
ਚੰਡੀਗੜ੍ਹ/ਹੁਸ਼ਿਆਰਪੁਰ/ਗੜ੍ਹਸ਼ੰਕਰ, 18 ਜੁਲਾਈ 2026: ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸਮਾਜਿਕ ਅਤੇ ਭਲਾਈ ਬੋਰਡਾਂ ਦੇ ਨਵੇਂ ਨਿਯੁਕਤ ਚੇਅਰਪਰਸਨਾਂ ਦੇ ਸਨਮਾਨ ਵਿੱਚ ਗੜ੍ਹਸ਼ੰਕਰ ਦੇ ਸ਼ਿਵਾਲਿਕ ਪੈਲੇਸ ਵਿਖੇ ਇੱਕ ਭਰਵਾਂ ਅਤੇ ਸ਼ਾਨਦਾਰ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਗੜ੍ਹਸ਼ੰਕਰ ਤੋਂ ਵਿਧਾਇਕ ਸ. ਜੈ ਕ੍ਰਿਸ਼ਨ ਸਿੰਘ ਰੌੜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਨਵੇਂ ਚੇਅਰਪਰਸਨਾਂ ਦਾ ਸਨਮਾਨ ਕੀਤਾ ਅਤੇ ਉਨ੍ਹਾਂ ਨੂੰ ਲੋਕ ਸੇਵਾ ਲਈ ਪੂਰੀ ਨਿਸ਼ਠਾ ਅਤੇ ਸਮਰਪਣ ਨਾਲ ਕੰਮ ਕਰਨ ਦਾ ਸੱਦਾ ਦਿੱਤਾ।
ਆਪਣੇ ਸੰਬੋਧਨ ਦੌਰਾਨ ਡਿਪਟੀ ਸਪੀਕਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪਾਰਦਰਸ਼ੀ ਪ੍ਰਸ਼ਾਸਨ, ਸਮਾਜਿਕ ਨਿਆਂ ਅਤੇ ਸਰਵਪੱਖੀ ਵਿਕਾਸ ਦੇ ਸੰਕਲਪ ਨਾਲ ਅੱਗੇ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਭਲਾਈ ਬੋਰਡਾਂ ਵਿੱਚ ਕੀਤੀਆਂ ਨਵੀਆਂ ਨਿਯੁਕਤੀਆਂ ਦਾ ਮਕਸਦ ਸਮਾਜ ਦੇ ਹਰ ਵਰਗ ਤੱਕ ਸਰਕਾਰ ਦੀਆਂ ਭਲਾਈ ਯੋਜਨਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਤੇਜ਼ੀ ਨਾਲ ਪਹੁੰਚਾਉਣਾ ਹੈ।
ਉਨ੍ਹਾਂ ਕਿਹਾ ਕਿ ਕਿਸੇ ਵੀ ਬੋਰਡ ਦੀ ਸਫਲਤਾ ਉਸ ਦੀ ਅਗਵਾਈ ਕਰਨ ਵਾਲੇ ਵਿਅਕਤੀ ਦੀ ਇਮਾਨਦਾਰੀ, ਦੂਰਅੰਦੇਸ਼ੀ ਅਤੇ ਲੋਕਾਂ ਪ੍ਰਤੀ ਜਵਾਬਦੇਹੀ ‘ਤੇ ਨਿਰਭਰ ਕਰਦੀ ਹੈ। ਉਨ੍ਹਾਂ ਨਵੇਂ ਚੇਅਰਪਰਸਨਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨਾਲ ਸਿੱਧਾ ਸੰਪਰਕ ਬਣਾਈ ਰੱਖਣ, ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਤਰਜੀਹ ਦੇ ਆਧਾਰ ‘ਤੇ ਸੁਣਨ ਅਤੇ ਸਰਕਾਰੀ ਯੋਜਨਾਵਾਂ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ।
ਇਨ੍ਹਾਂ ਚੇਅਰਪਰਸਨਾਂ ਦਾ ਕੀਤਾ ਗਿਆ ਸਨਮਾਨ
