Saturday, June 6Punjabi People

ਸੀਐੱਚਸੀ ਫਿਰੋਜ਼ਸ਼ਾਹ ਵਿਖੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਸਬੰਧੀ ਵਰਕਸ਼ਾਪ ਆਯੋਜਿਤ

ਚੰਡੀਗੜ੍ਹ /ਫਿਰੋਜ਼ਪੁਰ, 27 ਮਈ 2026: Department of Health and Family Welfare Punjab ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸਿਵਲ ਸਰਜਨ ਫਿਰੋਜ਼ਪੁਰ ਡਾ. ਮੀਨਾਕਸ਼ੀ ਢੀਂਗਰਾ ਦੀ ਅਗਵਾਈ ਹੇਠ ਸੀਐੱਚਸੀ ਫਿਰੋਜ਼ਸ਼ਾਹ ਵਿੱਚ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਤਹਿਤ ਬਲਾਕ ਪੱਧਰੀ ਵਰਕਸ਼ਾਪ ਕਰਵਾਈ ਗਈ। ਇਹ ਪ੍ਰੋਗਰਾਮ ਸੀਨੀਅਰ ਮੈਡੀਕਲ ਅਫ਼ਸਰ ਡਾ. ਅਭੈਜੀਤ ਸਿੰਘ ਦੀ ਰਹਿਨੁਮਾਈ ਹੇਠ ਆਯੋਜਿਤ ਕੀਤਾ ਗਿਆ, ਜਿਸ ਵਿੱਚ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਕੁਮਾਰ ਅਤੇ ਡਿਪਟੀ ਮਾਸ ਮੀਡੀਆ ਅਫ਼ਸਰ ਅੰਕੁਸ਼ ਭੰਡਾਰੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਡਾ. ਅਭੈਜੀਤ ਸਿੰਘ ਨੇ ਕਿਹਾ ਕਿ ਧੀਆਂ ਸਮਾਜ ਦਾ ਅਟੁੱਟ ਹਿੱਸਾ ਹਨ ਅਤੇ ਉਨ੍ਹਾਂ ਤੋਂ ਬਿਨਾਂ ਸਮਾਜ ਦਾ ਭਵਿੱਖ ਅਧੂਰਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬੇਟਾ-ਬੇਟੀ ਵਿਚ ਸਮਾਨਤਾ ਲਿਆਉਣ ਅਤੇ ਧੀਆਂ ਨੂੰ ਸਿੱਖਿਆ ਦੇਣ ਦੀ ਲੋੜ ਹੈ, ਕਿਉਂਕਿ ਇੱਕ ਪੜ੍ਹੀ-ਲਿਖੀ ਬੇਟੀ ਦੋ ਪਰਿਵਾਰਾਂ ਦੀ ਤਰੱਕੀ ਦਾ ਕਾਰਨ ਬਣਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਦੀਆਂ ਧੀਆਂ ਹਰ ਖੇਤਰ ਵਿੱਚ ਉੱਚ ਅਹੁਦਿਆਂ ’ਤੇ ਆਪਣੀ ਕਾਬਲਿਯਤ ਸਾਬਤ ਕਰ ਰਹੀਆਂ ਹਨ।

ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਕੁਮਾਰ ਨੇ ਕਿਹਾ ਕਿ ਲੜਕੀਆਂ ਦੇ ਘਟਦੇ ਲਿੰਗ ਅਨੁਪਾਤ ’ਤੇ ਚਿੰਤਾ ਪ੍ਰਗਟਾਉਂਦੇ ਹੋਏ ਆਸ਼ਾ ਵਰਕਰਾਂ ਨੂੰ ਹਦਾਇਤ ਕੀਤੀ ਗਈ ਕਿ ਗਰਭਵਤੀ ਮਹਿਲਾਵਾਂ ਦੀ ਰਜਿਸਟ੍ਰੇਸ਼ਨ ਪਹਿਲੇ ਤਿੰਨ ਮਹੀਨਿਆਂ ਦੇ ਅੰਦਰ ਲਾਜ਼ਮੀ ਤੌਰ ’ਤੇ ਕਰਵਾਈ ਜਾਵੇ, ਤਾਂ ਜੋ ਲਿੰਗ ਅਨੁਪਾਤ ਵਿੱਚ ਸੁਧਾਰ ਲਿਆਂਦਾ ਜਾ ਸਕੇ।

