Wednesday, July 29Punjabi People

ਮੋਗਾ ਪੁਲਿਸ ਦੀ ਵੱਡੀ ਕਾਮਯਾਬੀ: ਸਦਰ ਥਾਣਾ ਗ੍ਰਨੇਡ ਹਮਲਾ ਮਾਮਲੇ ‘ਚ 17 ਮੁਲਜ਼ਮ ਕਾਬੂ

ਚੰਡੀਗੜ੍ਹ/ਮੋਗਾ, 21 ਜੁਲਾਈ 2026: ਪੰਜਾਬ ਪੁਲਿਸ ਵੱਲੋਂ ਡੀਜੀਪੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਗੈਂਗਸਟਰਾਂ ਅਤੇ ਅੱਤਵਾਦੀ ਮਾਡਿਊਲਾਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ “ਗੈਂਗਸਟਰਾਂ ‘ਤੇ ਵਾਰ” ਤਹਿਤ ਮੋਗਾ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਥਾਣਾ ਸਦਰ ਮੋਗਾ ਕੰਪਲੈਕਸ ‘ਤੇ ਹੋਏ ਘੱਟ ਤੀਬਰਤਾ ਵਾਲੇ ਗ੍ਰਨੇਡ ਹਮਲੇ ਦੇ ਮਾਮਲੇ ਦਾ ਪਰਦਾਫਾਸ਼ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਹੁਣ ਤੱਕ 17 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਜਾਂਚ ਦੌਰਾਨ ਇੱਕ ਹੋਰ ਵੱਡੀ ਸਾਜ਼ਿਸ਼ ਦਾ ਵੀ ਖੁਲਾਸਾ ਹੋਇਆ ਹੈ।

ਪੁਲਿਸ ਨੇ ਗ੍ਰਿਫ਼ਤਾਰ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਵਾਰਦਾਤ ਵਿੱਚ ਵਰਤਿਆ ਗਿਆ ਸਪਲੈਂਡਰ ਮੋਟਰਸਾਈਕਲ, 9 ਐੱਮ.ਐੱਮ. ਗਲਾਕ ਪਿਸਤੌਲ, ਮੈਗਜ਼ੀਨ ਅਤੇ ਇੱਕ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (IED) ਵੀ ਬਰਾਮਦ ਕੀਤੀ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਦੀ ਮਨਸ਼ਾ ਫਿਰੋਜ਼ਪੁਰ-ਜੰਮੂ ਰੇਲਗੱਡੀ ਵਿੱਚ ਆਈਈਡੀ ਧਮਾਕਾ ਕਰਕੇ ਵੱਡੀ ਤਬਾਹੀ ਮਚਾਉਣ ਦੀ ਸੀ, ਜਿਸ ਨੂੰ ਪੁਲਿਸ ਨੇ ਸਮੇਂ ਸਿਰ ਨਾਕਾਮ ਕਰ ਦਿੱਤਾ।

8 ਜੁਲਾਈ ਨੂੰ ਹੋਇਆ ਸੀ ਸਦਰ ਥਾਣੇ ‘ਤੇ ਗ੍ਰਨੇਡ ਹਮਲਾ

ਫਰੀਦਕੋਟ ਰੇਂਜ ਦੀ ਆਈਜੀ ਨੀਲਾਂਬਰੀ ਜਗਦਾਲੇ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 8 ਜੁਲਾਈ 2026 ਨੂੰ ਤੜਕੇ ਕਰੀਬ 3:15 ਵਜੇ ਅਣਪਛਾਤੇ ਵਿਅਕਤੀਆਂ ਨੇ ਥਾਣਾ ਸਦਰ ਮੋਗਾ ਦੀ ਇਮਾਰਤ ਅੰਦਰ ਘੱਟ ਤੀਬਰਤਾ ਵਾਲਾ ਗ੍ਰਨੇਡ ਸੁੱਟ ਕੇ ਹਮਲਾ ਕੀਤਾ ਸੀ। ਇਸ ਘਟਨਾ ਤੋਂ ਬਾਅਦ ਥਾਣਾ ਸਦਰ ਮੋਗਾ ਵਿੱਚ ਭਾਰਤੀ ਨਿਆਂ ਸੰਹਿਤਾ (BNS), ਵਿਸਫੋਟਕ ਪਦਾਰਥ ਐਕਟ ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਵਿਸਥਾਰਪੂਰਵਕ ਜਾਂਚ ਸ਼ੁਰੂ ਕੀਤੀ ਗਈ।

ਵਿਸ਼ੇਸ਼ ਟੀਮਾਂ ਨੇ ਕੀਤੀ ਡੂੰਘੀ ਜਾਂਚ

ਆਈਜੀ ਨੇ ਦੱਸਿਆ ਕਿ ਉਨ੍ਹਾਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐੱਸਐੱਸਪੀ ਸਰਤਾਜ ਸਿੰਘ ਚਾਹਲ ਦੀ ਨਿਗਰਾਨੀ ਹੇਠ ਐੱਸਪੀ (ਡੀ) ਬਾਲ ਕ੍ਰਿਸ਼ਨ ਸਿੰਗਲਾ, ਡੀਐੱਸਪੀ (ਡੀ) ਗੁਰਪ੍ਰੀਤ ਸਿੰਘ, ਡੀਐੱਸਪੀ ਸਿਟੀ ਜਤਿੰਦਰ ਸਿੰਘ ਗਿੱਲ, ਸੀਆਈਏ ਸਟਾਫ ਇੰਚਾਰਜ ਦਲਜੀਤ ਸਿੰਘ ਅਤੇ ਥਾਣਾ ਸਦਰ ਦੇ ਐੱਸਐੱਚਓ ਹਰਵਿੰਦਰ ਸਿੰਘ ਦੀ ਅਗਵਾਈ ਵਿੱਚ ਵਿਸ਼ੇਸ਼ ਜਾਂਚ ਟੀਮਾਂ ਦਾ ਗਠਨ ਕੀਤਾ ਗਿਆ। ਤਕਨੀਕੀ ਸਬੂਤਾਂ, ਸੀਸੀਟੀਵੀ ਫੁਟੇਜ ਅਤੇ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਪੁਲਿਸ ਨੇ ਇਸ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕੀਤਾ।

