
ਚੰਡੀਗੜ੍ਹ, 29 ਜੁਲਾਈ 2026: ਪੰਜਾਬ ਸਰਕਾਰ ਵੱਲੋਂ ਆਰਥਿਕ ਤੌਰ ‘ਤੇ ਕਮਜ਼ੋਰ ਅਤੇ ਲੋੜਵੰਦ ਪਰਿਵਾਰਾਂ ਦੀ ਭੋਜਨ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਲਈ ਚਲਾਈ ਜਾ ਰਹੀ ‘ਮੇਰੀ ਰਸੋਈ’ ਰਾਸ਼ਨ ਕਿੱਟ ਯੋਜਨਾ ਲਗਾਤਾਰ ਰਫ਼ਤਾਰ ਨਾਲ ਅੱਗੇ ਵੱਧ ਰਹੀ ਹੈ। ਯੋਜਨਾ ਤਹਿਤ ਹੁਣ ਤੱਕ 33.86 ਲੱਖ ਤੋਂ ਵੱਧ ਰਾਸ਼ਨ ਕਿੱਟਾਂ ਲਾਭਪਾਤਰੀ ਪਰਿਵਾਰਾਂ ਤੱਕ ਪਹੁੰਚਾਈਆਂ ਜਾ ਚੁੱਕੀਆਂ ਹਨ, ਜਦਕਿ ਸਰਕਾਰ ਦਾ ਟੀਚਾ ਹਰ ਤਿੰਨ ਮਹੀਨਿਆਂ ਬਾਅਦ 40.48 ਲੱਖ ਯੋਗ ਪਰਿਵਾਰਾਂ ਨੂੰ ਇਹ ਕਿੱਟਾਂ ਮੁਹੱਈਆ ਕਰਵਾਉਣਾ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਅਗਵਾਈ ਹੇਠ ਇਹ ਮੁਹਿੰਮ ਮਿਸ਼ਨ ਮੋਡ ਵਿੱਚ ਚਲਾਈ ਜਾ ਰਹੀ ਹੈ, ਤਾਂ ਜੋ ਸੂਬੇ ਦਾ ਕੋਈ ਵੀ ਯੋਗ ਪਰਿਵਾਰ ਪੌਸ਼ਟਿਕ ਅਤੇ ਜ਼ਰੂਰੀ ਖੁਰਾਕ ਤੋਂ ਵਾਂਝਾ ਨਾ ਰਹੇ।
ਹਰ ਪਰਿਵਾਰ ਨੂੰ ਮਿਲ ਰਹੀ ਪੌਸ਼ਟਿਕ ਰਾਸ਼ਨ ਕਿੱਟ
ਸਰਕਾਰ ਵੱਲੋਂ ਦਿੱਤੀ ਜਾ ਰਹੀ ਹਰ ਰਾਸ਼ਨ ਕਿੱਟ ਇੱਕ ਪਰਿਵਾਰ ਦੀ ਮਹੀਨਾਵਾਰ ਖੁਰਾਕ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ। ਇਸ ਵਿੱਚ 2 ਕਿਲੋਗ੍ਰਾਮ ਦਾਲ, 2 ਕਿਲੋਗ੍ਰਾਮ ਖੰਡ, 1 ਕਿਲੋਗ੍ਰਾਮ ਨਮਕ, 200 ਗ੍ਰਾਮ ਹਲਦੀ ਪਾਊਡਰ ਅਤੇ 1 ਲੀਟਰ ਸਰ੍ਹੋਂ ਦਾ ਤੇਲ ਸ਼ਾਮਲ ਹੈ।
ਇਹ ਕਿੱਟਾਂ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ (NFSA), 2013 ਤਹਿਤ ਪਹਿਲਾਂ ਤੋਂ ਦਿੱਤੀ ਜਾ ਰਹੀ ਕਣਕ ਤੋਂ ਇਲਾਵਾ ਵਾਧੂ ਸਹਾਇਤਾ ਵਜੋਂ ਦਿੱਤੀਆਂ ਜਾ ਰਹੀਆਂ ਹਨ, ਜਿਸ ਨਾਲ ਲਾਭਪਾਤਰੀ ਪਰਿਵਾਰਾਂ ਨੂੰ ਸੰਤੁਲਿਤ ਅਤੇ ਪੌਸ਼ਟਿਕ ਭੋਜਨ ਉਪਲਬਧ ਹੋ ਸਕੇ।
