
ਚੰਡੀਗੜ੍ਹ, 7 ਜੁਲਾਈ 2026: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮਹਾਨ ਆਜ਼ਾਦੀ ਘੁਲਾਟੀਏ, ਉੱਘੇ ਸਿੱਖਿਆਵਿਦ ਅਤੇ ਭਾਰਤੀ ਜਨ ਸੰਘ ਦੇ ਸੰਸਥਾਪਕ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦਾ ਜੀਵਨ ਰਾਸ਼ਟਰ ਸੇਵਾ, ਤਿਆਗ ਅਤੇ ਸਿਧਾਂਤਾਂ ਪ੍ਰਤੀ ਅਟੁੱਟ ਸਮਰਪਣ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਡਾ. ਮੁਖਰਜੀ ਦੀ ਜਨਮ ਵਰ੍ਹੇਗੰਢ ਸਿਰਫ਼ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਦਾ ਮੌਕਾ ਹੀ ਨਹੀਂ, ਸਗੋਂ ਨਵੀਂ ਪੀੜ੍ਹੀ ਨੂੰ ਉਨ੍ਹਾਂ ਦੇ ਆਦਰਸ਼ਾਂ, ਰਾਸ਼ਟਰਵਾਦੀ ਸੋਚ ਅਤੇ ਲੋਕ ਸੇਵਾ ਦੀ ਭਾਵਨਾ ਤੋਂ ਪ੍ਰੇਰਿਤ ਕਰਨ ਦਾ ਵੀ ਅਹਿਮ ਮੌਕਾ ਹੈ।
ਮੁੱਖ ਮੰਤਰੀ ਅੰਬਾਲਾ ਵਿੱਚ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ 125ਵੇਂ ਜਨਮ ਵਰ੍ਹੇਗੰਢ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ, ਭਾਜਪਾ ਹਰਿਆਣਾ ਦੀ ਸੂਬਾ ਪ੍ਰਧਾਨ ਡਾ. ਅਰਚਨਾ ਗੁਪਤਾ ਅਤੇ ਪਾਰਟੀ ਦੀ ਸੰਸਦੀ ਬੋਰਡ ਮੈਂਬਰ ਸੁਧਾ ਯਾਦਵ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਸਮਾਗਮ ਦੀ ਸ਼ੁਰੂਆਤ ਵਿੱਚ ਸਾਰੇ ਆਗੂਆਂ ਨੇ ਡਾ. ਮੁਖਰਜੀ ਦੀ ਤਸਵੀਰ ‘ਤੇ ਫੁੱਲ ਭੇਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ।
ਇਸ ਮੌਕੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇੱਕ ਮਹੱਤਵਪੂਰਨ ਐਲਾਨ ਕਰਦਿਆਂ ਕਿਹਾ ਕਿ ਅੰਬਾਲਾ ਵਿੱਚ ਲਗਭਗ 85 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਵਿਗਿਆਨ ਕੇਂਦਰ ਦਾ ਨਾਮ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਨਾਮ ‘ਤੇ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਨਿਰਮਾਣ ਅਧੀਨ ਸ਼ਹੀਦ ਸਮਾਰਕ ਦੇ ਨੇੜੇ ਉਨ੍ਹਾਂ ਦੀ ਯਾਦ ਵਿੱਚ ਇੱਕ ਭਵਿਆ ਮੂਰਤੀ ਵੀ ਸਥਾਪਤ ਕੀਤੀ ਜਾਵੇਗੀ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਦੇ ਯੋਗਦਾਨ ਤੋਂ ਜਾਣੂ ਹੋ ਸਕਣ।
ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ 125ਵੇਂ ਜਨਮ ਵਰ੍ਹੇਗੰਢ ਮੌਕੇ ਦੇਸ਼ ਭਰ ਵਿੱਚ ਦੋ ਸਾਲਾਂ ਤੱਕ ਚੱਲਣ ਵਾਲੇ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ, ਜੋ ਪਿਛਲੇ ਸਾਲ ਸ਼ੁਰੂ ਹੋਏ ਸਨ ਅਤੇ ਜੁਲਾਈ 2027 ਤੱਕ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮਾਗਮਾਂ ਦਾ ਉਦੇਸ਼ ਡਾ. ਮੁਖਰਜੀ ਦੇ ਵਿਚਾਰਾਂ ਅਤੇ ਰਾਸ਼ਟਰ ਨਿਰਮਾਣ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਹਰ ਘਰ ਅਤੇ ਹਰ ਵਿਅਕਤੀ ਤੱਕ ਪਹੁੰਚਾਉਣਾ ਹੈ।
ਉਨ੍ਹਾਂ ਕਿਹਾ ਕਿ ਡਾ. ਮੁਖਰਜੀ ਦਾ ਜੀਵਨ ਗਿਆਨ, ਕਰਮ ਅਤੇ ਦੇਸ਼ ਭਗਤੀ ਦਾ ਅਨੋਖਾ ਮੇਲ ਸੀ। 6 ਜੁਲਾਈ 1901 ਨੂੰ ਕੋਲਕਾਤਾ ਵਿੱਚ ਜਨਮੇ ਡਾ. ਮੁਖਰਜੀ ਨੂੰ ਵਿਦਵਤਾ ਅਤੇ ਲੋਕ ਸੇਵਾ ਦੀ ਪ੍ਰੇਰਨਾ ਆਪਣੇ ਪਰਿਵਾਰ ਤੋਂ ਮਿਲੀ। ਉਨ੍ਹਾਂ ਦੇ ਪਿਤਾ ਸਰ ਆਸ਼ੂਤੋਸ਼ ਮੁਖਰਜੀ ਦੇਸ਼ ਦੇ ਪ੍ਰਸਿੱਧ ਸਿੱਖਿਆਵਿਦ ਸਨ। ਸਿਰਫ਼ 33 ਸਾਲ ਦੀ ਉਮਰ ਵਿੱਚ ਡਾ. ਮੁਖਰਜੀ ਕਲਕੱਤਾ ਯੂਨੀਵਰਸਿਟੀ ਦੇ ਸਭ ਤੋਂ ਘੱਟ ਉਮਰ ਦੇ ਵਾਈਸ-ਚਾਂਸਲਰ ਬਣੇ। ਬਾਅਦ ਵਿੱਚ ਉਹ ਸੰਵਿਧਾਨ ਸਭਾ ਦੇ ਪ੍ਰਭਾਵਸ਼ਾਲੀ ਮੈਂਬਰ ਰਹੇ ਅਤੇ ਆਜ਼ਾਦ ਭਾਰਤ ਦੇ ਪਹਿਲੇ ਉਦਯੋਗ ਅਤੇ ਸਪਲਾਈ ਮੰਤਰੀ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾਈਆਂ।
ਮੁੱਖ ਮੰਤਰੀ ਨੇ ਕਿਹਾ ਕਿ ਡਾ. ਮੁਖਰਜੀ ਨੇ ਰਾਜਨੀਤੀ ਨੂੰ ਕਦੇ ਵੀ ਸੱਤਾ ਹਾਸਲ ਕਰਨ ਦਾ ਸਾਧਨ ਨਹੀਂ ਬਣਾਇਆ, ਸਗੋਂ ਰਾਸ਼ਟਰ ਸੇਵਾ ਅਤੇ ਸਿਧਾਂਤਾਂ ਨੂੰ ਹਮੇਸ਼ਾ ਪਹਿਲ ਦਿੱਤੀ। ਜਦੋਂ ਉਨ੍ਹਾਂ ਨੂੰ ਲੱਗਾ ਕਿ ਰਾਸ਼ਟਰੀ ਹਿੱਤਾਂ ਨਾਲ ਸਮਝੌਤਾ ਹੋ ਰਿਹਾ ਹੈ ਤਾਂ ਉਨ੍ਹਾਂ ਨੇ 19 ਅਪ੍ਰੈਲ 1950 ਨੂੰ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਸ਼੍ਰੀ ਗੁਰੂ ਗੋਲਵਲਕਰ ਅਤੇ ਪੰਡਿਤ ਦੀਨਦਿਆਲ ਉਪਾਧਿਆਏ ਦੇ ਸਹਿਯੋਗ ਨਾਲ 21 ਅਕਤੂਬਰ 1951 ਨੂੰ ਭਾਰਤੀ ਜਨ ਸੰਘ ਦੀ ਸਥਾਪਨਾ ਕੀਤੀ, ਜਿਸ ਨੂੰ ਅੱਜ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਕ ਨੀਂਹ ਮੰਨਿਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਅੰਬਾਲਾ ਦੀ ਧਰਤੀ ਦਾ ਡਾ. ਮੁਖਰਜੀ ਦੇ ਜੀਵਨ ਨਾਲ ਇੱਕ ਵਿਸ਼ੇਸ਼ ਇਤਿਹਾਸਕ ਸਬੰਧ ਹੈ। 