Saturday, September 12Punjabi People

15 ਅਗਸਤ ਨੂੰ ਚੰਡੀਗੜ੍ਹ ’ਚ ਟ੍ਰੈਫਿਕ ਪਾਬੰਦੀਆਂ, ਕਈ ਰੂਟ ਰਹਿਣਗੇ ਬੰਦ; ਪੰਚਕੂਲਾ ’ਚ 655 ਪੁਲੀਸ ਮੁਲਾਜ਼ਮ ਤਾਇਨਾਤ, 31 ਵਿਸ਼ੇਸ਼ ਨਾਕੇ

ਚੰਡੀਗੜ੍ਹ, 15 ਅਗਸਤ 2026:  ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਚੰਡੀਗੜ੍ਹ ਪੁਲੀਸ ਨੇ ਸੁਰੱਖਿਆ ਅਤੇ ਅਮਨ-ਕਾਨੂੰਨ ਨੂੰ ਯਕੀਨੀ ਬਣਾਉਣ ਲਈ ਸ਼ਹਿਰ ਵਿੱਚ ਵਿਆਪਕ ਟ੍ਰੈਫਿਕ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ ਹੈ। ਟ੍ਰੈਫਿਕ ਪੁਲੀਸ ਵੱਲੋਂ ਜਾਰੀ ਐਡਵਾਈਜ਼ਰੀ ਅਨੁਸਾਰ 15 ਅਗਸਤ ਨੂੰ ਚੰਡੀਗੜ੍ਹ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਕਈ ਰੂਟਾਂ ’ਤੇ ਆਵਾਜਾਈ ਨੂੰ ਕੰਟਰੋਲ ਕੀਤਾ ਜਾਵੇਗਾ ਅਤੇ ਲੋੜ ਅਨੁਸਾਰ ਟ੍ਰੈਫਿਕ ਨੂੰ ਬਦਲਵੇਂ ਰਸਤਿਆਂ ਵੱਲ ਮੋੜਿਆ ਜਾਵੇਗਾ।

ਪੁਲੀਸ ਨੇ ਵਾਹਨ ਚਾਲਕਾਂ ਨੂੰ ਖ਼ਾਸ ਤੌਰ ’ਤੇ ਬੁੜੈਲ ਜੇਲ੍ਹ ਰੋਡ ਬੈਰੀਅਰ (ਸੈਕਟਰ 50/51), ਮਟੌਰ ਬੈਰੀਅਰ (ਸੈਕਟਰ 51/52), ਕਜਹੇੜੀ ਚੌਕ (ਸੈਕਟਰ 52/53) ਅਤੇ ਇਨ੍ਹਾਂ ਨਾਲ ਲੱਗਦੀਆਂ ਸੜਕਾਂ ਤੋਂ ਬਚਣ ਦੀ ਸਲਾਹ ਦਿੱਤੀ ਹੈ। ਲੋਕਾਂ ਨੂੰ ਆਪਣੀ ਯਾਤਰਾ ਦੀ ਯੋਜਨਾ ਪਹਿਲਾਂ ਤੋਂ ਬਣਾਉਣ ਅਤੇ ਮੰਜ਼ਿਲ ਤੱਕ ਪਹੁੰਚਣ ਲਈ ਬਦਲਵੇਂ ਰੂਟਾਂ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ।

ਪਰੇਡ ਗਰਾਊਂਡ ਦੇ ਆਲੇ-ਦੁਆਲੇ ਰਹੇਗੀ ਸਖ਼ਤ ਪਾਬੰਦੀ

ਆਜ਼ਾਦੀ ਦਿਹਾੜੇ ਦਾ ਮੁੱਖ ਸਮਾਗਮ ਪਰੇਡ ਗਰਾਊਂਡ, ਸੈਕਟਰ-17 ਵਿਖੇ ਹੋਣ ਕਾਰਨ ਇਲਾਕੇ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪੁਲੀਸ ਮੁਤਾਬਕ ਸਵੇਰੇ 6:30 ਵਜੇ ਤੋਂ ਸਮਾਗਮ ਦੀ ਸਮਾਪਤੀ ਤੱਕ ਪਰੇਡ ਗਰਾਊਂਡ ਦੇ ਆਲੇ-ਦੁਆਲੇ ਕਈ ਸੜਕਾਂ ’ਤੇ ਆਵਾਜਾਈ ਬੰਦ ਜਾਂ ਸੀਮਤ ਰਹੇਗੀ।

ਸਮਾਗਮ ਵਿੱਚ ਆਉਣ ਵਾਲੇ ਵਿਸ਼ੇਸ਼ ਸੱਦਾ ਪੱਤਰ ਵਾਲੇ ਮਹਿਮਾਨਾਂ ਅਤੇ ਆਮ ਲੋਕਾਂ ਲਈ ਵੱਖ-ਵੱਖ ਦਾਖ਼ਲਾ ਗੇਟ ਅਤੇ ਪਾਰਕਿੰਗ ਸਥਾਨ ਨਿਰਧਾਰਤ ਕੀਤੇ ਗਏ ਹਨ। ਸੁਰੱਖਿਆ ਕਾਰਨਾਂ ਕਰਕੇ ਸਮਾਗਮ ਵਾਲੀ ਥਾਂ ’ਤੇ ਬੈਗ, ਮਾਚਿਸ, ਚਾਕੂ, ਸਿਗਰਟ, ਹਥਿਆਰ, ਸ਼ਰਾਬ, ਜਲਣਸ਼ੀਲ ਪਦਾਰਥ, ਇਲੈਕਟ੍ਰਾਨਿਕ ਉਪਕਰਨ, ਕਾਲੇ ਝੰਡੇ ਅਤੇ ਬੈਨਰ ਲਿਜਾਣ ’ਤੇ ਪਾਬੰਦੀ ਰਹੇਗੀ।