ਮਾਰਕਫੈੱਡ ਤਿਆਰ ਕਰ ਰਿਹਾ ਕਿੱਟਾਂ, ਵਿਭਾਗ ਕਰ ਰਿਹਾ ਨਿਗਰਾਨੀ
ਇਨ੍ਹਾਂ ਰਾਸ਼ਨ ਕਿੱਟਾਂ ਦੀ ਤਿਆਰੀ ਮਾਰਕਫੈੱਡ ਵੱਲੋਂ ਕੀਤੀ ਜਾ ਰਹੀ ਹੈ, ਜਦਕਿ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਸੂਬੇ ਭਰ ਵਿੱਚ ਵੰਡ ਪ੍ਰਣਾਲੀ ਦੀ ਨਿਗਰਾਨੀ ਕਰ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਸਥਾਨਕ ਅਧਿਕਾਰੀਆਂ ਦੇ ਤਾਲਮੇਲ ਨਾਲ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਹਰ ਯੋਗ ਪਰਿਵਾਰ ਤੱਕ ਸਮੇਂ ਸਿਰ ਰਾਸ਼ਨ ਕਿੱਟ ਪਹੁੰਚੇ।
ਲੁਧਿਆਣਾ ਰਿਹਾ ਸਭ ਤੋਂ ਅੱਗੇ
ਹੁਣ ਤੱਕ ਵੰਡੀਆਂ ਗਈਆਂ 33.86 ਲੱਖ ਰਾਸ਼ਨ ਕਿੱਟਾਂ ਵਿੱਚੋਂ ਸਭ ਤੋਂ ਵੱਧ ਵੰਡ ਲੁਧਿਆਣਾ ਜ਼ਿਲ੍ਹੇ ਵਿੱਚ ਹੋਈ ਹੈ, ਜਿੱਥੇ 3,86,692 ਕਿੱਟਾਂ ਵੰਡੀਆਂ ਗਈਆਂ। ਇਸ ਤੋਂ ਬਾਅਦ ਅੰਮ੍ਰਿਤਸਰ ਵਿੱਚ 2,66,112, ਪਟਿਆਲਾ ਵਿੱਚ 2,37,320, ਗੁਰਦਾਸਪੁਰ ਵਿੱਚ 2,09,040, ਜਲੰਧਰ ਵਿੱਚ 1,95,614 ਅਤੇ ਬਠਿੰਡਾ ਵਿੱਚ 1,94,449 ਰਾਸ਼ਨ ਕਿੱਟਾਂ ਲਾਭਪਾਤਰੀਆਂ ਨੂੰ ਦਿੱਤੀਆਂ ਗਈਆਂ।
ਇਸੇ ਤਰ੍ਹਾਂ ਹੁਸ਼ਿਆਰਪੁਰ ਵਿੱਚ 1,84,140, ਸੰਗਰੂਰ ਵਿੱਚ 1,66,102, ਫਾਜ਼ਿਲਕਾ ਵਿੱਚ 1,65,364, ਤਰਨ ਤਾਰਨ ਵਿੱਚ 1,61,253, ਸ੍ਰੀ ਮੁਕਤਸਰ ਸਾਹਿਬ ਵਿੱਚ 1,42,995, ਫਿਰੋਜ਼ਪੁਰ ਵਿੱਚ 1,29,673, ਮੋਗਾ ਵਿੱਚ 1,23,321, ਮਾਨਸਾ ਵਿੱਚ 1,00,371, ਐੱਸ.ਏ.