
ਸਿਰਸਾ, 26 ਮਈ 2026: ਡੇਰਾ ਸੱਚਾ ਸੌਦਾ ਮੁਖੀ Gurmeet Ram Rahim Singh ਇੱਕ ਵਾਰ ਫਿਰ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆ ਗਏ ਹਨ। ਬਲਾਤਕਾਰ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ ਇਸ ਵਾਰ 30 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ। ਮੰਗਲਵਾਰ ਸਵੇਰੇ ਉਹ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਬਾਹਰ ਆਏ ਅਤੇ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਮੁੱਖ ਦਫ਼ਤਰ ਲਈ ਰਵਾਨਾ ਹੋਏ।
ਜਾਣਕਾਰੀ ਅਨੁਸਾਰ ਰਾਮ ਰਹੀਮ ਸਵੇਰੇ ਕਰੀਬ 6:30 ਵਜੇ ਜੇਲ੍ਹ ਤੋਂ ਨਿਕਲੇ ਅਤੇ ਲਗਭਗ 9:15 ਵਜੇ ਸਿਰਸਾ ਡੇਰੇ ਪਹੁੰਚੇ। ਉਨ੍ਹਾਂ ਦੇ ਕਾਫਲੇ ਵਿੱਚ ਅੱਠ ਲਗਜ਼ਰੀ ਵਾਹਨ ਸ਼ਾਮਲ ਸਨ, ਜਿਨ੍ਹਾਂ ਵਿੱਚ ਟੋਇਟਾ ਲੈਂਡ ਕਰੂਜ਼ਰ ਅਤੇ ਫਾਰਚੂਨਰ ਲੀਜੈਂਡਰ ਵਰਗੀਆਂ ਮਹਿੰਗੀਆਂ ਗੱਡੀਆਂ ਵੀ ਸ਼ਾਮਲ ਸਨ। ਲਗਜ਼ਰੀ ਗੱਡੀਆਂ ਦੇ ਇਸ ਕਾਫਲੇ ਨੇ ਲੋਕਾਂ ਅਤੇ ਮੀਡੀਆ ਦਾ ਧਿਆਨ ਖਿੱਚਿਆ।
ਖ਼ਾਸ ਗੱਲ ਇਹ ਹੈ ਕਿ ਇਹ ਰਾਮ ਰਹੀਮ ਦੀ 16ਵੀਂ ਪੈਰੋਲ ਹੈ। ਉਹ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਸਜ਼ਾ ਭੁਗਤ ਰਹੇ ਹਨ। ਇਸ ਸਾਲ ਦੇ ਪਹਿਲੇ ਪੰਜ ਮਹੀਨਿਆਂ ਵਿੱਚ ਹੀ ਉਹ ਦੂਜੀ ਵਾਰ ਜੇਲ੍ਹ ਤੋਂ ਬਾਹਰ ਆਏ ਹਨ। ਇਸ ਤੋਂ ਪਹਿਲਾਂ ਜਨਵਰੀ 2026 ਵਿੱਚ ਵੀ ਉਨ੍ਹਾਂ ਨੂੰ 40 ਦਿਨਾਂ ਦੀ ਪੈਰੋਲ ਮਿਲੀ ਸੀ।
ਜੇਲ੍ਹ ਪ੍ਰਸ਼ਾਸਨ ਨੇ ਭੀੜ ਅਤੇ ਕਿਸੇ ਵੀ ਅਣਚਾਹੀ ਸਥਿਤੀ ਤੋਂ ਬਚਣ ਲਈ ਰਾਮ ਰਹੀਮ ਨੂੰ ਤੜਕੇ ਹੀ ਜੇਲ੍ਹ ਤੋਂ ਰਿਹਾਅ ਕੀਤਾ। ਉਨ੍ਹਾਂ ਦਾ ਕਾਫਲਾ ਡੇਰਾ ਸੱਚਾ ਸੌਦਾ ਦੇ ਪਿਛਲੇ ਗੇਟ ਰਾਹੀਂ ਅੰਦਰ ਦਾਖਲ ਹੋਇਆ। ਰਾਮ ਰਹੀਮ ਦੇ ਸਿਰਸਾ ਪਹੁੰਚਣ ਮਗਰੋਂ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਪੂਰੇ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ।
ਰਾਮ ਰਹੀਮ ਨੂੰ ਮਿਲ ਰਹੀਆਂ ਲਗਾਤਾਰ ਪੈਰੋਲਾਂ ਨੂੰ ਲੈ ਕੇ ਪਹਿਲਾਂ ਵੀ ਵਿਰੋਧੀ ਧਿਰਾਂ ਅਤੇ ਕਈ ਸਮਾਜਿਕ ਸੰਗਠਨਾਂ ਵੱਲੋਂ ਸਵਾਲ ਉਠਾਏ ਜਾਂਦੇ ਰਹੇ ਹਨ। ਹਾਲਾਂਕਿ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪੈਰੋਲ ਕਾਨੂੰਨੀ ਪ੍ਰਕਿਰਿਆ ਤਹਿਤ ਦਿੱਤੀ ਜਾਂਦੀ ਹੈ।
