Saturday, September 12Punjabi People

ਆਜ਼ਾਦੀ ਦਿਹਾੜੇ ਤੋਂ ਪਹਿਲਾਂ ਪੰਜਾਬ ਪੁਲਿਸ ਅਲਰਟ, DGP ਨੇ ਫਿਰੋਜ਼ਪੁਰ, ਫਰੀਦਕੋਟ ਤੇ ਬਠਿੰਡਾ ਰੇਂਜਾਂ ਦੀ ਸੁਰੱਖਿਆ ਵਿਵਸਥਾ ਦਾ ਲਿਆ ਜਾਇਜ਼ਾ

ਚੰਡੀਗੜ੍ਹ, 12 ਅਗਸਤ 2026: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਆਜ਼ਾਦੀ ਦਿਹਾੜਾ-2026 ਦੇ ਮੱਦੇਨਜ਼ਰ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਲਗਾਤਾਰ ਤੀਜੇ ਦਿਨ ਆਪਣੇ ਦੌਰੇ ਨੂੰ ਜਾਰੀ ਰੱਖਦਿਆਂ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (DGP) ਗੌਰਵ ਯਾਦਵ ਨੇ ਫਿਰੋਜ਼ਪੁਰ, ਫਰੀਦਕੋਟ ਅਤੇ ਬਠਿੰਡਾ ਰੇਂਜਾਂ ਦਾ ਦੌਰਾ ਕਰਕੇ ਕਾਨੂੰਨ-ਵਿਵਸਥਾ ਅਤੇ ਸੁਰੱਖਿਆ ਤਿਆਰੀਆਂ ਦਾ ਵਿਸਥਾਰਪੂਰਵਕ ਜਾਇਜ਼ਾ ਲਿਆ।

ਡੀਜੀਪੀ ਨੇ ਵੱਖ-ਵੱਖ ਰੇਂਜਾਂ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗਾਂ ਦੀ ਪ੍ਰਧਾਨਗੀ ਕਰਦਿਆਂ ਆਜ਼ਾਦੀ ਦਿਹਾੜੇ ਦੇ ਸਮਾਗਮਾਂ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਹਰ ਪੱਧਰ ‘ਤੇ ਚੌਕਸੀ ਵਧਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਅਧਿਕਾਰੀਆਂ ਅਤੇ ਪੁਲਿਸ ਮੁਲਾਜ਼ਮਾਂ ਨੂੰ ਗਸ਼ਤ ਵਧਾਉਣ, ਨਿਗਰਾਨੀ ਪ੍ਰਬੰਧ ਮਜ਼ਬੂਤ ਕਰਨ ਅਤੇ ਰੋਕਥਾਮੀ ਪੁਲਿਸਿੰਗ ‘ਤੇ ਵਿਸ਼ੇਸ਼ ਧਿਆਨ ਦੇਣ ਲਈ ਕਿਹਾ।

ਗਸ਼ਤ ਅਤੇ ਨਿਗਰਾਨੀ ਵਧਾਉਣ ਦੇ ਨਿਰਦੇਸ਼

DGP ਗੌਰਵ ਯਾਦਵ ਨੇ ਕਿਹਾ ਕਿ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਪੁਲਿਸ ਨੂੰ ਹਰ ਪੱਧਰ ‘ਤੇ ਪੂਰੀ ਤਰ੍ਹਾਂ ਚੌਕਸ ਰਹਿਣਾ ਹੋਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਸੰਵੇਦਨਸ਼ੀਲ ਥਾਵਾਂ ‘ਤੇ ਨਿਗਰਾਨੀ ਵਧਾਉਣ, ਪੁਲਿਸ ਗਸ਼ਤ ਤੇਜ਼ ਕਰਨ ਅਤੇ ਜਨਤਕ ਇਕੱਠਾਂ ਵਾਲੀਆਂ ਥਾਵਾਂ ‘ਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨ ਲਈ ਕਿਹਾ।

ਉਨ੍ਹਾਂ ਭੀੜ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਅਤੇ ਕਿਸੇ ਵੀ ਉਭਰ ਰਹੀ ਚੁਣੌਤੀ ਨਾਲ ਤੁਰੰਤ ਨਜਿੱਠਣ ਲਈ ਪੁਲਿਸ ਬਲ ਨੂੰ ਤਿਆਰ ਰੱਖਣ ਦੀ ਹਦਾਇਤ ਵੀ ਕੀਤੀ। ਉਨ੍ਹਾਂ ਕਿਹਾ ਕਿ ਸੁਰੱਖਿਆ ਪ੍ਰਬੰਧਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ।

