Saturday, August 8Punjabi People

ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ‘ਦਿ ਗ੍ਰੇਟ ਪੰਜਾਬ ਰੋਬਰੀ’ ਦੀ ਟੀਮ ਦਾ ਕੀਤਾ ਨਿੱਘਾ ਸਵਾਗਤ

ਚੰਡੀਗੜ੍ਹ, 7 ਅਗਸਤ 2026: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਪੰਜਾਬ ਵਿਧਾਨ ਸਭਾ ਸਕੱਤਰੇਤ ਵਿਖੇ ਪੰਜਾਬੀ ਫਿਲਮ ‘ਦਿ ਗ੍ਰੇਟ ਪੰਜਾਬ ਰੋਬਰੀ’ ਦੀ ਸਟਾਰ ਕਾਸਟ ਅਤੇ ਨਿਰਮਾਤਾ ਟੀਮ ਨਾਲ ਮੁਲਾਕਾਤ ਕੀਤੀ। ਫਿਲਮ ਦੇਖਣ ਉਪਰੰਤ ਉਨ੍ਹਾਂ ਇਸ ਦੀ ਪ੍ਰਭਾਵਸ਼ਾਲੀ ਕਹਾਣੀ, ਸਾਰਥਕ ਸੰਦੇਸ਼ ਅਤੇ ਪੰਜਾਬ ਦੀ ਅਮੀਰ ਸੱਭਿਆਚਾਰਕ ਪਛਾਣ ਨੂੰ ਖੂਬਸੂਰਤੀ ਨਾਲ ਪੇਸ਼ ਕਰਨ ਲਈ ਫਿਲਮ ਦੀ ਭਰਪੂਰ ਪ੍ਰਸ਼ੰਸਾ ਕੀਤੀ।

ਇਸ ਮੌਕੇ ਵਫ਼ਦ ਵਿੱਚ ਰਾਜ ਕੁੰਦਰਾ, ਪਾਇਲ ਰਾਜਪੂਤ, ਪਰਮਵੀਰ ਸਿੰਘ, ਫਿਲਮ ਨਿਰਦੇਸ਼ਕ ਸੌਰਭ ਵਰਮਾ ਅਤੇ ਗੁਰਪ੍ਰੀਤ ਕੌਰ ਚੱਢਾ ਸ਼ਾਮਲ ਸਨ। ਮੁਲਾਕਾਤ ਦੌਰਾਨ ਸਪੀਕਰ ਸੰਧਵਾਂ ਅਤੇ ਫਿਲਮ ਟੀਮ ਵਿਚਕਾਰ ਪੰਜਾਬੀ ਸੱਭਿਆਚਾਰ, ਖੇਤਰੀ ਸਿਨੇਮਾ, ਫਿਲਮ ਉਦਯੋਗ ਅਤੇ ਸੂਬੇ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਮੁੱਦਿਆਂ ‘ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਹੋਇਆ ਅਤੇ ਕਈ ਅਹਿਮ ਸੁਝਾਵਾਂ ਦਾ ਆਦਾਨ-ਪ੍ਰਦਾਨ ਕੀਤਾ ਗਿਆ।

ਫਿਲਮ ਟੀਮ ਨੇ ਸਪੀਕਰ ਅੱਗੇ ਕਈ ਮਹੱਤਵਪੂਰਨ ਸੁਝਾਅ ਰੱਖੇ। ਉਨ੍ਹਾਂ ਪੰਜਾਬ ਵਿੱਚ ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ (ਸੀਬੀਐਫਸੀ) ਦੀ ਇੱਕ ਸਮਰਪਿਤ ਸ਼ਾਖਾ ਸਥਾਪਤ ਕਰਨ ਦੀ ਮੰਗ ਕੀਤੀ, ਤਾਂ ਜੋ ਸੈਂਸਰਸ਼ਿਪ ਨਾਲ ਸਬੰਧਤ ਕਾਰਵਾਈ ਲਈ ਮੁੰਬਈ ਅਤੇ ਦਿੱਲੀ ‘ਤੇ ਨਿਰਭਰਤਾ ਘਟੇ ਅਤੇ ਨਿਰਮਾਤਾਵਾਂ ਨੂੰ ਹੋਣ ਵਾਲੀ ਦੇਰੀ ਤੋਂ ਰਾਹਤ ਮਿਲੇ।

