
ਚੰਡੀਗੜ੍ਹ / ਜਲੰਧਰ, 9 ਮਈ 2026: ਜਲੰਧਰ ਵਿੱਚ Border Security Force ਪੰਜਾਬ ਫਰੰਟੀਅਰ ਹੈੱਡਕੁਆਰਟਰ ਦੇ ਬਾਹਰ ਹੋਏ ਧਮਾਕੇ ਮਾਮਲੇ ਵਿੱਚ ਪੁਲੀਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਮਾਮਲੇ ਵਿੱਚ ਲੋੜੀਂਦੇ ਇੱਕ ਸ਼ੱਕੀ ਵਿਅਕਤੀ ਨੂੰ ਦਿੱਲੀ ਤੋਂ ਕਾਬੂ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਦਿੱਲੀ ਦੀ ਸੀਆਈਏ ਟੀਮ ਵੱਲੋਂ ਮੁਲਜ਼ਮ ਕੋਲੋਂ ਗਹਿਰਾਈ ਨਾਲ ਪੁੱਛਗਿੱਛ ਕੀਤੀ ਗਈ, ਜਿਸ ਤੋਂ ਬਾਅਦ ਜਲੰਧਰ ਸੀਆਈਏ ਸਟਾਫ ਦੀ ਟੀਮ ਉਸ ਨੂੰ ਪੰਜਾਬ ਲੈ ਆਈ ਹੈ। ਹਾਲਾਂਕਿ ਇਸ ਸਬੰਧੀ ਅਜੇ ਤੱਕ ਕਿਸੇ ਅਧਿਕਾਰਕ ਅਧਿਕਾਰੀ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ।
ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਧਮਾਕੇ ਤੋਂ ਬਾਅਦ ਮੁਲਜ਼ਮ ਜਲੰਧਰ ਤੋਂ ਬੱਸ ਰਾਹੀਂ ਦਿੱਲੀ ਚਲਾ ਗਿਆ ਸੀ। ਜਾਂਚ ਏਜੰਸੀਆਂ ਹੁਣ ਇਹ ਪਤਾ ਲਗਾਉਣ ਵਿੱਚ ਜੁਟੀਆਂ ਹਨ ਕਿ ਧਮਾਕਾ ਉਸ ਨੇ ਖੁਦ ਕੀਤਾ ਸੀ ਜਾਂ ਕਿਸੇ ਹੋਰ ਦੇ ਕਹਿਣ ‘ਤੇ ਉਸ ਨੂੰ ਵਿਸਫੋਟਕ ਸਮੱਗਰੀ ਮੁਹੱਈਆ ਕਰਵਾਈ ਗਈ ਸੀ। ਜਾਂਚ ਦੌਰਾਨ ਇਹ ਵੀ ਖੁਲਾਸਾ ਹੋਇਆ ਹੈ ਕਿ ਧਮਾਕੇ ਤੋਂ ਦੋ ਦਿਨ ਪਹਿਲਾਂ ਇਲਾਕੇ ਦੀ ਰੇਕੀ ਕੀਤੀ ਗਈ ਸੀ।
Border Security Force ਹੈੱਡਕੁਆਰਟਰ ਦੇ ਬਾਹਰ 5 ਮਈ ਨੂੰ ਹੋਏ ਇਸ ਧਮਾਕੇ ਵਿੱਚ ਗੜਾ ਇਲਾਕੇ ਦੇ ਨੌਜਵਾਨ ਗੁਰਪ੍ਰੀਤ ਦੀ ਸਕੂਟਰੀ ਸੜ੍ਹ ਕੇ ਸੁਆਹ ਹੋ ਗਈ ਸੀ। ਧਮਾਕੇ ਤੋਂ ਬਾਅਦ ਪੁਲੀਸ ਨੇ ਗੁਰਪ੍ਰੀਤ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਸੀ, ਪਰ ਬਾਅਦ ਵਿੱਚ ਉਸਨੂੰ ਛੱਡ ਦਿੱਤਾ ਗਿਆ।
ਦਿੱਲੀ ਅਤੇ ਜਲੰਧਰ ਦੀਆਂ ਸੀਆਈਏ ਟੀਮਾਂ ਵੱਲੋਂ ਸਾਂਝੇ ਆਪਰੇਸ਼ਨ ਤਹਿਤ ਕੀਤੀ ਗਈ ਕਾਰਵਾਈ ਨੂੰ ਜਾਂਚ ਵਿੱਚ ਵੱਡੀ ਪ੍ਰਗਤੀ ਮੰਨਿਆ ਜਾ ਰਿਹਾ ਹੈ। ਪੁਲੀਸ ਹੁਣ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮੁਲਜ਼ਮ ਦੇ ਪਿੱਛੇ ਕੋਈ ਵੱਡਾ ਨੈੱਟਵਰਕ ਤਾਂ ਨਹੀਂ ਸੀ ਅਤੇ ਧਮਾਕੇ ਦਾ ਅਸਲ ਮਕਸਦ ਕੀ ਸੀ।
ਇਸੇ ਦੌਰਾਨ ਪੰਜਾਬ ਤੋਂ ਰਾਜ ਸਭਾ ਮੈਂਬਰ Vikramjit Singh Sahney ਵੀ ਪੀੜਤ ਨੌਜਵਾਨ ਗੁਰਪ੍ਰੀਤ ਦੀ ਮਦਦ ਲਈ ਅੱਗੇ ਆਏ ਹਨ। ਉਨ੍ਹਾਂ ਗੁਰਪ੍ਰੀਤ ਦੇ ਪਿਤਾ ਕਸ਼ਮੀਰ ਸਿੰਘ ਨਾਲ ਟੈਲੀਫੋਨ ‘ਤੇ ਗੱਲਬਾਤ ਕਰਕੇ ਧਮਾਕੇ ਵਿੱਚ ਸੜ੍ਹੀ ਐਕਟਿਵਾ ਦੀ ਥਾਂ ਨਵੀਂ ਸਕੂਟਰੀ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਹੈ।
