
ਚੰਡੀਗੜ੍ਹ, 27 ਜੁਲਾਈ: ਪੰਜਾਬ ਸਟੇਟ ਫੂਡ ਕਮਿਸ਼ਨ (ਪੀਐਸਐਫਸੀ) ਨੇ ਭੋਜਨ ਅਤੇ ਪੋਸ਼ਣ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਅੱਜ ਆਪਣੀਆਂ ਵੱਖ-ਵੱਖ ਗਤੀਵਿਧੀਆਂ ਦੀ ਵਿਆਪਕ ਸਮੀਖਿਆ ਕੀਤੀ। ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਨਿਊਟ੍ਰੀਸ਼ਨ ਗਾਰਡਨਜ਼ ਦੀ ਨਿਯਮਤ ਨਿਗਰਾਨੀ, ਡਿਜ਼ੀਟਲ ਸੇਵਾਵਾਂ ਦੇ ਆਧੁਨਿਕੀਕਰਨ ਅਤੇ ਜਨ-ਜਾਗਰੂਕਤਾ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਸਬੰਧੀ ਕਈ ਮਹੱਤਵਪੂਰਨ ਫ਼ੈਸਲੇ ਲਏ ਗਏ।
ਮੀਟਿੰਗ ਦੌਰਾਨ ਬਾਲ ਮੁਕੰਦ ਸ਼ਰਮਾ ਨੇ ਕਿਹਾ ਕਿ ਬਦਲਦੇ ਤਕਨੀਕੀ ਯੁੱਗ ਦੇ ਮੱਦੇਨਜ਼ਰ ਕਮਿਸ਼ਨ ਦੀ ਕਾਰਗੁਜ਼ਾਰੀ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਲੋਕ-ਕੇਂਦਰਿਤ ਬਣਾਉਣਾ ਸਮੇਂ ਦੀ ਲੋੜ ਹੈ। ਇਸੇ ਤਹਿਤ ਕਮਿਸ਼ਨ ਦੀ ਅਧਿਕਾਰਕ ਵੈੱਬਸਾਈਟ ਨੂੰ ਆਧੁਨਿਕ ਰੂਪ ਦੇਣ ਅਤੇ ਇਸ ਨੂੰ ਨਿਯਮਤ ਤੌਰ ‘ਤੇ ਅਪਡੇਟ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਤਾਂ ਜੋ ਲੋਕਾਂ ਨੂੰ ਕਮਿਸ਼ਨ ਦੀਆਂ ਗਤੀਵਿਧੀਆਂ, ਯੋਜਨਾਵਾਂ ਅਤੇ ਪਹਿਲਕਦਮੀਆਂ ਬਾਰੇ ਤਾਜ਼ਾ ਅਤੇ ਪ੍ਰਮਾਣਿਕ ਜਾਣਕਾਰੀ ਆਸਾਨੀ ਨਾਲ ਮਿਲ ਸਕੇ।
ਜਾਗਰੂਕਤਾ ਫ਼ਿਲਮ ਨੂੰ ਮਿਲੇਗਾ ਨਵਾਂ ਰੂਪ
ਮੀਟਿੰਗ ਦੌਰਾਨ ਕਮਿਸ਼ਨ ਵੱਲੋਂ ਤਿਆਰ ਕੀਤੀ ਗਈ ਜਾਗਰੂਕਤਾ ਫ਼ਿਲਮ ਦੀ ਵੀ ਸਮੀਖਿਆ ਕੀਤੀ ਗਈ। ਚੇਅਰਮੈਨ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮੌਜੂਦਾ ਫ਼ਿਲਮ ਨੂੰ ਨਵੇਂ ਸਿਰੇ ਨਾਲ ਅਪਡੇਟ ਕੀਤਾ ਜਾਵੇ ਅਤੇ ਇਸ ਵਿੱਚ ਭੋਜਨ ਅਤੇ ਪੋਸ਼ਣ ਸੁਰੱਖਿਆ ਨਾਲ ਜੁੜੀਆਂ ਕਮਿਸ਼ਨ ਦੀਆਂ ਤਾਜ਼ਾ ਮੁਹਿੰਮਾਂ, ਜਨ-ਭਲਾਈ ਉਪਰਾਲਿਆਂ ਅਤੇ ਜਾਗਰੂਕਤਾ ਪ੍ਰੋਗਰਾਮਾਂ ਨੂੰ ਵੀ ਸ਼ਾਮਲ ਕੀਤਾ ਜਾਵੇ, ਤਾਂ ਜੋ ਲੋਕਾਂ ਤੱਕ ਕਮਿਸ਼ਨ ਦੇ ਸੰਦੇਸ਼ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਇਆ ਜਾ ਸਕੇ।
