Wednesday, July 29Punjabi People

ਸਟਾਰਟਅੱਪ ਈਕੋਸਿਸਟਮ ਵਿੱਚ ਪੰਜਾਬ ਦੀ ਵੱਡੀ ਉਡਾਣ, 2,500 ਤੋਂ ਵੱਧ DPIIT-ਮਾਨਤਾ ਪ੍ਰਾਪਤ ਸਟਾਰਟਅੱਪ: ਅਮਨ ਅਰੋੜਾ

ਚੰਡੀਗੜ੍ਹ, 10 ਜੁਲਾਈ 2026: ਪੰਜਾਬ ਨੂੰ ਨਵੀਨਤਾ ਅਤੇ ਤਕਨਾਲੋਜੀ ਆਧਾਰਿਤ ਉਦਯੋਗਾਂ ਦਾ ਪ੍ਰਮੁੱਖ ਕੇਂਦਰ ਬਣਾਉਣ ਵੱਲ ਇੱਕ ਹੋਰ ਅਹਿਮ ਕਦਮ ਚੁੱਕਦਿਆਂ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਅਮਨ ਅਰੋੜਾ ਨੇ ਅੱਜ ਦੋ ਮਹੱਤਵਪੂਰਨ ਪਹਿਲਕਦਮੀਆਂ—‘ਪੰਜਾਬ ਇਨਵੈਸਟਰਜ਼ ਸਰਕਲ’ ਅਤੇ ‘ਸਟਾਰਟਅੱਪ ਪੰਜਾਬ ਹੱਬ–ਨਿਊਰੋਨ 2.0’—ਦਾ ਰਸਮੀ ਉਦਘਾਟਨ ਕੀਤਾ। ਇਨ੍ਹਾਂ ਪਹਿਲਕਦਮੀਆਂ ਦਾ ਮਕਸਦ ਸੂਬੇ ਦੇ ਨੌਜਵਾਨ ਉਦਯੋਗਪਤੀਆਂ, ਨਵੀਨਤਾਕਾਰਾਂ ਅਤੇ ਉੱਚ-ਸੰਭਾਵਨਾ ਵਾਲੇ ਸਟਾਰਟਅੱਪਾਂ ਨੂੰ ਨਿਵੇਸ਼, ਤਕਨੀਕੀ ਮਾਰਗਦਰਸ਼ਨ ਅਤੇ ਵਿਸ਼ਵ ਪੱਧਰੀ ਮੌਕਿਆਂ ਨਾਲ ਜੋੜ ਕੇ ਪੰਜਾਬ ਨੂੰ ਦੇਸ਼ ਦੇ ਸਭ ਤੋਂ ਆਕਰਸ਼ਕ ਸਟਾਰਟਅੱਪ ਹੱਬ ਵਜੋਂ ਸਥਾਪਤ ਕਰਨਾ ਹੈ।

ਮੋਹਾਲੀ ਸਥਿਤ ਇੰਸਟੀਚਿਊਟ ਆਫ਼ ਨੈਨੋ ਸਾਇੰਸ ਐਂਡ ਟੈਕਨਾਲੋਜੀ (INST) ਵਿਖੇ ਸਟਾਰਟਅੱਪ ਪੰਜਾਬ ਵੱਲੋਂ ਕਰਵਾਏ ਗਏ ਉਦਘਾਟਨੀ ਸਮਾਗਮ ਦੌਰਾਨ ਸੂਚਨਾ ਤਕਨਾਲੋਜੀ, ਸਿਹਤ ਸੰਭਾਲ, ਖੇਤੀਬਾੜੀ, ਨਿਰਮਾਣ ਅਤੇ ਡੀਪ-ਟੈਕ ਵਰਗੇ ਖੇਤਰਾਂ ਨਾਲ ਸਬੰਧਤ 14 ਨਵੀਨਤਾਕਾਰੀ ਸਟਾਰਟਅੱਪਾਂ ਨੇ ਆਪਣੇ ਕਾਰੋਬਾਰੀ ਮਾਡਲ ਅਤੇ ਵਿਕਾਸ ਯੋਜਨਾਵਾਂ ਨਿਵੇਸ਼ਕਾਂ ਸਾਹਮਣੇ ਪੇਸ਼ ਕੀਤੀਆਂ। ਇਸ ਮੌਕੇ ਉੱਦਮੀਆਂ, ਉੱਦਮ ਪੂੰਜੀ ਨਿਵੇਸ਼ਕਾਂ, ਉਦਯੋਗ ਮਾਹਿਰਾਂ ਅਤੇ ਸਲਾਹਕਾਰਾਂ ਵਿਚਕਾਰ ਵਿਚਾਰ-ਵਟਾਂਦਰਾ ਹੋਇਆ, ਜਿਸ ਵਿੱਚ ਫੰਡਿੰਗ, ਕਾਰੋਬਾਰੀ ਵਿਸਥਾਰ ਅਤੇ ਲੰਬੇ ਸਮੇਂ ਦੀਆਂ ਰਣਨੀਤਕ ਭਾਈਵਾਲੀਆਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ।

