Wednesday, July 29Punjabi People

ਨਾਇਬ ਸਿੰਘ ਸੈਣੀ ਨੇ ਦਿਵਿਆ ਗੁਰੂ ਆਸ਼ੂਤੋਸ਼ ਮਹਾਰਾਜ ਨੂੰ ਭੇਟ ਕੀਤੀ ਸ਼ਰਧਾਂਜਲੀ

ਚੰਡੀਗੜ੍ਹ/ਨੂਰਮਹਿਲ, 21 ਜੁਲਾਈ 2026:  ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਆਪਣੇ ਪੰਜਾਬ ਦੌਰੇ ਦੌਰਾਨ ਜਲੰਧਰ ਜ਼ਿਲ੍ਹੇ ਦੇ ਨੂਰਮਹਿਲ ਵਿਖੇ ਸਥਿਤ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਸੰਸਥਾ ਦੇ ਸੰਸਥਾਪਕ ਅਤੇ ਆਧਿਆਤਮਿਕ ਗੁਰੂ ਦਿਵਿਆ ਗੁਰੂ ਆਸ਼ੂਤੋਸ਼ ਮਹਾਰਾਜ ਜੀ ਨੂੰ ਸ਼ਰਧਾ ਸਹਿਤ ਪੁਸ਼ਪ ਅਰਪਿਤ ਕਰਦੇ ਹੋਏ ਆਪਣੀ ਸ਼ਰਧਾਂਜਲੀ ਭੇਟ ਕੀਤੀ।

ਸੰਸਥਾਨ ਵਿੱਚ ਆਯੋਜਿਤ ਇੱਕ ਅਧਿਆਤਮਿਕ ਸਮਾਗਮ ਵਿੱਚ ਸ਼ਾਮਲ ਹੁੰਦਿਆਂ ਮੁੱਖ ਮੰਤਰੀ ਨੇ ਦੇਸ਼, ਹਰਿਆਣਾ ਅਤੇ ਪੰਜਾਬ ਸਮੇਤ ਸਮੂਹ ਦੇਸ਼ਵਾਸੀਆਂ ਦੀ ਸੁੱਖ-ਸ਼ਾਂਤੀ, ਖੁਸ਼ਹਾਲੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਸੰਤ-ਮਹਾਂਪੁਰਖਾਂ ਦੀਆਂ ਸਿੱਖਿਆਵਾਂ ਸਮਾਜ ਨੂੰ ਸੱਚਾਈ, ਸੇਵਾ, ਕਰੁਣਾ, ਅਧਿਆਤਮਿਕਤਾ ਅਤੇ ਮਨੁੱਖਤਾ ਦੇ ਰਾਹ ‘ਤੇ ਚੱਲਣ ਦੀ ਪ੍ਰੇਰਣਾ ਦਿੰਦੀਆਂ ਹਨ।

ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮਹਾਨ ਸੰਤਾਂ ਦੇ ਵਿਚਾਰ ਸਮਾਜ ਵਿੱਚ ਨੈਤਿਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਆਪਸੀ ਭਾਈਚਾਰੇ, ਸਦਭਾਵਨਾ ਅਤੇ ਸਮਾਜਿਕ ਏਕਤਾ ਨੂੰ ਵੀ ਉਤਸ਼ਾਹਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਅਜਿਹੇ ਆਧਿਆਤਮਿਕ ਸੰਦੇਸ਼ਾਂ ਦੀ ਮਹੱਤਤਾ ਹੋਰ ਵੀ ਵੱਧ ਗਈ ਹੈ।

ਮੁੱਖ ਮੰਤਰੀ ਨੇ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਅਧਿਆਤਮਿਕ ਜਾਗਰੂਕਤਾ, ਮਨੁੱਖੀ ਸੇਵਾ, ਸਿੱਖਿਆ, ਸਮਾਜਿਕ ਭਲਾਈ ਅਤੇ ਲੋਕ-ਕਲਿਆਣ ਦੇ ਖੇਤਰ ਵਿੱਚ ਕੀਤੇ ਜਾ ਰਹੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਸੰਸਥਾਵਾਂ ਸਮਾਜ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਅਤੇ ਮਨੁੱਖਤਾ ਦੀ ਸੇਵਾ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ।

ਇਸ ਮੌਕੇ ਨਾਇਬ ਸਿੰਘ ਸੈਣੀ ਨੇ ਸੰਸਥਾਨ ਦੇ ਅਹੁਦੇਦਾਰਾਂ, ਸੇਵਾਦਾਰਾਂ ਅਤੇ ਵੱਡੀ ਗਿਣਤੀ ਵਿੱਚ ਮੌਜੂਦ ਸ਼ਰਧਾਲੂਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਸੇਵਾ ਕਾਰਜਾਂ ਦੀ ਪ੍ਰਸ਼ੰਸਾ ਕੀਤੀ। ਸਮਾਗਮ ਦੌਰਾਨ ਆਧਿਆਤਮਿਕ ਅਤੇ ਧਾਰਮਿਕ ਮਾਹੌਲ ਦੇ ਵਿਚਕਾਰ ਸ਼ਰਧਾਲੂਆਂ ਨੇ ਵੀ ਮੁੱਖ ਮੰਤਰੀ ਦਾ ਸਵਾਗਤ ਕੀਤਾ।

Leave a Reply

Your email address will not be published. Required fields are marked *