ਨਿਊਟ੍ਰੀਸ਼ਨ ਗਾਰਡਨਜ਼ ਦੀ ਸਾਂਭ-ਸੰਭਾਲ ‘ਤੇ ਵਿਸ਼ੇਸ਼ ਧਿਆਨ
ਮਾਨਸੂਨ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਬਾਲ ਮੁਕੰਦ ਸ਼ਰਮਾ ਨੇ ਸੂਬੇ ਭਰ ਦੇ ਕਮਿਸ਼ਨ ਵੱਲੋਂ ਗੋਦ ਲਏ ਸਕੂਲਾਂ ਵਿੱਚ ਸਥਾਪਿਤ ਨਿਊਟ੍ਰੀਸ਼ਨ ਗਾਰਡਨਜ਼ ਦੀ ਨਿਯਮਤ ਦੇਖਭਾਲ, ਸਮੇਂ-ਸਮੇਂ ‘ਤੇ ਨਿਰੀਖਣ ਅਤੇ ਲੋੜ ਅਨੁਸਾਰ ਤਕਨੀਕੀ ਸੁਧਾਰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਹ ਗਾਰਡਨ ਬੱਚਿਆਂ ਵਿੱਚ ਪੌਸ਼ਟਿਕ ਭੋਜਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ, ਇਸ ਲਈ ਇਨ੍ਹਾਂ ਦੀ ਸੰਭਾਲ ਵਿੱਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ।
ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਿਊਟ੍ਰੀਸ਼ਨ ਗਾਰਡਨਜ਼ ਦੀ ਕਾਰਗੁਜ਼ਾਰੀ ਦੀ ਨਿਯਮਤ ਸਮੀਖਿਆ ਕੀਤੀ ਜਾਵੇ ਅਤੇ ਜਿੱਥੇ ਵੀ ਲੋੜ ਹੋਵੇ ਉੱਥੇ ਆਧੁਨਿਕ ਤਕਨੀਕੀ ਤਰੀਕਿਆਂ ਅਤੇ ਬਿਹਤਰ ਪ੍ਰਬੰਧਨ ਰਾਹੀਂ ਇਨ੍ਹਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾਵੇ।
ਮੀਟਿੰਗ ਵਿੱਚ ਕਮਿਸ਼ਨ ਦੇ ਮੈਂਬਰ ਸਕੱਤਰ ਸੋਨਾ ਥਿੰਦ, ਮੈਂਬਰ ਵਿਜੇ ਦੱਤ ਅਤੇ ਚੇਤਨ ਪ੍ਰਕਾਸ਼ ਧਾਲੀਵਾਲ ਸਮੇਤ ਹੋਰ ਅਧਿਕਾਰੀਆਂ ਨੇ ਵੀ ਹਿੱਸਾ ਲਿਆ ਅਤੇ ਕਮਿਸ਼ਨ ਦੀਆਂ ਚੱਲ ਰਹੀਆਂ ਗਤੀਵਿਧੀਆਂ ਅਤੇ ਭਵਿੱਖੀ ਯੋਜਨਾਵਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਚੇਅਰਮੈਨ ਨੇ ਅੰਤ ਵਿੱਚ ਕਿਹਾ ਕਿ ਪੰਜਾਬ ਸਟੇਟ ਫੂਡ ਕਮਿਸ਼ਨ ਭੋਜਨ ਅਤੇ ਪੋਸ਼ਣ ਸੁਰੱਖਿਆ ਨਾਲ ਸਬੰਧਤ ਹਰ ਪਹਿਲ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਲਗਾਤਾਰ ਕੰਮ ਕਰਦਾ ਰਹੇਗਾ, ਤਾਂ ਜੋ ਸੂਬੇ ਦੇ ਹਰ ਵਰਗ ਤੱਕ ਪੌਸ਼ਟਿਕ ਭੋਜਨ ਅਤੇ ਜਾਗਰੂਕਤਾ ਦੇ ਲਾਭ ਪਹੁੰਚ ਸਕਣ।