ਛੇ ਜ਼ਿਲ੍ਹਿਆਂ ਦੀ ਸੁਰੱਖਿਆ ਤਿਆਰੀ ਦਾ ਮੁਲਾਂਕਣ

ਫਿਰੋਜ਼ਪੁਰ ਵਿਖੇ ਹੋਈ ਸਮੀਖਿਆ ਦੌਰਾਨ DGP ਨੇ ਫਿਰੋਜ਼ਪੁਰ ਅਤੇ ਫਰੀਦਕੋਟ ਰੇਂਜਾਂ ਦੀ ਸੁਰੱਖਿਆ ਵਿਵਸਥਾ ਦਾ ਜਾਇਜ਼ਾ ਲਿਆ। ਇਸ ਦੌਰਾਨ ਫਿਰੋਜ਼ਪੁਰ, ਤਰਨ ਤਾਰਨ, ਫਾਜ਼ਿਲਕਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਮੋਗਾ ਜ਼ਿਲ੍ਹਿਆਂ ਵਿੱਚ ਆਜ਼ਾਦੀ ਦਿਹਾੜੇ ਨਾਲ ਸਬੰਧਤ ਸੁਰੱਖਿਆ ਤਿਆਰੀਆਂ ਅਤੇ ਕਾਨੂੰਨ-ਵਿਵਸਥਾ ਦੀ ਸਥਿਤੀ ਬਾਰੇ ਜਾਣਕਾਰੀ ਲਈ ਗਈ।

ਜ਼ਮੀਨੀ ਪੱਧਰ ‘ਤੇ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਕਰਦਿਆਂ DGP ਗੌਰਵ ਯਾਦਵ ਨੇ ਫਿਰੋਜ਼ਪੁਰ ਦੇ ਤਲਵੰਡੀ ਭਾਈ ਵਿਖੇ ਸਥਾਪਤ ਹਾਈ-ਟੈਕ ਨਾਕੇ ਦਾ ਖੁਦ ਨਿਰੀਖਣ ਕੀਤਾ। ਉਨ੍ਹਾਂ ਨਾਕੇ ‘ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨਾਲ ਗੱਲਬਾਤ ਕਰਕੇ ਚੈਕਿੰਗ ਅਤੇ ਨਿਗਰਾਨੀ ਪ੍ਰਬੰਧਾਂ ਦਾ ਜਾਇਜ਼ਾ ਲਿਆ।

ਬਠਿੰਡਾ ਰੇਂਜ ਵਿੱਚ ਪੁਲਿਸ ਤਾਇਨਾਤੀ ਅਤੇ ਸੁਰੱਖਿਆ ਯੋਜਨਾ ਦੀ ਸਮੀਖਿਆ

ਫਿਰੋਜ਼ਪੁਰ ਅਤੇ ਫਰੀਦਕੋਟ ਰੇਂਜਾਂ ਦੀ ਸਮੀਖਿਆ ਤੋਂ ਬਾਅਦ DGP ਬਠਿੰਡਾ ਪਹੁੰਚੇ, ਜਿੱਥੇ ਉਨ੍ਹਾਂ ਨੇ ਬਠਿੰਡਾ ਰੇਂਜ ਦੇ ਸੀਨੀਅਰ ਅਧਿਕਾਰੀਆਂ ਨਾਲ ਵਿਸਥਾਰਪੂਰਵਕ ਸੁਰੱਖਿਆ ਮੀਟਿੰਗ ਕੀਤੀ।

ਮੀਟਿੰਗ ਦੌਰਾਨ ਆਜ਼ਾਦੀ ਦਿਹਾੜੇ ਦੇ ਸਮਾਗਮਾਂ ਲਈ ਤਿਆਰ ਕੀਤੀ ਪੁਲਿਸਿੰਗ ਯੋਜਨਾ, ਵੱਖ-ਵੱਖ ਥਾਵਾਂ ‘ਤੇ ਪੁਲਿਸ ਬਲ ਦੀ ਤਾਇਨਾਤੀ, ਸਮਾਗਮ ਸਥਾਨਾਂ ਦੀ ਸੁਰੱਖਿਆ, ਜਨਤਕ ਇਕੱਠਾਂ ਦੀ ਨਿਗਰਾਨੀ ਅਤੇ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਤਿਆਰੀਆਂ ਬਾਰੇ ਚਰਚਾ ਕੀਤੀ ਗਈ।

₹2.75 ਕਰੋੜ ਦੀ ਲਾਗਤ ਨਾਲ ਬਣੇ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਦਾ ਉਦਘਾਟਨ

ਤਕਨਾਲੋਜੀ ਆਧਾਰਿਤ ਪੁਲਿਸਿੰਗ ਨੂੰ ਹੋਰ ਮਜ਼ਬੂਤ ਕਰਦਿਆਂ DGP ਗੌਰਵ ਯਾਦਵ ਨੇ ਬਠਿੰਡਾ ਪੁਲਿਸ ਵੱਲੋਂ ₹2.75 ਕਰੋੜ ਦੀ ਲਾਗਤ ਨਾਲ ਤਿਆਰ ਕੀਤੇ ਅਤਿ-ਆਧੁਨਿਕ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਦਾ ਉਦਘਾਟਨ ਵੀ ਕੀਤਾ।

