
ਚੰਡੀਗੜ੍ਹ/ਮੋਰਿੰਡਾ, 08 ਜੂਨ 2026: ਮੋਰਿੰਡਾ ਸ਼ਹਿਰ ਵਿੱਚ ਸੋਮਵਾਰ ਨੂੰ ਇੱਕ ਅਜਿਹਾ ਸਿਆਸੀ ਘਟਨਾਕ੍ਰਮ ਵੇਖਣ ਨੂੰ ਮਿਲਿਆ ਜਿਸ ਨੇ ਸਿਆਸੀ ਗਲਿਆਰਿਆਂ ਵਿੱਚ ਚਰਚਾਵਾਂ ਦਾ ਬਾਜ਼ਾਰ ਗਰਮ ਕਰ ਦਿੱਤਾ। ਆਮ ਆਦਮੀ ਪਾਰਟੀ (ਆਪ) ਦੀ ਸੀਨੀਅਰ ਆਗੂ ਅਤੇ ਬਲਾਕ ਪ੍ਰਧਾਨ ਮਨਜੀਤ ਕੌਰ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਅਤੇ ਫਿਰ ਕੁਝ ਹੀ ਘੰਟਿਆਂ ਬਾਅਦ ਮੁੜ ਆਮ ਆਦਮੀ ਪਾਰਟੀ ਵਿੱਚ ਵਾਪਸੀ ਕਰਨ ਦੇ ਘਟਨਾਕ੍ਰਮ ਨੇ ਸਭ ਨੂੰ ਹੈਰਾਨ ਕਰ ਦਿੱਤਾ।
ਸਵੇਰੇ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਆਪਣੇ ਮੋਰਿੰਡਾ ਸਥਿਤ ਨਿਵਾਸ ‘ਤੇ ਇੱਕ ਸਮਾਗਮ ਦੌਰਾਨ ਮਨਜੀਤ ਕੌਰ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਵਾਇਆ। ਇਸ ਮੌਕੇ ਉਨ੍ਹਾਂ ਨੂੰ ਸਿਰੋਪਾ ਭੇਟ ਕਰਕੇ ਕਾਂਗਰਸ ਪਰਿਵਾਰ ਵਿੱਚ ਸ਼ਾਮਲ ਹੋਣ ਦਾ ਸਵਾਗਤ ਕੀਤਾ ਗਿਆ। ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ, ਵਰਕਰ ਅਤੇ ਸਥਾਨਕ ਨਿਵਾਸੀ ਮੌਜੂਦ ਸਨ।
ਚਰਨਜੀਤ ਸਿੰਘ ਚੰਨੀ ਨੇ ਇਸ ਮੌਕੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਰੁਝਾਨ ਤੇਜ਼ੀ ਨਾਲ ਕਾਂਗਰਸ ਵੱਲ ਵੱਧ ਰਿਹਾ ਹੈ ਅਤੇ ਆਮ ਆਦਮੀ ਪਾਰਟੀ ਦੇ ਆਗੂ ਵੀ ਹੁਣ ਕਾਂਗਰਸ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਮਨਜੀਤ ਕੌਰ ਦੀ ਸ਼ਮੂਲੀਅਤ ਨਾਲ ਕਾਂਗਰਸ ਨੂੰ ਇਲਾਕੇ ਵਿੱਚ ਹੋਰ ਮਜ਼ਬੂਤੀ ਮਿਲੇਗੀ।
ਮਨਜੀਤ ਕੌਰ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਇਸ ਨੂੰ ਚੰਨੀ ਦੀ ਇੱਕ ਵੱਡੀ ਸਿਆਸੀ ਸਫਲਤਾ ਵਜੋਂ ਵੀ ਦੇਖਿਆ ਗਿਆ ਅਤੇ ਰਾਜਨੀਤਿਕ ਵਿਸ਼ਲੇਸ਼ਕਾਂ ਵੱਲੋਂ ਇਸ ਦੇ ਕਈ ਅਰਥ ਕੱਢੇ ਜਾਣ ਲੱਗੇ।