ਸਮਾਗਮ ਨੂੰ ਸੰਬੋਧਨ ਕਰਦਿਆਂ ਉਦਯੋਗ ਅਤੇ ਵਣਜ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨਵੀਨਤਾ-ਅਧਾਰਿਤ, ਪ੍ਰਗਤੀਸ਼ੀਲ ਅਤੇ ਮਜ਼ਬੂਤ ਅਰਥਵਿਵਸਥਾ ਦੀ ਉਸਾਰੀ ਲਈ ਦ੍ਰਿੜ੍ਹ ਸੰਕਲਪਬੱਧ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਟਾਰਟਅੱਪ ਪੰਜਾਬ ਰਾਹੀਂ ਨੀਤੀਗਤ ਪ੍ਰੋਤਸਾਹਨ, ਇਨਕਿਊਬੇਸ਼ਨ ਸਹੂਲਤਾਂ ਅਤੇ ਸੀਡ ਫੰਡਿੰਗ ਉਪਲਬਧ ਕਰਵਾਈ ਹੈ, ਜਦਕਿ ਹੁਣ ‘ਪੰਜਾਬ ਇਨਵੈਸਟਰਜ਼ ਸਰਕਲ’ ਰਾਹੀਂ ਸਟਾਰਟਅੱਪਾਂ ਅਤੇ ਨਿਵੇਸ਼ਕਾਂ ਵਿਚਕਾਰ ਇੱਕ ਸਥਾਈ ਅਤੇ ਸੰਸਥਾਗਤ ਪੁਲ ਤਿਆਰ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ, “ਸਰਕਾਰ ਇੱਕ ਮਜ਼ਬੂਤ ਸਟਾਰਟਅੱਪ ਈਕੋਸਿਸਟਮ ਤਿਆਰ ਕਰ ਸਕਦੀ ਹੈ, ਪਰ ਇਸ ਦੇ ਟਿਕਾਊ ਵਿਕਾਸ ਲਈ ਨਿੱਜੀ ਨਿਵੇਸ਼ ਅਤੇ ਉਦਯੋਗ ਨਾਲ ਮਜ਼ਬੂਤ ਭਾਈਵਾਲੀ ਬਹੁਤ ਜ਼ਰੂਰੀ ਹੈ। ਪੰਜਾਬ ਇਨਵੈਸਟਰਜ਼ ਸਰਕਲ ਇਸੇ ਦਿਸ਼ਾ ਵਿੱਚ ਇੱਕ ਅਹਿਮ ਪਹਿਲ ਹੈ, ਜੋ ਨੌਜਵਾਨ ਉਦਯੋਗਪਤੀਆਂ ਨੂੰ ਪੂੰਜੀ, ਮਾਰਗਦਰਸ਼ਨ ਅਤੇ ਨਵੇਂ ਕਾਰੋਬਾਰੀ ਮੌਕੇ ਪ੍ਰਦਾਨ ਕਰੇਗੀ।”