ਇਹ ਅਪਗ੍ਰੇਡ ਸੈਂਟਰ ਐਮਰਜੈਂਸੀ ਰਿਸਪਾਂਸ ਸਿਸਟਮ ਨਾਲ ਜੋੜਿਆ ਗਿਆ ਹੈ ਅਤੇ 112 ‘ਤੇ ਆਉਣ ਵਾਲੀਆਂ ਐਮਰਜੈਂਸੀ ਕਾਲਾਂ ਦੇ ਪ੍ਰਬੰਧਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਇਸ ਤੋਂ ਇਲਾਵਾ ਸ਼ਹਿਰ ਦੇ 59 ਰਣਨੀਤਕ ਸਥਾਨਾਂ ‘ਤੇ ਲੱਗੇ 282 ਸੀਸੀਟੀਵੀ ਕੈਮਰਿਆਂ ਰਾਹੀਂ ਨਿਗਰਾਨੀ, ਵਾਇਰਲੈੱਸ ਕਨੈਕਟੀਵਿਟੀ, ਵੀਡੀਓ ਵਿਸ਼ਲੇਸ਼ਣ ਅਤੇ ਅਸਲ-ਸਮੇਂ ਦੇ ਅਪਰਾਧ ਨਿਗਰਾਨੀ ਡੇਟਾ ਨੂੰ ਇੱਕੋ ਪ੍ਰਣਾਲੀ ਨਾਲ ਜੋੜਿਆ ਗਿਆ ਹੈ।

DGP ਨੇ ਕਿਹਾ ਕਿ ਇਹ ਨਵੀਂ ਸਹੂਲਤ ਬਠਿੰਡਾ ਪੁਲਿਸ ਦੀ ਤਕਨੀਕੀ ਸਮਰੱਥਾ ਨੂੰ ਵਧਾਉਣ ਦੇ ਨਾਲ-ਨਾਲ ਅਪਰਾਧ ਦੀ ਨਿਗਰਾਨੀ, ਤੁਰੰਤ ਜਵਾਬ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵਿੱਚ ਮਦਦਗਾਰ ਸਾਬਤ ਹੋਵੇਗੀ।

ਲੋਕਾਂ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ

DGP ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਆਜ਼ਾਦੀ ਦਿਹਾੜੇ ਦੇ ਸਮਾਗਮਾਂ ਨੂੰ ਸ਼ਾਂਤੀਪੂਰਨ ਅਤੇ ਸੁਰੱਖਿਅਤ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਅਧਿਕਾਰੀਆਂ ਨੂੰ ਸਰਗਰਮ, ਚੌਕਸ ਅਤੇ ਲੋਕ-ਕੇਂਦ੍ਰਿਤ ਪੁਲਿਸਿੰਗ ਅਪਣਾਉਣ ਲਈ ਕਿਹਾ, ਤਾਂ ਜੋ ਲੋਕ ਬਿਨਾਂ ਕਿਸੇ ਡਰ ਜਾਂ ਚਿੰਤਾ ਦੇ ਕੌਮੀ ਦਿਹਾੜਾ ਮਨਾ ਸਕਣ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਮਜ਼ਬੂਤ ਵਿਵਸਥਾ ਨੂੰ ਕਾਇਮ ਰੱਖਣਾ ਪੁਲਿਸ ਦੀ ਮੁੱਖ ਜ਼ਿੰਮੇਵਾਰੀ ਹੈ ਅਤੇ ਇਸ ਸਬੰਧੀ ਸਾਰੇ ਲੋੜੀਂਦੇ ਕਦਮ ਪਹਿਲਾਂ ਹੀ ਯਕੀਨੀ ਬਣਾਏ ਜਾ ਰਹੇ ਹਨ।

ਸਮੀਖਿਆ ਮੀਟਿੰਗਾਂ ਵਿੱਚ ਆਈਜੀਪੀ ਫਰੀਦਕੋਟ ਰੇਂਜ ਨੀਲਾਂਬਰੀ ਜਗਦਲੇ, ਡੀਆਈਜੀ ਬਠਿੰਡਾ ਰੇਂਜ ਹਰਜੀਤ ਸਿੰਘ, ਡੀਆਈਜੀ ਫਿਰੋਜ਼ਪੁਰ ਰੇਂਜ ਸਨੇਹਦੀਪ ਸ਼ਰਮਾ ਸਮੇਤ ਵੱਖ-ਵੱਖ ਜ਼ਿਲ੍ਹਿਆਂ ਦੇ ਐਸਐਸਪੀ ਅਤੇ ਪੰਜਾਬ DGP ਦੇ ਸਟਾਫ਼ ਅਧਿਕਾਰੀ ਮੌਜੂਦ ਰਹੇ।

Leave a Reply

Your email address will not be published. Required fields are marked *