦਾ ਕੇਂਦਰ
ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਮੁਤਾਬਕ ਭੂਚਾਲ ਦਾ ਕੇਂਦਰ ਪੂਰਬੀ ਨੂਸਾ ਤੈਂਗਾਰਾ ਸੂਬੇ ਦੇ ਐਂਡੇ ਸ਼ਹਿਰ ਤੋਂ ਲਗਭਗ 68 ਕਿਲੋਮੀਟਰ ਉੱਤਰ-ਉੱਤਰ-ਪੱਛਮ ਵਿੱਚ ਸੀ। ਭੂਚਾਲ ਦੀ ਡੂੰਘਾਈ ਜ਼ਮੀਨ ਤੋਂ ਲਗਭਗ 10 ਕਿਲੋਮੀਟਰ ਦੱਸੀ ਗਈ ਹੈ।
ਭੂਚਾਲ ਦੀ ਘੱਟ ਡੂੰਘਾਈ ਅਤੇ ਵੱਧ ਤੀਬਰਤਾ ਕਾਰਨ ਨੇੜਲੇ ਇਲਾਕਿਆਂ ਵਿੱਚ ਝਟਕੇ ਕਾਫ਼ੀ ਜ਼ੋਰਦਾਰ ਮਹਿਸੂਸ ਕੀਤੇ ਗਏ। ਮੁੱਖ ਝਟਕੇ ਤੋਂ ਬਾਅਦ ਕਈ ਆਫ਼ਟਰਸ਼ਾਕਸ ਵੀ ਆਏ, ਜਿਸ ਨਾਲ ਲੋਕਾਂ ਵਿੱਚ ਡਰ ਹੋਰ ਵਧ ਗਿਆ।
ਫਲੋਰੈਂਸ ਟਾਪੂ ’ਤੇ ਕਈ ਇਮਾਰਤਾਂ ਨੂੰ ਨੁਕਸਾਨ
ਭੂਚਾਲ ਦਾ ਸਭ ਤੋਂ ਵੱਧ ਅਸਰ ਫਲੋਰੈਂਸ ਟਾਪੂ ’ਤੇ ਦੇਖਣ ਨੂੰ ਮਿਲਿਆ। ਜ਼ੋਰਦਾਰ ਝਟਕਿਆਂ ਕਾਰਨ ਮੌਮੇਰੇ ਬੰਦਰਗਾਹ ਟਰਮੀਨਲ ਦਾ ਵੇਟਿੰਗ ਰੂਮ ਅਤੇ ਕਈ ਹੋਰ ਇਮਾਰਤਾਂ ਨੁਕਸਾਨੀਆਂ ਗਈਆਂ ਜਾਂ ਢਹਿ ਗਈਆਂ।
ਸਿਕਾ ਇਲਾਕੇ ਵਿੱਚ ਸਥਿਤ ਸੇਂਟ ਪੀਟਰ ਮੇਜਰ ਸੈਮੀਨਾਰੀ ਦੀ ਹਾਲ ਦੀ ਛੱਤ ਡਿੱਗਣ ਦੀ ਘਟਨਾ ਵੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਸਮੇਂ ਕੁਝ ਵਿਦਿਆਰਥੀ ਪ੍ਰਾਰਥਨਾ ਕਰ ਰਹੇ ਸਨ। ਛੱਤ ਡਿੱਗਣ ਤੋਂ ਬਾਅਦ ਵਿਦਿਆਰਥੀਆਂ ਵਿੱਚ ਭਗਦੜ ਮਚ ਗਈ ਅਤੇ ਉਹ ਆਪਣੀ ਜਾਨ ਬਚਾਉਣ ਲਈ ਬਾਹਰ ਵੱਲ ਭੱਜੇ। ਇਸ ਦੌਰਾਨ ਦੂਜੀ ਮੰਜ਼ਿਲ ਤੋਂ ਛਾਲ ਮਾਰਨ ਕਾਰਨ ਇੱਕ ਪਾਦਰੀ ਦੀ ਲੱਤ ’ਤੇ ਸੱਟ ਲੱਗੀ ਅਤੇ ਉਹ ਜ਼ਖ਼ਮੀ ਹੋ ਗਿਆ।
ਹਸਪਤਾਲਾਂ ’ਚ ਮਰੀਜ਼ਾਂ ਨੂੰ ਬਾਹਰ ਕੱਢਿਆ
ਭੂਚਾਲ ਦੇ ਲਗਾਤਾਰ ਝਟਕਿਆਂ ਦੇ ਮੱਦੇਨਜ਼ਰ ਸਥਾਨਕ ਹਸਪਤਾਲਾਂ ਵਿੱਚ ਵੀ ਸਾਵਧਾਨੀ ਵਰਤੀ ਗਈ। ਸੁਰੱਖਿਆ ਦੇ ਤੌਰ ’ਤੇ ਮਰੀਜ਼ਾਂ ਨੂੰ ਹਸਪਤਾਲਾਂ ਦੀਆਂ ਇਮਾਰਤਾਂ ਤੋਂ ਬਾਹਰ ਖੁੱਲ੍ਹੇ ਸਥਾਨਾਂ ’ਤੇ ਲਿਜਾਇਆ ਗਿਆ। ਡਾਕਟਰਾਂ ਅਤੇ ਮੈਡੀਕਲ ਸਟਾਫ਼ ਨੇ ਵੀ ਬਾਹਰ ਹੀ ਆਰਜ਼ੀ ਇਲਾਜ ਕੇਂਦਰ ਸਥਾਪਤ ਕਰਕੇ ਮਰੀਜ਼ਾਂ ਨੂੰ ਮੁੱਢਲੀ ਸਹਾਇਤਾ ਦੇਣੀ ਸ਼ੁਰੂ ਕੀਤੀ।
ਭੂਚਾਲ ਤੋਂ ਬਾਅਦ ਆਏ ਆਫ਼ਟਰਸ਼ਾਕਸ ਕਾਰਨ ਲੋਕਾਂ ਵਿੱਚ ਲਗਾਤਾਰ ਡਰ ਬਣਿਆ ਹੋਇਆ ਹੈ। ਕਈ ਥਾਵਾਂ ’ਤੇ ਲੋਕ ਘਰਾਂ ਅਤੇ ਇਮਾਰਤਾਂ ਤੋਂ ਬਾਹਰ ਨਿਕਲ ਕੇ ਸੁਰੱਖਿਅਤ ਜਾਂ ਉੱਚੀਆਂ ਥਾਵਾਂ ਵੱਲ ਚਲੇ ਗਏ। ਪ੍ਰਸ਼ਾਸਨ ਵੱਲੋਂ ਨੁਕਸਾਨ ਦਾ ਜਾਇਜ਼ਾ ਲੈਣ ਅਤੇ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਤੇ ਬਚਾਅ ਕਾਰਜਾਂ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
