
ਚੰਡੀਗੜ੍ਹ, 26 ਜੂਨ 2026: ਚੰਡੀਗੜ੍ਹ ਅਤੇ ਦੇਸ਼ ਦੇ ਖੇਡ ਪ੍ਰੇਮੀਆਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਸਾਲ 2027 ਵਿੱਚ ਹੋਣ ਵਾਲੀ ਏਸ਼ੀਆਈ ਰਿਲੇਅ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਇਸ ਵਾਰ ਚੰਡੀਗੜ੍ਹ ਨੂੰ ਸੌਂਪੀ ਗਈ ਹੈ। ਇਸ ਵੱਕਾਰੀ ਅੰਤਰਰਾਸ਼ਟਰੀ ਖੇਡ ਮੁਕਾਬਲੇ ਵਿੱਚ ਏਸ਼ੀਆ ਦੇ ਕਰੀਬ 20 ਦੇਸ਼ਾਂ ਦੇ 250 ਤੋਂ ਵੱਧ ਚੋਟੀ ਦੇ ਐਥਲੀਟ ਹਿੱਸਾ ਲੈਣਗੇ।
ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੰਡੀਗੜ੍ਹ ਨੂੰ ਚੈਂਪੀਅਨਸ਼ਿਪ ਦਾ ਅਧਿਕਾਰਤ ਝੰਡਾ ਸੌਂਪ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਤਿਆਰੀਆਂ ਦਾ ਰਸਮੀ ਆਗਾਜ਼ ਵੀ ਹੋ ਚੁੱਕਾ ਹੈ। ਇਹ ਅੰਤਰਰਾਸ਼ਟਰੀ ਮੁਕਾਬਲਾ ਮਈ 2027 ਵਿੱਚ ਕਰਵਾਇਆ ਜਾਵੇਗਾ।
37 ਸਾਲਾਂ ਬਾਅਦ ਮਿਲਿਆ ਇਤਿਹਾਸਕ ਮੌਕਾ
ਚੰਡੀਗੜ੍ਹ ਨੂੰ ਕਰੀਬ 37 ਸਾਲਾਂ ਬਾਅਦ ਕਿਸੇ ਵੱਡੇ ਅੰਤਰਰਾਸ਼ਟਰੀ ਐਥਲੈਟਿਕਸ ਮੁਕਾਬਲੇ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਹੈ। ਇਸ ਤੋਂ ਪਹਿਲਾਂ 1989 ਵਿੱਚ ਸ਼ਹਿਰ ਨੇ ਇਸ ਪੱਧਰ ਦੇ ਖੇਡ ਸਮਾਗਮ ਦੀ ਮੇਜ਼ਬਾਨੀ ਕੀਤੀ ਸੀ। ਪ੍ਰਸ਼ਾਸਕ ਕਟਾਰੀਆ ਨੇ ਕਿਹਾ ਕਿ ਇਹ ਸਿਰਫ਼ ਚੰਡੀਗੜ੍ਹ ਹੀ ਨਹੀਂ, ਸਗੋਂ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ ਅਤੇ ਇਸ ਨਾਲ ਸ਼ਹਿਰ ਦੀ ਖੇਡ ਨਕਸ਼ੇ ‘ਤੇ ਪਛਾਣ ਹੋਰ ਮਜ਼ਬੂਤ ਹੋਵੇਗੀ।
20 ਦੇਸ਼ਾਂ ਦੇ 250 ਤੋਂ ਵੱਧ ਐਥਲੀਟ ਲੈਣਗੇ ਹਿੱਸਾਚੈਂਪੀਅਨਸ਼ਿਪ ਵਿੱਚ ਏਸ਼ੀਆ ਦੇ ਲਗਭਗ 20 ਦੇਸ਼ਾਂ ਤੋਂ 250 ਤੋਂ ਵੱਧ ਐਥਲੀਟ ਹਿੱਸਾ ਲੈਣਗੇ। ਇਸ ਨਾਲ ਸਥਾਨਕ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਐਥਲੀਟਾਂ ਨੂੰ ਨੇੜਿਓਂ ਦੇਖਣ ਅਤੇ ਉਨ੍ਹਾਂ ਤੋਂ ਸਿੱਖਣ ਦਾ ਵਧੀਆ ਮੌਕਾ ਮਿਲੇਗਾ। ਪ੍ਰਸ਼ਾਸਨ ਦਾ ਮੰਨਣਾ ਹੈ ਕਿ ਇਹ ਆਯੋਜਨ ਭਾਰਤ ਵਿੱਚ ਭਵਿੱਖ ਦੇ ਵੱਡੇ ਖੇਡ ਮੁਕਾਬਲਿਆਂ ਅਤੇ ਓਲੰਪਿਕ ਤਿਆਰੀਆਂ ਲਈ ਵੀ ਮਹੱਤਵਪੂਰਨ ਸਾਬਤ ਹੋਵੇਗਾ।
ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਮਿਲ ਕੇ ਕਰਨਗੇ ਤਿਆਰੀਆਂ
ਪ੍ਰਸ਼ਾਸਕ ਕਟਾਰੀਆ ਨੇ ਕਿਹਾ ਕਿ ਭਾਵੇਂ ਮੁਕਾਬਲੇ ਦੀ ਮੇਜ਼ਬਾਨੀ ਚੰਡੀਗੜ੍ਹ ਕਰ ਰਿਹਾ ਹੈ, ਪਰ ਇਹ ਪੂਰੇ ਦੇਸ਼ ਦਾ ਸਾਂਝਾ ਆਯੋਜਨ ਹੋਵੇਗਾ। ਇਸ ਸਬੰਧੀ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਹੋ ਚੁੱਕੀਆਂ ਹਨ, ਜਦਕਿ ਜਲਦ ਹੀ ਪੰਜਾਬ ਅਤੇ ਹਰਿਆਣਾ ਦੇ ਅਧਿਕਾਰੀਆਂ ਨਾਲ ਵੀ ਵਿਸ਼ੇਸ਼ ਬੈਠਕ ਕਰਕੇ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਮਕਸਦ ਸਿਰਫ਼ ਸਫਲ ਆਯੋਜਨ ਕਰਵਾਉਣਾ ਹੀ ਨਹੀਂ, ਸਗੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਖਿਡਾਰੀਆਂ ਨੂੰ ਵੀ ਇਸ ਵੱਕਾਰੀ ਮੰਚ ‘ਤੇ ਸ਼ਾਨਦਾਰ ਪ੍ਰਦਰਸ਼ਨ ਲਈ ਤਿਆਰ ਕਰਨਾ ਹੈ।
ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਹੋਵੇਗਾ ਖੇਡ ਢਾਂਚੇ ਦਾ ਵਿਕਾਸ
ਚੈਂਪੀਅਨਸ਼ਿਪ ਨੂੰ ਧਿਆਨ ਵਿੱਚ ਰੱਖਦਿਆਂ ਚੰਡੀਗੜ੍ਹ ਦੇ ਸਟੇਡੀਅਮਾਂ ਅਤੇ ਸਪੋਰਟਸ ਕੰਪਲੈਕਸਾਂ ਨੂੰ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਅਪਗ੍ਰੇਡ ਕੀਤਾ ਜਾਵੇਗਾ। ਮੁੱਖ ਸਟੇਡੀਅਮ ਵਿੱਚ ਕਰੀਬ 3,500 ਦਰਸ਼ਕਾਂ ਦੇ ਬੈਠਣ ਦੀ ਵਿਵਸਥਾ ਹੋਵੇਗੀ। ਇਸ ਤੋਂ ਇਲਾਵਾ ਵਿਦੇਸ਼ੀ ਅਤੇ ਭਾਰਤੀ ਖਿਡਾਰੀਆਂ ਲਈ ਰਿਹਾਇਸ਼, ਸੁਰੱਖਿਆ, ਆਵਾਜਾਈ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਦੇ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ।
ਵਿਸ਼ਵ ਪੱਧਰ ‘ਤੇ ਚਮਕੇਗਾ ਚੰਡੀਗੜ੍ਹ
ਪ੍ਰਸ਼ਾਸਕ ਕਟਾਰੀਆ ਨੇ ਇਸ ਮੌਕੇ ਨੂੰ ਚੰਡੀਗੜ੍ਹ ਦੇ ਇਤਿਹਾਸ ਦਾ ਯਾਦਗਾਰ ਅਧਿਆਇ ਕਰਾਰ ਦਿੰਦਿਆਂ ਕਿਹਾ ਕਿ ਇਹ ਸਮਾਗਮ ਸ਼ਹਿਰ ਨੂੰ ਵਿਸ਼ਵ ਖੇਡ ਨਕਸ਼ੇ ‘ਤੇ ਨਵੀਂ ਪਛਾਣ ਦਿਵਾਏਗਾ। ਉਨ੍ਹਾਂ ਖੇਡ ਸੰਘਾਂ, ਅਧਿਕਾਰੀਆਂ ਅਤੇ ਸ਼ਹਿਰ ਵਾਸੀਆਂ ਨੂੰ ਇਸ ਇਤਿਹਾਸਕ ਸਮਾਗਮ ਨੂੰ ਸਫਲ ਬਣਾਉਣ ਲਈ ਪੂਰਾ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।