ਰਾਜ ਵਿੱਚ ਸਟਾਰਟਅੱਪ ਈਕੋਸਿਸਟਮ ਦੀ ਤੇਜ਼ੀ ਨਾਲ ਹੋ ਰਹੀ ਤਰੱਕੀ ਦਾ ਜ਼ਿਕਰ ਕਰਦਿਆਂ ਅਮਨ ਅਰੋੜਾ ਨੇ ਦੱਸਿਆ ਕਿ ਪੰਜਾਬ ਵਿੱਚ ਇਸ ਸਮੇਂ 2,500 ਤੋਂ ਵੱਧ DPIIT-ਮਾਨਤਾ ਪ੍ਰਾਪਤ ਸਟਾਰਟਅੱਪ ਕਾਰਜਸ਼ੀਲ ਹਨ। ਉਨ੍ਹਾਂ ਕਿਹਾ ਕਿ ਸਟਾਰਟਅੱਪ ਪੰਜਾਬ ਵੱਲੋਂ ਹੁਣ ਤੱਕ 222 ਤੋਂ ਵੱਧ ਸਟਾਰਟਅੱਪਾਂ ਨੂੰ 68 ਕਰੋੜ ਰੁਪਏ ਤੋਂ ਵੱਧ ਦੀ ਸੀਡ ਫੰਡਿੰਗ ਅਤੇ ਹੋਰ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਜਾ ਚੁੱਕੀ ਹੈ, ਜਿਸ ਨਾਲ ਕਈ ਨਵੇਂ ਉਦਯੋਗਾਂ ਨੂੰ ਆਪਣੀ ਕਾਰੋਬਾਰੀ ਯਾਤਰਾ ਨੂੰ ਮਜ਼ਬੂਤ ਆਧਾਰ ਮਿਲਿਆ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਦਾ ਸਟਾਰਟਅੱਪ ਮਾਡਲ ਸਮਾਵੇਸ਼ੀ ਵਿਕਾਸ ਦੀ ਮਿਸਾਲ ਬਣ ਰਿਹਾ ਹੈ। ਸੂਬੇ ਦੇ ਲਗਭਗ ਅੱਧੇ DPIIT-ਮਾਨਤਾ ਪ੍ਰਾਪਤ ਸਟਾਰਟਅੱਪਾਂ ਵਿੱਚ ਘੱਟੋ-ਘੱਟ ਇੱਕ ਮਹਿਲਾ ਡਾਇਰੈਕਟਰ ਹੈ, ਜੋ ਇਹ ਦਰਸਾਉਂਦਾ ਹੈ ਕਿ ਮਹਿਲਾਵਾਂ ਉਦਯੋਗਪਤੀ ਵਜੋਂ ਤੇਜ਼ੀ ਨਾਲ ਅੱਗੇ ਆ ਰਹੀਆਂ ਹਨ ਅਤੇ ਸੂਬੇ ਦੀ ਆਰਥਿਕ ਤਰੱਕੀ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਹਨ।

ਇਸ ਮੌਕੇ ਉਦਯੋਗ ਮੰਤਰੀ ਨੇ ‘ਸਟਾਰਟਅੱਪ ਪੰਜਾਬ ਹੱਬ–ਨਿਊਰੋਨ 2.0’ ਦਾ ਵੀ ਉਦਘਾਟਨ ਕੀਤਾ। ਇਹ ਪਹਿਲਾਂ ਤੋਂ ਚੱਲ ਰਹੇ ਨਿਊਰੋਨ ਪ੍ਰੋਗਰਾਮ ਦਾ ਅਪਗ੍ਰੇਡ ਕੀਤਾ ਹੋਇਆ ਰੂਪ ਹੈ, ਜਿਸ ਦਾ ਮੁੱਖ ਉਦੇਸ਼ ਡੀਪ-ਟੈਕ ਇਨਕਿਊਬੇਸ਼ਨ, ਉੱਨਤ ਹੁਨਰ ਵਿਕਾਸ ਅਤੇ ਆਧੁਨਿਕ ਤਕਨੀਕੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਹੈ।