ਐੱਸ. ਨਗਰ (ਮੋਹਾਲੀ) ਵਿੱਚ 91,991, ਰੂਪਨਗਰ ਵਿੱਚ 91,469, ਕਪੂਰਥਲਾ ਵਿੱਚ 90,616, ਪਠਾਨਕੋਟ ਵਿੱਚ 89,596, ਫਰੀਦਕੋਟ ਵਿੱਚ 82,808, ਫਤਿਹਗੜ੍ਹ ਸਾਹਿਬ ਵਿੱਚ 81,867, ਸ਼ਹੀਦ ਭਗਤ ਸਿੰਘ ਨਗਰ ਵਿੱਚ 71,614, ਬਰਨਾਲਾ ਵਿੱਚ 68,592 ਅਤੇ ਮਾਲੇਰਕੋਟਲਾ ਵਿੱਚ 55,400 ਰਾਸ਼ਨ ਕਿੱਟਾਂ ਦੀ ਵੰਡ ਕੀਤੀ ਜਾ ਚੁੱਕੀ ਹੈ।
ਭੋਜਨ ਸੁਰੱਖਿਆ ਅਤੇ ਪੋਸ਼ਣ ਵਧਾਉਣ ‘ਤੇ ਫੋਕਸ
ਸਰਕਾਰ ਦਾ ਕਹਿਣਾ ਹੈ ਕਿ ਇਸ ਯੋਜਨਾ ਦਾ ਮਕਸਦ ਸਿਰਫ਼ ਅਨਾਜ ਮੁਹੱਈਆ ਕਰਵਾਉਣਾ ਨਹੀਂ, ਸਗੋਂ ਲੋੜਵੰਦ ਪਰਿਵਾਰਾਂ ਦੀ ਖੁਰਾਕ ਵਿੱਚ ਪ੍ਰੋਟੀਨ, ਖਾਣਾ ਪਕਾਉਣ ਵਾਲਾ ਤੇਲ ਅਤੇ ਜ਼ਰੂਰੀ ਮਸਾਲਿਆਂ ਨੂੰ ਵੀ ਸ਼ਾਮਲ ਕਰਨਾ ਹੈ, ਤਾਂ ਜੋ ਉਨ੍ਹਾਂ ਨੂੰ ਵਧੀਆ ਪੌਸ਼ਟਿਕ ਆਹਾਰ ਮਿਲ ਸਕੇ।
ਪਾਰਦਰਸ਼ੀ ਵੰਡ ਪ੍ਰਣਾਲੀ ‘ਤੇ ਖਾਸ ਜ਼ੋਰ
ਰਾਸ਼ਨ ਕਿੱਟਾਂ ਦੀ ਵੰਡ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਬਣਾਉਣ ਲਈ ਵਿਭਾਗ ਵੱਲੋਂ ਡਿਜੀਟਲ ਨਿਗਰਾਨੀ ਕੀਤੀ ਜਾ ਰਹੀ ਹੈ। ਦੋਹਰੀ ਐਂਟਰੀ ਨੂੰ ਰੋਕਣ, ਸਹੀ ਲਾਭਪਾਤਰੀ ਤੱਕ ਰਾਸ਼ਨ ਪਹੁੰਚਾਉਣ ਅਤੇ ਵੰਡ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ।
ਪੰਜਾਬ ਸਰਕਾਰ ਨੇ ਕਿਹਾ ਕਿ ‘ਮੇਰੀ ਰਸੋਈ’ ਯੋਜਨਾ ਸੂਬੇ ਦੇ ਹਰ ਯੋਗ ਪਰਿਵਾਰ ਤੱਕ ਭੋਜਨ ਸੁਰੱਖਿਆ ਪਹੁੰਚਾਉਣ ਦੀ ਉਸਦੀ ਵਚਨਬੱਧਤਾ ਦਾ ਪ੍ਰਤੀਕ ਹੈ। ਐਨਐਫਐਸਏ ਤਹਿਤ ਮਿਲਣ ਵਾਲੀ ਕਣਕ ਦੇ ਨਾਲ ਇਹ ਵਾਧੂ ਰਾਸ਼ਨ ਕਿੱਟਾਂ ਸ਼ਾਮਲ ਕਰਕੇ ਸਰਕਾਰ ਨਾ ਸਿਰਫ਼ ਭੁੱਖਮਰੀ ਨੂੰ ਘਟਾਉਣ, ਸਗੋਂ ਪੋਸ਼ਣ ਦੇ ਪੱਧਰ ਨੂੰ ਵੀ ਬਿਹਤਰ ਬਣਾਉਣ ਲਈ ਕੰਮ ਕਰ ਰਹੀ ਹੈ।
