
ਚੰਡੀਗੜ੍ਹ, 26 ਮਈ 2026: ਪੰਜਾਬ ਦੇ ਮੁੱਖ ਮੰਤਰੀ Bhagwant Mann ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਕੁਝ ਬੱਚੇ ਆਪਣੇ ਪਿੰਡ ਦੇ ਖੇਡ ਮੈਦਾਨ ਨੂੰ ਵੱਡਾ ਕਰਨ ਦੀ ਮੰਗ ਕਰਦੇ ਨਜ਼ਰ ਆ ਰਹੇ ਹਨ। ਮੁੱਖ ਮੰਤਰੀ ਨੇ ਬੱਚਿਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਆਵਾਜ਼ ਉਨ੍ਹਾਂ ਤੱਕ ਪਹੁੰਚ ਗਈ ਹੈ ਅਤੇ ਸਰਕਾਰ ਜਲਦ ਹੀ ਉਨ੍ਹਾਂ ਦੀ ਮੰਗ ਪੂਰੀ ਕਰੇਗੀ।
ਦਰਅਸਲ, ਬੀਤੇ ਦਿਨਾਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਦੁਤਾਲ ਪਿੰਡ ਦੀ ਹੈ, ਜਿੱਥੇ ਬੱਚਿਆਂ ਨੇ ਆਪਣੇ ਪਿੰਡ ਦੇ ਮੈਦਾਨ ਦੀ ਘੱਟ ਜਗ੍ਹਾ ਨੂੰ ਲੈ ਕੇ ਸ਼ਿਕਾਇਤ ਕੀਤੀ ਸੀ। ਵੀਡੀਓ ਵਿੱਚ ਬੱਚੇ ਕਹਿੰਦੇ ਸੁਣਾਈ ਦਿੱਤੇ ਕਿ ਮੈਦਾਨ ਛੋਟਾ ਹੋਣ ਕਾਰਨ ਉਨ੍ਹਾਂ ਨੂੰ ਖੇਡਣ ਵਿੱਚ ਮੁਸ਼ਕਲ ਆ ਰਹੀ ਹੈ, ਕਿਉਂਕਿ ਖੇਡਣ ਵਾਲੇ ਬੱਚਿਆਂ ਦੀ ਗਿਣਤੀ ਕਾਫੀ ਵੱਧ ਹੈ।
ਬੱਚਿਆਂ ਨੇ ਇਹ ਵੀ ਦੱਸਿਆ ਕਿ ਮੈਦਾਨ ਵਿੱਚ ਕੁਝ ਕੰਮ ਚੱਲ ਰਿਹਾ ਸੀ, ਜਿਸ ਕਾਰਨ ਉਨ੍ਹਾਂ ਨੂੰ ਉੱਥੇ ਖੇਡਣ ਤੋਂ ਰੋਕਿਆ ਗਿਆ ਅਤੇ ਕਿਹਾ ਗਿਆ ਕਿ ਸੱਟ ਲੱਗ ਸਕਦੀ ਹੈ। ਇਸ ਤੋਂ ਬਾਅਦ ਬੱਚਿਆਂ ਨੇ ਵੀਡੀਓ ਰਾਹੀਂ ਸਿੱਧੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਪਿੰਡ ਵਿੱਚ ਵੱਡਾ ਖੇਡ ਮੈਦਾਨ ਬਣਾਇਆ ਜਾਵੇ।
ਬੱਚਿਆਂ ਦੀ ਇਸ ਮੰਗ ‘ਤੇ ਤੁਰੰਤ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਮਾਨ ਨੇ ਟਵੀਟ ਕਰਕੇ ਕਿਹਾ ਕਿ ਪਿਆਰੇ ਬੱਚਿਓ, ਤੁਹਾਡੀ ਆਵਾਜ਼ ਮੇਰੇ ਤੱਕ ਪਹੁੰਚ ਗਈ ਹੈ। ਤੁਸੀਂ ਖੇਡਣ ਲਈ ਪਲੇਗ੍ਰਾਊਂਡ ਦੀ ਮੰਗ ਕੀਤੀ ਸੀ ਅਤੇ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਤੁਹਾਡੀ ਸਰਕਾਰ ਬਹੁਤ ਜਲਦ ਤੁਹਾਡੇ ਲਈ ਇੱਕ ਸ਼ਾਨਦਾਰ ਖੇਡ ਮੈਦਾਨ ਤਿਆਰ ਕਰਵਾਏਗੀ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਖੇਡਾਂ ਨਾਲ ਬੱਚੇ ਤੰਦਰੁਸਤ ਰਹਿੰਦੇ ਹਨ ਅਤੇ ਜ਼ਿੰਦਗੀ ਵਿੱਚ ਅੱਗੇ ਵਧਦੇ ਹਨ। ਉਨ੍ਹਾਂ ਨੇ ਬੱਚਿਆਂ ਨੂੰ ਪੜ੍ਹਾਈ ਅਤੇ ਖੇਡਾਂ ‘ਤੇ ਧਿਆਨ ਦੇਣ ਦੀ ਸਲਾਹ ਦਿੰਦਿਆਂ ਕਿਹਾ ਕਿ ਬਾਕੀ ਜ਼ਿੰਮੇਵਾਰੀ ਉਹਨਾਂ ਦੀ ਹੈ। “ਖੂਬ ਪੜ੍ਹੋ, ਖੂਬ ਖੇਡੋ,” ਸੀਐਮ ਮਾਨ ਨੇ ਆਪਣੇ ਸੰਦੇਸ਼ ਵਿੱਚ ਕਿਹਾ।