ਡਿਪਟੀ ਮਾਸ ਮੀਡੀਆ ਅਫ਼ਸਰ ਅੰਕੁਸ਼ ਭੰਡਾਰੀ ਨੇ ਕਿਹਾ ਕਿ ਧੀਆਂ ਆਪਣੇ ਪਰਿਵਾਰਾਂ ਪ੍ਰਤੀ ਬਹੁਤ ਹੀ ਸੰਵੇਦਨਸ਼ੀਲ ਅਤੇ ਸਮਰਪਿਤ ਹੁੰਦੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਘਰਾਂ ਵਿੱਚ ਬੱਚਿਆਂ ਨੂੰ ਲੜਕੀਆਂ ਪ੍ਰਤੀ ਆਦਰ-ਸਤਿਕਾਰ ਵਾਲਾ ਰਵੱਈਆ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਸਿਹਤ ਵਿਭਾਗ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਤਹਿਤ ਲਿੰਗ ਨਿਰਧਾਰਣ ਐਕਟ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਲਈ ਵਚਨਬੱਧ ਹੈ।

ਇਸ ਦੌਰਾਨ ਬੀਈਈ ਹਰਦੀਪ ਸਿੰਘ ਨੇ ਲੋਕਾਂ ਨੂੰ ਧੀਆਂ ਨੂੰ ਕੁੱਖ ਵਿੱਚ ਮਾਰਨ ਤੋਂ ਰੋਕਣ ਅਤੇ ਉਨ੍ਹਾਂ ਨੂੰ ਉੱਚ ਸਿੱਖਿਆ ਦੇਣ ਲਈ ਜਾਗਰੂਕ ਕੀਤਾ। ਜੈਨੇਸਿਸ ਨਰਸਿੰਗ ਇੰਸਟੀਚਿਊਟ ਦੇ ਵਿਦਿਆਰਥੀਆਂ ਵੱਲੋਂ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਵਿਸ਼ੇ ’ਤੇ ਪੋਸਟਰ, ਭਾਸ਼ਣ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ।

ਪ੍ਰੋਗਰਾਮ ਦੌਰਾਨ ਆਸ਼ਾ ਫੈਸਿਲੀਟੇਟਰ ਬਿੰਦੂ ਸ਼ਰਮਾ ਅਤੇ ਸੀਐੱਚਸੀ ਫਿਰੋਜ਼ਸ਼ਾਹ ਦੇ ਕਰਮਚਾਰੀ ਸੰਨੀ ਵੱਲੋਂ ਧੀਆਂ ਦੇ ਸਨਮਾਨ ਵਿੱਚ ਭਾਵੁਕ ਗੀਤ ਵੀ ਪੇਸ਼ ਕੀਤੇ ਗਏ। ਅੰਤ ਵਿੱਚ ਸਾਰੇ ਭਾਗੀਦਾਰਾਂ ਅਤੇ ਸਹਿਯੋਗੀਆਂ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਡਾ. ਮਨਮੀਤ ਸਿੰਘ, ਡਾ. ਸਾਜਨਦੀਪ ਕੌਰ, ਡਾ. ਪ੍ਰਵੀਨ ਕੌਰ, ਡਾ. ਰਜ਼ਨੀਸ਼ ਗੋਇਲ, ਐੱਲਐੱਚਵੀ ਪਰਮਜੀਤ ਕੌਰ ਸ਼ੇਰਖਾਂ, ਰਮਿੰਦਰ ਕੌਰ, ਸੁਖਵਿੰਦਰ ਕੌਰ ਅਤੇ ਪਵਨਜੀਤ ਕੌਰ ਸਮੇਤ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

Leave a Reply

Your email address will not be published. Required fields are marked *