ਵਿਦੇਸ਼ ਵਿੱਚ ਬੈਠੇ ਮਾਸਟਰਮਾਈਂਡ ਦਾ ਨਾਂ ਆਇਆ ਸਾਹਮਣੇ

ਪੁੱਛਗਿੱਛ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਇਸ ਸਾਜ਼ਿਸ਼ ਦਾ ਮੁੱਖ ਸੂਤਰਧਾਰ ਇਕਬਾਲ ਉਰਫ਼ ਰਵੀ ਧਾਲੀਵਾਲ, ਜੋ ਇਸ ਸਮੇਂ ਵਿਦੇਸ਼ ਵਿੱਚ ਬੈਠਾ ਹੈ, ਆਪਣੇ ਸਾਥੀਆਂ ਲਾਜ਼ਰ ਉਰਫ਼ ਅਮਨ, ਪ੍ਰਵੀਨ ਕੌਰ ਅਤੇ ਕੁਲਜੀਤ ਕੌਰ ਸਮੇਤ ਪੰਜਾਬ ਵਿੱਚ ਅਪਰਾਧਿਕ ਅਤੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਨੈੱਟਵਰਕ ਚਲਾ ਰਿਹਾ ਸੀ।

ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਤ ਕਈ ਵਿਅਕਤੀਆਂ ਨੇ ਇਸ ਹਮਲੇ ਨੂੰ ਅੰਜਾਮ ਦੇਣ ਅਤੇ ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ ਵਿੱਚ ਭੂਮਿਕਾ ਨਿਭਾਈ। ਪੁਲਿਸ ਨੇ ਇਸ ਮਾਮਲੇ ਵਿੱਚ ਕੁੱਲ 17 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS), ਵਿਸਫੋਟਕ ਪਦਾਰਥ ਐਕਟ ਅਤੇ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (UAPA) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।

ਪੁਲਿਸ ਰਿਮਾਂਡ ਦੌਰਾਨ ਹੋਰ ਖੁਲਾਸਿਆਂ ਦੀ ਉਮੀਦ

ਸਾਰੇ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਿਮਾਂਡ ਦੌਰਾਨ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਸ ਨਾਲ ਹੋਰ ਸਾਥੀਆਂ, ਵਿਦੇਸ਼ੀ ਕਨੈਕਸ਼ਨਾਂ ਅਤੇ ਸੰਭਾਵਿਤ ਸਾਜ਼ਿਸ਼ਾਂ ਬਾਰੇ ਮਹੱਤਵਪੂਰਨ ਜਾਣਕਾਰੀ ਮਿਲਣ ਦੀ ਉਮੀਦ ਹੈ।

ਆਈਜੀ ਨੀਲਾਂਬਰੀ ਜਗਦਾਲੇ ਨੇ ਕਿਹਾ ਕਿ ਪੰਜਾਬ ਪੁਲਿਸ ਸੂਬੇ ਦੀ ਅਮਨ-ਕਾਨੂੰਨ ਦੀ ਸਥਿਤੀ ਨੂੰ ਖ਼ਰਾਬ ਕਰਨ ਦੀ ਕਿਸੇ ਵੀ ਸਾਜ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ। ਗੈਂਗਸਟਰਾਂ, ਅੱਤਵਾਦੀ ਮਾਡਿਊਲਾਂ ਅਤੇ ਉਨ੍ਹਾਂ ਦੇ ਵਿਦੇਸ਼ੀ ਸਰਪ੍ਰਸਤਾਂ ਖ਼ਿਲਾਫ਼ ਕਾਰਵਾਈ ਭਵਿੱਖ ਵਿੱਚ ਵੀ ਇਸੇ ਸਖ਼ਤੀ ਨਾਲ ਜਾਰੀ ਰਹੇਗੀ।

ਇਸ ਮੌਕੇ ਐੱਸਐੱਸਪੀ ਸਰਤਾਜ ਸਿੰਘ ਚਾਹਲ, ਐੱਸਪੀ (ਡੀ) ਬਾਲ ਕ੍ਰਿਸ਼ਨ ਸਿੰਗਲਾ, ਡੀਐੱਸਪੀ (ਡੀ) ਗੁਰਪ੍ਰੀਤ ਸਿੰਘ, ਡੀਐੱਸਪੀ ਸਿਟੀ ਜਤਿੰਦਰ ਸਿੰਘ ਗਿੱਲ, ਸੀਆਈਏ ਸਟਾਫ ਇੰਚਾਰਜ ਦਲਜੀਤ ਸਿੰਘ ਅਤੇ ਥਾਣਾ ਸਦਰ ਦੇ ਐੱਸਐੱਚਓ ਹਰਵਿੰਦਰ ਸਿੰਘ ਵੀ ਮੌਜੂਦ ਸਨ।

Leave a Reply

Your email address will not be published. Required fields are marked *