ਹਾਲਾਂਕਿ ਇਹ ਸਿਆਸੀ ਤਸਵੀਰ ਜ਼ਿਆਦਾ ਦੇਰ ਤੱਕ ਨਹੀਂ ਰਹੀ। ਕਾਂਗਰਸ ਵਿੱਚ ਸ਼ਾਮਲ ਹੋਣ ਦੇ ਕਰੀਬ ਇੱਕ ਤੋਂ ਡੇਢ ਘੰਟੇ ਬਾਅਦ ਹੀ ਘਟਨਾਕ੍ਰਮ ਨੇ ਨਵਾਂ ਮੋੜ ਲੈ ਲਿਆ। ਮਨਜੀਤ ਕੌਰ ਅਚਾਨਕ ਮੁੜ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਦੇ ਦਫ਼ਤਰ ਪਹੁੰਚੀ, ਜਿੱਥੇ ਉਨ੍ਹਾਂ ਨੇ ਦੁਬਾਰਾ ਆਮ ਆਦਮੀ ਪਾਰਟੀ ‘ਤੇ ਆਪਣਾ ਭਰੋਸਾ ਜਤਾਇਆ।
ਇਸ ਮੌਕੇ ਵਿਧਾਇਕ ਡਾ. ਚਰਨਜੀਤ ਸਿੰਘ ਨੇ ਮਨਜੀਤ ਕੌਰ ਨੂੰ ਸਿਰੋਪਾ ਪਹਿਨਾ ਕੇ ਪਾਰਟੀ ਵਿੱਚ ਦੁਬਾਰਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੀ ਸਮਰਪਿਤ ਅਤੇ ਵਫ਼ਾਦਾਰ ਆਗੂ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪਾਰਟੀ ਆਪਣੇ ਵਰਕਰਾਂ ਦਾ ਸਤਿਕਾਰ ਕਰਦੀ ਹੈ ਅਤੇ ਮਨਜੀਤ ਕੌਰ ਪਹਿਲਾਂ ਵੀ ਪਾਰਟੀ ਦੀ ਮਜ਼ਬੂਤ ਆਵਾਜ਼ ਰਹੀ ਹੈ ਅਤੇ ਅੱਗੇ ਵੀ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਦੀ ਰਹੇਗੀ।
ਇੱਕੋ ਦਿਨ ਵਿੱਚ ਅਤੇ ਕੁਝ ਹੀ ਘੰਟਿਆਂ ਦੇ ਅੰਦਰ ਵਾਪਰੀਆਂ ਇਨ੍ਹਾਂ ਦੋ ਸਿਆਸੀ ਘਟਨਾਵਾਂ ਨੇ ਮੋਰਿੰਡਾ ਹੀ ਨਹੀਂ, ਸਗੋਂ ਸਮੁੱਚੇ ਪੰਜਾਬ ਦੇ ਸਿਆਸੀ ਮਾਹੌਲ ਵਿੱਚ ਚਰਚਾ ਛੇੜ ਦਿੱਤੀ ਹੈ। ਲੋਕਾਂ ਅਤੇ ਸਿਆਸੀ ਹਲਕਿਆਂ ਵਿੱਚ ਇਸ ਗੱਲ ਨੂੰ ਲੈ ਕੇ ਵੱਖ-ਵੱਖ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਆਖਿਰਕਾਰ ਇਸ ਤੇਜ਼ੀ ਨਾਲ ਬਦਲੇ ਘਟਨਾਕ੍ਰਮ ਦੇ ਪਿੱਛੇ ਕੀ ਕਾਰਨ ਰਹੇ।
ਫਿਲਹਾਲ ਇਸ ਸਿਆਸੀ ਡਰਾਮੇ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੀ ਰਾਜਨੀਤੀ ਵਿੱਚ ਕਦੋਂ, ਕੀ ਅਤੇ ਕਿਵੇਂ ਬਦਲ ਜਾਵੇ, ਇਸਦਾ ਅੰਦਾਜ਼ਾ ਲਗਾਉਣਾ ਆਸਾਨ ਨਹੀਂ।
