Saturday, May 23Punjabi People

‘ਗੈਂਗਸਟਰਾਂ ਤੇ ਵਾਰ’ ਦਾ 121ਵਾਂ ਦਿਨ: ਪੰਜਾਬ ਪੁਲਿਸ ਵੱਲੋਂ 552 ਥਾਵਾਂ ‘ਤੇ ਛਾਪੇਮਾਰੀ, 243 ਗ੍ਰਿਫ਼ਤਾਰ

ਚੰਡੀਗੜ੍ਹ, 21 ਮਈ 2026: ਪੰਜਾਬ ਵਿੱਚ ਚੱਲ ਰਹੀ ਗੈਂਗਸਟਰਾਂ ਵਿਰੁੱਧ ਫੈਸਲਾਕੁੰਨ ਮੁਹਿੰਮ “ਗੈਂਗਸਟਰਾਂ ਤੇ ਵਾਰ” ਦੇ 121ਵੇਂ ਦਿਨ ਪੰਜਾਬ ਪੁਲਿਸ ਨੇ ਸੂਬੇ ਭਰ ਵਿੱਚ ਵੱਡੀ ਕਾਰਵਾਈ ਕਰਦਿਆਂ ਗੈਂਗਸਟਰਾਂ ਦੇ ਸਾਥੀਆਂ ਵਜੋਂ ਪਛਾਣੇ ਗਏ ਅਤੇ ਪਹਿਲਾਂ ਤੋਂ ਮੈਪ ਕੀਤੇ ਗਏ 552 ਥਾਵਾਂ ‘ਤੇ ਛਾਪੇਮਾਰੀ ਕੀਤੀ। ਇਹ ਕਾਰਵਾਈ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਦੀ ਸਹਿਯੋਗ ਨਾਲ ਸਾਰੇ ਜ਼ਿਲ੍ਹਿਆਂ ਦੀਆਂ ਪੁਲਿਸ ਟੀਮਾਂ ਵੱਲੋਂ ਇਕੱਠੇ ਤੌਰ ‘ਤੇ ਕੀਤੀ ਗਈ।

ਇਹ ਮੁਹਿੰਮ 20 ਜਨਵਰੀ 2026 ਨੂੰ ਡਾਇਰੈਕਟਰ ਜਨਰਲ ਆਫ ਪੁਲਿਸ ਗੌਰਵ ਯਾਦਵ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਸੀ, ਜਿਸਦਾ ਮੁੱਖ ਉਦੇਸ਼ ਪੰਜਾਬ ਨੂੰ ਗੈਂਗਸਟਰ ਮੁਕਤ ਸੂਬਾ ਬਣਾਉਣਾ ਹੈ। ਉਸ ਤੋਂ ਬਾਅਦ ਲਗਾਤਾਰ ਚੱਲ ਰਹੀਆਂ ਇਹ ਕਾਰਵਾਈਆਂ ਰਾਹੀਂ ਸੰਗਠਿਤ ਅਪਰਾਧਿਕ ਨੈੱਟਵਰਕਾਂ ‘ਤੇ ਸਖ਼ਤ ਦਬਾਅ ਬਣਾਇਆ ਜਾ ਰਿਹਾ ਹੈ।

ਅੱਜ ਦੀ ਕਾਰਵਾਈ ਦੌਰਾਨ ਪੁਲਿਸ ਨੇ 243 ਵਿਅਕਤੀਆਂ ਨੂੰ ਇੱਕ ਹਥਿਆਰ ਸਮੇਤ ਗ੍ਰਿਫ਼ਤਾਰ ਕੀਤਾ। ਇਸ ਨਾਲ ਮੁਹਿੰਮ ਸ਼ੁਰੂ ਹੋਣ ਤੋਂ ਹੁਣ ਤੱਕ ਕੁੱਲ ਗ੍ਰਿਫ਼ਤਾਰੀਆਂ ਦੀ ਗਿਣਤੀ 30,964 ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ, 87 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ ਗਈ, ਜਦਕਿ 14 ਵਿਅਕਤੀਆਂ ਨੂੰ ਪੁੱਛਗਿੱਛ ਤੋਂ ਬਾਅਦ ਰਿਹਾਅ ਕੀਤਾ ਗਿਆ। ਪੁਲਿਸ ਨੇ ਚਾਰ ਭਗੌੜੇ ਅਪਰਾਧੀਆਂ (POs) ਨੂੰ ਵੀ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਗੈਂਗਸਟਰਾਂ ਜਾਂ ਅਪਰਾਧਿਕ ਗਤੀਵਿਧੀਆਂ ਬਾਰੇ ਜਾਣਕਾਰੀ ਐਂਟੀ-ਗੈਂਗਸਟਰ ਹੈਲਪਲਾਈਨ ਨੰਬਰ 93946-93946 ‘ਤੇ ਗੁਪਤ ਤੌਰ ‘ਤੇ ਸਾਂਝੀ ਕਰ ਸਕਦੇ ਹਨ, ਤਾਂ ਜੋ ਸੂਬੇ ਵਿੱਚ ਅਪਰਾਧ ‘ਤੇ ਹੋਰ ਕਾਬੂ ਪਾਇਆ ਜਾ ਸਕੇ।

ਇਸੇ ਦੌਰਾਨ, ਨਸ਼ਿਆਂ ਵਿਰੁੱਧ ਚੱਲ ਰਹੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ 446ਵੇਂ ਦਿਨ ਵੀਪੰਜਾਬ ਪੁਲਿਸ ਵੱਲੋਂ ਸਖ਼ਤ ਕਾਰਵਾਈ ਜਾਰੀ ਰਹੀ। ਅੱਜ ਦੀ ਕਾਰਵਾਈ ਵਿੱਚ 92 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਕੋਲੋਂ 7.5 ਕਿਲੋ ਹੈਰੋਇਨ, 500 ਗ੍ਰਾਮ ਅਫੀਮ, 1.70 ਲੱਖ ਨਸ਼ੀਲੀਆਂ ਗੋਲੀਆਂ/ਕੈਪਸੂਲ ਅਤੇ 700 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ।

ਇਸ ਮੁਹਿੰਮ ਦੇ ਤਹਿਤ ਹੁਣ ਤੱਕ 65,010 ਨਸ਼ਾ ਤਸਕਰਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ। ਨਾਲ ਹੀ, ਪੁਨਰਵਾਸ ਅਤੇ ਨਸ਼ਾ ਛੁਡਾਊ ਪ੍ਰਕਿਰਿਆ ਤਹਿਤ ਅੱਜ 14 ਵਿਅਕਤੀਆਂ ਨੂੰ ਇਲਾਜ ਲਈ ਰਾਜ਼ੀ ਕਰਵਾਇਆ ਗਿਆ ਹੈ, ਜੋ ਕਿ ਨਸ਼ਾ ਮੁਕਤ ਪੰਜਾਬ ਵੱਲ ਇਕ ਹੋਰ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।

Leave a Reply

Your email address will not be published. Required fields are marked *