ਉਨ੍ਹਾਂ ਦੱਸਿਆ ਕਿ ਨਿਊਰੋਨ ਪਹਿਲਕਦਮੀ ਨੇ ਹੁਣ ਤੱਕ 114 ਤਕਨਾਲੋਜੀ ਆਧਾਰਿਤ ਸਟਾਰਟਅੱਪਾਂ ਨੂੰ ਉਤਸ਼ਾਹਿਤ ਕੀਤਾ ਹੈ, 67 ਸਟਾਰਟਅੱਪਾਂ ਨੂੰ ਬੌਧਿਕ ਸੰਪੱਤੀ (IP) ਫਾਈਲਿੰਗ ਵਿੱਚ ਸਹਾਇਤਾ ਦਿੱਤੀ ਹੈ, ਕਰੀਬ 2,700 ਨਵੀਆਂ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਹਨ ਅਤੇ ਸਟਾਰਟਅੱਪਾਂ ਨੂੰ ਲਗਭਗ 890 ਕਰੋੜ ਰੁਪਏ ਦੇ ਕੁੱਲ ਮੁੱਲ ਤੱਕ ਪਹੁੰਚਣ ਵਿੱਚ ਸਹਿਯੋਗ ਦਿੱਤਾ ਹੈ।

ਅਮਨ ਅਰੋੜਾ ਨੇ ਕਿਹਾ ਕਿ ਨਿਊਰੋਨ 2.0 ਤਹਿਤ ਇੱਕ ਸਮਰਪਿਤ ਸਾਈਬਰ ਸੁਰੱਖਿਆ ਲੈਬ, ਅਤਿ-ਆਧੁਨਿਕ ਹੁਨਰ ਵਿਕਾਸ ਬੁਨਿਆਦੀ ਢਾਂਚਾ ਅਤੇ ਡੀਪ-ਟੈਕ ਖੋਜ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਸਹੂਲਤਾਂ ਵਿਕਸਿਤ ਕੀਤੀਆਂ ਜਾਣਗੀਆਂ, ਜਿਸ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਨਵੀਆਂ ਤਕਨੀਕਾਂ ਵਿੱਚ ਮੁਹਾਰਤ ਹਾਸਲ ਕਰਨ ਅਤੇ ਵਿਸ਼ਵ ਪੱਧਰੀ ਮੁਕਾਬਲੇ ਲਈ ਤਿਆਰ ਹੋਣ ਦਾ ਮੌਕਾ ਮਿਲੇਗਾ।

ਸਮਾਗਮ ਦੌਰਾਨ ਸਟਾਰਟਅੱਪਾਂ, ਨਿਵੇਸ਼ਕਾਂ ਅਤੇ ਸਲਾਹਕਾਰਾਂ ਵਿਚਕਾਰ ਨੈੱਟਵਰਕਿੰਗ ਸੈਸ਼ਨ ਵੀ ਆਯੋਜਿਤ ਕੀਤੇ ਗਏ, ਜਿਨ੍ਹਾਂ ਰਾਹੀਂ ਨਵੇਂ ਨਿਵੇਸ਼, ਰਣਨੀਤਕ ਸਹਿਯੋਗ ਅਤੇ ਕਾਰੋਬਾਰੀ ਭਾਈਵਾਲੀਆਂ ਲਈ ਰਾਹ ਖੁੱਲ੍ਹੇ।

ਇਨ੍ਹਾਂ ਦੋਵੇਂ ਪਹਿਲਕਦਮੀਆਂ ਦੀ ਸ਼ੁਰੂਆਤ ਨਾਲ ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਇਹ ਸਪੱਸ਼ਟ ਕੀਤਾ ਹੈ ਕਿ ਉਹ ਸੂਬੇ ਨੂੰ ਨਵੀਨਤਾ, ਤਕਨਾਲੋਜੀ ਅਤੇ ਸਟਾਰਟਅੱਪ-ਆਧਾਰਿਤ ਵਿਕਾਸ ਦਾ ਰਾਸ਼ਟਰੀ ਕੇਂਦਰ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਤਾਂ ਜੋ ਨੌਜਵਾਨ ਉਦਯੋਗਪਤੀਆਂ ਨੂੰ ਆਪਣੇ ਵਿਚਾਰਾਂ ਨੂੰ ਸਫ਼ਲ ਕਾਰੋਬਾਰਾਂ ਵਿੱਚ ਬਦਲਣ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ।

Leave a Reply

Your email address will not be published. Required fields are marked *