ਸਮਾਗਮ ਦੌਰਾਨ ਜਸਕਰਨ ਤੰਬਰ (ਸੈਣੀ ਵੈਲਫੇਅਰ ਬੋਰਡ), ਦਲਜੀਤ ਸਿੰਘ (ਸੈਣ ਸਮਾਜ ਵੈਲਫੇਅਰ ਬੋਰਡ), ਜਸਪ੍ਰੀਤ ਫਲੋਰਾ (ਰਾਮਗੜ੍ਹੀਆ ਵੈਲਫੇਅਰ ਬੋਰਡ), ਪਰਵੀਨ ਕੁਮਾਰ (ਰਾਜਪੂਤ ਕਲਿਆਣ ਬੋਰਡ), ਦਲਵਿੰਦਰ ਪਾਲ ਸਿੰਘ (ਖੱਤਰੀ ਅਰੋੜਾ ਵੈਲਫੇਅਰ ਬੋਰਡ), ਪਾਸਟਰ ਕੁਲਵਿੰਦਰ ਸਿੰਘ (ਮਸੀਹ ਵੈਲਫੇਅਰ ਬੋਰਡ), ਇਸਮਾਈਲ ਖਾਨ (ਮੁਸਲਿਮ ਵਿਕਾਸ ਬੋਰਡ), ਬਲਵਿੰਦਰ ਸਿੰਘ ਡੱਬ (ਪ੍ਰਜਾਪਤ ਸਮਾਜ ਵੈਲਫੇਅਰ ਬੋਰਡ), ਰਾਜਵਰਿੰਦਰ ਸਿੰਘ ਥਿੰਦ (ਕੰਬੋਜ ਵੈਲਫੇਅਰ ਬੋਰਡ), ਵਿਕਾਸ ਕਾਂਡਾ (ਸਵਰਨਕਾਰ ਵੈਲਫੇਅਰ ਬੋਰਡ), ਹਰਮੇਸ਼ ਲਾਲ (ਗੁੱਜਰ ਵੈਲਫੇਅਰ ਬੋਰਡ), ਰਾਜੀਵ ਕੁਮਾਰ ਸ਼ਰਮਾ (ਬ੍ਰਾਹਮਣ ਵੈਲਫੇਅਰ ਬੋਰਡ), ਪ੍ਰਦੀਪ ਲੋਈ (ਦਲਿਤ ਵਿਕਾਸ ਬੋਰਡ), ਗੋਲਡੀ ਭੂਸ਼ਣ (ਖੇਡ ਭਲਾਈ ਬੋਰਡ), ਜੀਤ ਰਾਮ (ਬਾਜ਼ੀਗਰ ਅਤੇ ਟੱਪਰੀਵਾਸ ਵੈਲਫੇਅਰ ਬੋਰਡ) ਅਤੇ ਭੂਸ਼ਣ ਕੁਮਾਰ ਅਗਰਵਾਲ (ਅਗਰਵਾਲ ਵੈਲਫੇਅਰ ਬੋਰਡ) ਨੂੰ ਸਨਮਾਨਿਤ ਕੀਤਾ ਗਿਆ।
ਲੋਕ ਸੇਵਾ ਨੂੰ ਬਣਾਵਾਂਗੇ ਪਹਿਲੀ ਤਰਜੀਹ: ਨਵੇਂ ਚੇਅਰਪਰਸਨ
ਇਸ ਮੌਕੇ ਨਵੇਂ ਨਿਯੁਕਤ ਚੇਅਰਪਰਸਨਾਂ ਨੇ ਪੰਜਾਬ ਸਰਕਾਰ ਅਤੇ ਡਿਪਟੀ ਸਪੀਕਰ ਸ. ਜੈ ਕ੍ਰਿਸ਼ਨ ਸਿੰਘ ਰੌੜੀ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਆਪਣੇ ਅਹੁਦੇ ਦੀ ਮਰਿਆਦਾ ਨੂੰ ਕਾਇਮ ਰੱਖਦੇ ਹੋਏ ਪਾਰਦਰਸ਼ਤਾ, ਇਮਾਨਦਾਰੀ ਅਤੇ ਜਨ-ਸੇਵਾ ਦੀ ਭਾਵਨਾ ਨਾਲ ਕੰਮ ਕਰਨਗੇ ਅਤੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਯੋਜਨਾਵਾਂ ਦਾ ਲਾਭ ਸਮਾਜ ਦੇ ਲੋੜਵੰਦ ਵਰਗਾਂ ਤੱਕ ਪਹੁੰਚਾਉਣ ਲਈ ਹਰ ਸੰਭਵ ਯਤਨ ਕਰਨਗੇ।
ਵੱਡੀ ਗਿਣਤੀ ਵਿੱਚ ਆਗੂਆਂ ਅਤੇ ਪਤਵੰਤਿਆਂ ਨੇ ਕੀਤੀ ਸ਼ਮੂਲੀਅਤ
ਸਮਾਗਮ ਵਿੱਚ ਹਲਕਾ ਸੰਗਠਨ ਇੰਚਾਰਜ ਚਰਨਜੀਤ ਸਿੰਘ ਚੰਨੀ, ਮਾਰਕੀਟ ਕਮੇਟੀ ਗੜ੍ਹਸ਼ੰਕਰ ਦੇ ਚੇਅਰਮੈਨ ਬਲਦੀਪ ਸਿੰਘ ਸੈਣੀ, ਐਮ.ਸੀ. ਪ੍ਰਿੰਸ ਚੌਧਰੀ, ਬਲਾਕ ਪ੍ਰਧਾਨ ਗੁਲਸ਼ਨ ਠਾਕੁਰ, ਵੱਖ-ਵੱਖ ਗ੍ਰਾਮ ਪੰਚਾਇਤਾਂ ਦੇ ਨੁਮਾਇੰਦੇ, ਪਾਰਟੀ ਦੇ ਆਗੂ, ਵਰਕਰ, ਸਮਾਜ ਸੇਵੀ, ਸਮਾਜਿਕ ਸੰਸਥਾਵਾਂ ਦੇ ਪ੍ਰਤੀਨਿਧੀ ਅਤੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਰਹੇ। ਸਮਾਗਮ ਦੌਰਾਨ ਨਵੇਂ ਚੇਅਰਪਰਸਨਾਂ ਨੂੰ ਫੁੱਲਾਂ ਦੇ ਗੁਲਦਸਤੇ ਅਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੇ ਉਜਵਲ ਕਾਰਜਕਾਲ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