ਪੰਜਾਬ-ਹਰਿਆਣਾ ਲੋਕ ਭਵਨ ਨੇੜੇ ਵੀ ਟ੍ਰੈਫਿਕ ਪ੍ਰਭਾਵਿਤ

ਇਸੇ ਤਰ੍ਹਾਂ ਪੰਜਾਬ ਅਤੇ ਹਰਿਆਣਾ ਲੋਕ ਭਵਨ ਵਿਖੇ ਹੋਣ ਵਾਲੇ ‘ਐਟ ਹੋਮ’ ਸਮਾਗਮ ਨੂੰ ਲੈ ਕੇ ਵੀ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਗਏ ਹਨ। ਪੁਲੀਸ ਮੁਤਾਬਕ ਦੁਪਹਿਰ 3 ਵਜੇ ਤੋਂ ਲੋਕ ਭਵਨ ਦੇ ਆਲੇ-ਦੁਆਲੇ ਕਈ ਰੂਟਾਂ ’ਤੇ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ। ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਵਿਅਕਤੀਆਂ ਲਈ ਵਾਹਨਾਂ ’ਤੇ ਨਿਰਧਾਰਤ ਪਾਰਕਿੰਗ ਲੇਬਲ ਲਗਾਉਣਾ ਲਾਜ਼ਮੀ ਹੋਵੇਗਾ।

ਟ੍ਰੈਫਿਕ ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੜਕਾਂ ’ਤੇ ਤਾਇਨਾਤ ਟ੍ਰੈਫਿਕ ਕਰਮਚਾਰੀਆਂ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਸਫ਼ਰ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਣ ਲਈ ਪਹਿਲਾਂ ਹੀ ਆਪਣਾ ਰੂਟ ਤੈਅ ਕਰ ਲੈਣ। ਇਸ ਤੋਂ ਇਲਾਵਾ ਟ੍ਰੈਫਿਕ ਸਬੰਧੀ ਤਾਜ਼ਾ ਜਾਣਕਾਰੀ ਲਈ ਪੁਲੀਸ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲਜ਼ ’ਤੇ ਰੀਅਲ-ਟਾਈਮ ਅਪਡੇਟਸ ਦੇਖਣ ਦੀ ਵੀ ਸਲਾਹ ਦਿੱਤੀ ਗਈ ਹੈ।

ਪੰਚਕੂਲਾ ’ਚ 655 ਪੁਲੀਸ ਮੁਲਾਜ਼ਮ ਤਾਇਨਾਤ, 31 ਵਿਸ਼ੇਸ਼ ਨਾਕੇ

ਉਧਰ, ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਪੰਚਕੂਲਾ ਵਿੱਚ ਵੀ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਪੁਲੀਸ ਕਮਿਸ਼ਨਰ ਪੰਕਜ ਨੈਣ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਵਿੱਚ 655 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਦੇ ਨਾਲ ਹੀ ਪੂਰੇ ਜ਼ਿਲ੍ਹੇ ਵਿੱਚ 31 ਵਿਸ਼ੇਸ਼ ਚੈਕਪੁਆਇੰਟ ਸਥਾਪਤ ਕੀਤੇ ਗਏ ਹਨ।

ਡੀਸੀਪੀ ਅਦਿਤੀ ਸਿੰਘ ਨੇ ਦੱਸਿਆ ਕਿ ਅੰਤਰ-ਰਾਜੀ ਸਰਹੱਦਾਂ, ਸ਼ਹਿਰੀ ਖੇਤਰਾਂ ਅਤੇ ਆਜ਼ਾਦੀ ਦਿਹਾੜੇ ਦੇ ਸਮਾਗਮ ਵਾਲੀਆਂ ਥਾਵਾਂ ਦੇ ਨੇੜੇ ਵਿਸ਼ੇਸ਼ ਨਾਕੇ ਲਗਾਏ ਗਏ ਹਨ। ਇਨ੍ਹਾਂ ਨਾਕਿਆਂ ’ਤੇ ਵਾਹਨਾਂ ਅਤੇ ਸ਼ੱਕੀ ਵਿਅਕਤੀਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਪੁਲੀਸ ਵੱਲੋਂ ਭੀੜ ਵਾਲੇ ਇਲਾਕਿਆਂ ਅਤੇ ਸੰਵੇਦਨਸ਼ੀਲ ਸਥਾਨਾਂ ’ਤੇ ਵੀ ਨਿਗਰਾਨੀ ਵਧਾਈ ਗਈ ਹੈ। ਸਾਰੇ ਐੱਸਐੱਚਓਜ਼ ਨੂੰ ਆਪਣੇ-ਆਪਣੇ ਇਲਾਕਿਆਂ ਵਿੱਚ ਫਲੈਗ ਮਾਰਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਬਾਜ਼ਾਰਾਂ, ਜਨਤਕ ਥਾਵਾਂ ਅਤੇ ਹੋਰ ਸੰਵੇਦਨਸ਼ੀਲ ਸਥਾਨਾਂ ’ਤੇ ਪੁਲੀਸ ਦੀ ਮੌਜੂਦਗੀ ਵਧਾਈ ਗਈ ਹੈ।

ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਜ਼ਾਦੀ ਦਿਹਾੜੇ ਦੇ ਸਮਾਗਮਾਂ ਦੌਰਾਨ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਜਾਂ ਵਸਤੂ ਬਾਰੇ ਤੁਰੰਤ ਪੁਲੀਸ ਨੂੰ ਸੂਚਿਤ ਕਰਨ।

Leave a Reply

Your email address will not be published. Required fields are marked *