ਇਸ ਤੋਂ ਇਲਾਵਾ, ਰਾਜ ਸਰਕਾਰ ਦੇ ਸਹਿਯੋਗ ਨਾਲ ਪੰਜਾਬ ਵਿੱਚ ਆਧੁਨਿਕ ਫਿਲਮ ਸਿਟੀ ਦੀ ਸਥਾਪਨਾ ਕਰਕੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ, ਪੰਜਾਬੀ ਸਿਨੇਮਾ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਕਾਨਸ ਫਿਲਮ ਫੈਸਟੀਵਲ ਵਰਗੇ ਅੰਤਰਰਾਸ਼ਟਰੀ ਮੰਚਾਂ ‘ਤੇ ਮੁਕਾਬਲੇ ਲਈ ਉੱਚ-ਪੱਧਰੀ ਪੰਜਾਬੀ ਫਿਲਮਾਂ ਨੂੰ ਸਰਕਾਰੀ ਪ੍ਰੋਤਸਾਹਨ ਅਤੇ ਸੰਸਥਾਗਤ ਸਹਾਇਤਾ ਦੇਣ ਅਤੇ ਨਵੀਂ ਪੀੜ੍ਹੀ ਵਿੱਚ ਨੈਤਿਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਵਾਲੀਆਂ, ਪੰਜਾਬ ਦੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਨੂੰ ਉਜਾਗਰ ਕਰਨ ਵਾਲੀਆਂ ਫਿਲਮਾਂ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਵੀ ਕੀਤੀ।

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇਨ੍ਹਾਂ ਸੁਝਾਵਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬੀ ਸਿਨੇਮਾ ਪੰਜਾਬ ਦੇ ਜੀਵੰਤ ਸੱਭਿਆਚਾਰ, ਅਮੀਰ ਵਿਰਾਸਤ ਅਤੇ ਸੈਰ-ਸਪਾਟੇ ਨੂੰ ਵਿਸ਼ਵ ਪੱਧਰ ‘ਤੇ ਪਹੁੰਚਾਉਣ ਦਾ ਇੱਕ ਪ੍ਰਭਾਵਸ਼ਾਲੀ ਮਾਧਿਅਮ ਹੈ। ਉਨ੍ਹਾਂ ਕਿਹਾ ਕਿ ਸਕਾਰਾਤਮਕ ਸੋਚ ਅਤੇ ਸਮਾਜਕ ਕਦਰਾਂ-ਕੀਮਤਾਂ ਨੂੰ ਪ੍ਰੇਰਿਤ ਕਰਨ ਵਾਲੀਆਂ ਫਿਲਮਾਂ ਸਮਾਜ ਨੂੰ ਸਹੀ ਦਿਸ਼ਾ ਦਿੰਦੀਆਂ ਹਨ ਅਤੇ ਪੰਜਾਬ ਦੀ ਮਾਣਮੱਤੀ ਪਛਾਣ ਨੂੰ ਹੋਰ ਮਜ਼ਬੂਤ ਬਣਾਉਂਦੀਆਂ ਹਨ।

ਸਪੀਕਰ ਨੇ ਰਾਜ ਕੁੰਦਰਾ ਵੱਲੋਂ ਪੱਗ ਧਾਰਨ ਕਰਕੇ ਪੰਜਾਬੀ ਪਛਾਣ ਨੂੰ ਅਪਣਾਉਣ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੱਗ ਪੰਜਾਬ ਦੇ ਸਨਮਾਨ, ਸਵੈ-ਮਾਣ ਅਤੇ ਸੱਭਿਆਚਾਰਕ ਵਿਰਸੇ ਦੀ ਪ੍ਰਤੀਕ ਹੈ। ਉਨ੍ਹਾਂ ਆਸ ਜਤਾਈ ਕਿ ਇਹ ਕਦਮ ਆਪਸੀ ਸਤਿਕਾਰ, ਸੱਭਿਆਚਾਰਕ ਸਾਂਝ ਅਤੇ ਸਮਾਜਕ ਸਦਭਾਵਨਾ ਨੂੰ ਹੋਰ ਮਜ਼ਬੂਤ ਕਰਨ ਦਾ ਸੰਦੇਸ਼ ਦੇਵੇਗਾ।

Leave a Reply

Your email address will not be published. Required fields are marked *