
ਚੰਡੀਗੜ੍ਹ, 15 ਮਈ 2026: ਪੰਜਾਬੀ ਗਾਇਕ ਅਤੇ ਅਦਾਕਾਰ Diljit Dosanjh ਇੱਕ ਵਾਰ ਫਿਰ ਚਰਚਾ ਦੇ ਕੇਂਦਰ ਵਿੱਚ ਹਨ। ਆਪਣੇ ਵਿਸ਼ਵ ਦੌਰੇ ਅਤੇ ਗਲੋਬਲ ਲੋਕਪ੍ਰਿਯਤਾ ਕਾਰਨ ਸੁਰਖੀਆਂ ਵਿੱਚ ਰਹਿਣ ਵਾਲੇ ਦਿਲਜੀਤ ਦੋਸਾਂਝ ਹੁਣ ਆਪਣੀ ਨਾਗਰਿਕਤਾ ਨਾਲ ਜੁੜੀਆਂ ਰਿਪੋਰਟਾਂ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਏ ਹਨ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦਿਲਜੀਤ ਨੇ ਸਾਲ 2022 ਵਿੱਚ ਭਾਰਤੀ ਨਾਗਰਿਕਤਾ ਤਿਆਗ ਕੇ ਅਮਰੀਕੀ ਨਾਗਰਿਕਤਾ ਹਾਸਲ ਕਰ ਲਈ ਸੀ ਅਤੇ ਉਹ ਪਿਛਲੇ ਕੁਝ ਸਾਲਾਂ ਤੋਂ ਅਮਰੀਕੀ ਪਾਸਪੋਰਟ ‘ਤੇ ਯਾਤਰਾ ਕਰ ਰਹੇ ਹਨ।
ਰਿਪੋਰਟਾਂ ਅਨੁਸਾਰ, ਦਿਲਜੀਤ ਦਾ ਆਖਰੀ ਭਾਰਤੀ ਪਾਸਪੋਰਟ ਸਾਲ 2018 ਵਿੱਚ ਮੁੰਬਈ ਤੋਂ ਜਾਰੀ ਹੋਇਆ ਸੀ। ਇਸ ਤੋਂ ਪਹਿਲਾਂ ਉਹਨਾਂ ਦਾ ਇੱਕ ਪਾਸਪੋਰਟ ਜ਼ੈਂਬੀਆ ਤੋਂ ਵੀ ਜਾਰੀ ਹੋਇਆ ਦੱਸਿਆ ਗਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਅਮਰੀਕੀ ਨਾਗਰਿਕਤਾ ਮਿਲਣ ਤੋਂ ਬਾਅਦ ਉਹ ਅਮਰੀਕੀ ਦਸਤਾਵੇਜ਼ਾਂ ਦੇ ਆਧਾਰ ‘ਤੇ ਅੰਤਰਰਾਸ਼ਟਰੀ ਯਾਤਰਾਵਾਂ ਕਰ ਰਹੇ ਹਨ।
ਇਸ ਮਾਮਲੇ ਨੇ ਉਸ ਸਮੇਂ ਹੋਰ ਤੂਲ ਫੜਿਆ ਜਦੋਂ ਹਾਲ ਹੀ ਵਿੱਚ ਦਿਲਜੀਤ ਦੋਸਾਂਝ ਨੇ ਪੰਜਾਬ ਦੀ ਰਾਜਨੀਤੀ ਵਿੱਚ ਆਉਣ ਦੀਆਂ ਚਰਚਾਵਾਂ ਨੂੰ ਨਕਾਰ ਦਿੱਤਾ ਸੀ। ਹੁਣ ਕੁਝ ਰਿਪੋਰਟਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਵਿਦੇਸ਼ੀ ਨਾਗਰਿਕਤਾ ਇਸਦਾ ਇੱਕ ਵੱਡਾ ਕਾਰਨ ਹੋ ਸਕਦੀ ਹੈ।
ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਦਿਲਜੀਤ ਦੀ ਪਤਨੀ ਸੰਦੀਪ ਕੌਰ ਵੀ ਅਮਰੀਕੀ ਨਾਗਰਿਕ ਹਨ। ਜਾਣਕਾਰੀ ਮੁਤਾਬਕ ਅਮਰੀਕੀ ਨਾਗਰਿਕਤਾ ਲਈ ਦਸਤਾਵੇਜ਼ੀ ਕਾਰਵਾਈ ਦੌਰਾਨ ਕੈਲੀਫੋਰਨੀਆ ਸਥਿਤ ਇੱਕ ਆਲੀਸ਼ਾਨ ਬੰਗਲੇ ਨੂੰ ਰਿਹਾਇਸ਼ੀ ਪਤਾ ਦਰਸਾਇਆ ਗਿਆ ਸੀ।
ਹਾਲਾਂਕਿ, ਦਿਲਜੀਤ ਦੋਸਾਂਝ ਜਾਂ ਉਹਨਾਂ ਦੀ ਟੀਮ ਵੱਲੋਂ ਇਨ੍ਹਾਂ ਦਾਵਿਆਂ ਬਾਰੇ ਅਧਿਕਾਰਿਕ ਤੌਰ ‘ਤੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ। ਇਸ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਵੀ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ ਅਤੇ ਪ੍ਰਸ਼ੰਸਕਾਂ ਵਿਚਕਾਰ ਚਰਚਾ ਤੇਜ਼ ਹੋ ਗਈ ਹੈ।