8 ਮਈ 1953 ਨੂੰ ਜਦੋਂ ਉਹ ਜੰਮੂ-ਕਸ਼ਮੀਰ ਵੱਲ ਰਵਾਨਾ ਹੋਏ ਤਾਂ ਅੰਬਾਲਾ ਰੇਲਵੇ ਸਟੇਸ਼ਨ ਤੋਂ ਹੀ ਉਨ੍ਹਾਂ ਨੇ ਤਤਕਾਲੀ ਜੰਮੂ-ਕਸ਼ਮੀਰ ਸਰਕਾਰ ਨੂੰ ਇਹ ਸੁਨੇਹਾ ਭੇਜਿਆ ਕਿ ਉਹ ਬਿਨਾਂ ਪਰਮਿਟ ਦੇ ਸੂਬੇ ਵਿੱਚ ਦਾਖਲ ਹੋਣਗੇ ਅਤੇ ਉੱਥੇ ਦੀ ਸਥਿਤੀ ਦਾ ਖੁਦ ਜਾਇਜ਼ਾ ਲੈਣਗੇ। ਬਾਅਦ ਵਿੱਚ ਉਨ੍ਹਾਂ ਨੂੰ ਜੰਮੂ-ਕਸ਼ਮੀਰ ਵਿੱਚ ਦਾਖਲ ਹੋਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਅਤੇ ਹਿਰਾਸਤ ਦੌਰਾਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਇਹ ਕੁਰਬਾਨੀ ਭਾਰਤ ਦੀ ਏਕਤਾ ਅਤੇ ਅਖੰਡਤਾ ਲਈ ਦਿੱਤੀ ਗਈ ਇੱਕ ਇਤਿਹਾਸਕ ਸ਼ਹਾਦਤ ਵਜੋਂ ਹਮੇਸ਼ਾ ਯਾਦ ਰੱਖੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਡਾ. ਮੁਖਰਜੀ ਨੇ “ਇੱਕ ਦੇਸ਼ ਵਿੱਚ ਦੋ ਵਿਧਾਨ, ਦੋ ਪ੍ਰਧਾਨ ਅਤੇ ਦੋ ਨਿਸ਼ਾਨ ਨਹੀਂ ਚੱਲਣਗੇ” ਦਾ ਨਾਅਰਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਉਨ੍ਹਾਂ ਦੇ ਇਸ ਸੰਕਲਪ ਨੂੰ ਹਕੀਕਤ ਵਿੱਚ ਬਦਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਡਾ. ਮੁਖਰਜੀ ਦੇ ਆਦਰਸ਼ ਅੱਜ ਵੀ ਦੇਸ਼ ਨੂੰ ਏਕਤਾ, ਰਾਸ਼ਟਰੀ ਹਿੱਤ ਅਤੇ ਵਿਕਾਸ ਦੇ ਰਾਹ ‘ਤੇ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਇਨ੍ਹਾਂ ਹੀ ਆਦਰਸ਼ਾਂ ਤੋਂ ਪ੍ਰੇਰਨਾ ਲੈ ਕੇ ਭਾਰਤ 2047 ਤੱਕ ਇੱਕ ਵਿਕਸਤ ਰਾਸ਼ਟਰ ਬਣਨ ਦੇ ਆਪਣੇ ਟੀਚੇ ਨੂੰ ਜ਼ਰੂਰ ਹਾਸਲ ਕਰੇਗਾ।
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਸਿਰਫ਼ ਇੱਕ ਇਤਿਹਾਸਕ ਸ਼ਖਸੀਅਤ ਨਹੀਂ ਸਨ, ਸਗੋਂ “ਇੱਕ ਭਾਰਤ, ਸਰਵੋਤਮ ਭਾਰਤ” ਦੇ ਦ੍ਰਿੜ੍ਹ ਸਮਰਥਕ ਸਨ। ਉਨ੍ਹਾਂ ਨੇ ਆਪਣਾ ਪੂਰਾ ਜੀਵਨ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੱਭਿਆਚਾਰਕ ਰਾਸ਼ਟਰਵਾਦ ਲਈ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਡਾ. ਮੁਖਰਜੀ ਦੇ ਵਿਚਾਰਾਂ ਨੂੰ ਨੀਤੀਆਂ ਅਤੇ ਕਾਰਜਾਂ ਰਾਹੀਂ ਅਮਲੀ ਰੂਪ ਦਿੱਤਾ ਜਾ ਰਿਹਾ ਹੈ।
ਸ਼੍ਰੀ ਨੱਡਾ ਨੇ ਕਿਹਾ ਕਿ 21 ਅਕਤੂਬਰ 1951 ਨੂੰ ਭਾਰਤੀ ਜਨ ਸੰਘ ਦੀ ਸਥਾਪਨਾ ਕਰਕੇ ਡਾ. ਮੁਖਰਜੀ ਨੇ ਦੇਸ਼ ਨੂੰ ਇੱਕ ਮਜ਼ਬੂਤ ਵਿਚਾਰਧਾਰਕ ਵਿਕਲਪ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਉਸੇ ਵਿਚਾਰਧਾਰਾ ਦੇ ਆਧਾਰ ‘ਤੇ ਭਾਰਤੀ ਜਨਤਾ ਪਾਰਟੀ ਵਿਸ਼ਵ ਦੀ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਬਣ ਚੁੱਕੀ ਹੈ ਅਤੇ ਰਾਸ਼ਟਰੀ ਲੋਕਤੰਤਰੀ ਗਠਜੋੜ (ਐਨਡੀਏ) ਦੇਸ਼ ਦੇ ਵੱਡੇ ਹਿੱਸੇ ਵਿੱਚ ਲੋਕ ਸੇਵਾ ਲਈ ਕੰਮ ਕਰ ਰਿਹਾ ਹੈ।
