Saturday, May 23Punjabi People

ਪੰਜਾਬ ਤੋਂ ਕੈਨੇਡਾ ਗਈ ਮਾਪਿਆਂ ਦੀ ਇਕਲੌਤੀ ਧੀ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ

ਚੰਡੀਗੜ੍ਹ / ਮੰਡੀ ਅਹਿਮਦਗੜ੍ਹ, 26 ਅਪ੍ਰੈਲ 2026: ਇੱਥੋਂ ਦੇ ਸੰਜੀਵ ਕੁਮਾਰ ਜਿੰਦਲ ਦੇ ਪਰਿਵਾਰ ‘ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ, ਜਦੋਂ ਉਨ੍ਹਾਂ ਨੂੰ ਆਪਣੀ ਇਕਲੌਤੀ ਧੀ ਪ੍ਰਤਿਭਾ ਗੁਪਤਾ ਦੀ ਕੈਨੇਡਾ ਦੇ ਬਰੈਂਪਟਨ ਵਿੱਚ ਭੇਦਭਰੀ ਹਾਲਾਤਾਂ ਵਿੱਚ ਅਚਾਨਕ ਮੌਤ ਹੋਣ ਦੀ ਖ਼ਬਰ ਮਿਲੀ।

ਮਿਲੀ ਜਾਣਕਾਰੀ ਅਨੁਸਾਰ, ਪ੍ਰਤਿਭਾ ਦੀ ਲਾਸ਼ ਉਸ ਦੇ ਕਿਰਾਏ ਦੇ ਘਰ ਦੀਆਂ ਪੌੜੀਆਂ ਕੋਲੋਂ ਬਰਾਮਦ ਹੋਈ। ਹੈਰਾਨੀ ਦੀ ਗੱਲ ਇਹ ਸੀ ਕਿ ਉਸ ਦੇ ਸਰੀਰ ‘ਤੇ ਬਾਹਰੋਂ ਕਿਸੇ ਵੀ ਤਰ੍ਹਾਂ ਦੀ ਚੋਟ ਦਾ ਨਿਸ਼ਾਨ ਨਹੀਂ ਸੀ। ਘਟਨਾ ਸਮੇਂ ਘਰ ਦਾ ਮਾਲਕ ਵੀ ਦੇਸ਼ ਤੋਂ ਬਾਹਰ, ਅਮਰੀਕਾ ਵਿੱਚ ਮੌਜੂਦ ਸੀ।

ਜਦੋਂ ਮਾਪਿਆਂ ਵੱਲੋਂ ਕੀਤੇ ਗਏ ਕਈ ਫੋਨਾਂ ਦਾ ਕੋਈ ਜਵਾਬ ਨਹੀਂ ਮਿਲਿਆ, ਤਾਂ ਉਨ੍ਹਾਂ ਨੇ ਇਸ ਬਾਰੇ ਪ੍ਰਤਿਭਾ ਦੀ ਕੰਪਨੀ ਦੇ ਮਾਲਕ ਨੂੰ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਕੰਪਨੀ ਮਾਲਕ ਨੇ ਕੈਨੇਡਾ ਪੁਲੀਸ ਨਾਲ ਸੰਪਰਕ ਕਰਕੇ ਮਦਦ ਲਈ ਅਪੀਲ ਕੀਤੀ।

ਫਿਲਹਾਲ ਪੁਲੀਸ ਇਸ ਮਾਮਲੇ ਵਿੱਚ ਕਿਸੇ ਨਤੀਜੇ ‘ਤੇ ਨਹੀਂ ਪਹੁੰਚੀ, ਪਰ ਜਾਂਚ ਦੌਰਾਨ ਅਧਿਕਾਰੀਆਂ ਵੱਲੋਂ ਪਰਿਵਾਰ ਤੋਂ ਪ੍ਰਤਿਭਾ ਦੇ ਰੋਜ਼ਾਨਾ ਦੇ ਜੀਵਨ ਅਤੇ ਹੋਰ ਸਬੰਧਿਤ ਜਾਣਕਾਰੀ ਲਈ ਗਈ ਹੈ।

ਸ਼ਨੀਵਾਰ ਸਵੇਰੇ ਪ੍ਰਤਿਭਾ ਦੀ ਆਪਣੇ ਮਾਪਿਆਂ ਨਾਲ ਗੱਲਬਾਤ ਹੋਈ ਸੀ ਅਤੇ ਉਹ ਉਸ ਵੇਲੇ ਖੁਸ਼ ਮਿਜ਼ਾਜ ਸੀ, ਪਰ ਸ਼ਾਮ ਤੱਕ ਉਸ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ।

29 ਸਾਲਾ ਪ੍ਰਤਿਭਾ ਲਗਭਗ ਸਾਢੇ ਤਿੰਨ ਸਾਲ ਪਹਿਲਾਂ ਵਰਕ ਪਰਮਿਟ ‘ਤੇ ਕੈਨੇਡਾ ਗਈ ਸੀ ਅਤੇ ਉੱਥੇ ਇੱਕ ਨਿੱਜੀ ਟਰਾਂਸਪੋਰਟ ਕੰਪਨੀ ਵਿੱਚ ਕੰਮ ਕਰ ਰਹੀ ਸੀ।

ਪਿਛਲੇ ਸਾਲ ਪ੍ਰਤਿਭਾ ਦੀ ਮਾਤਾ ਇੰਦੂ ਜਿੰਦਲ ਚਾਰ ਮਹੀਨੇ ਲਈ ਉਸ ਕੋਲ ਰਹਿ ਕੇ ਵਾਪਸ ਆਈ ਸੀ। ਇਸ ਵਾਰ ਵੀ ਮਾਪੇ ਜੁਲਾਈ ਵਿੱਚ ਉਸ ਦਾ ਜਨਮਦਿਨ ਮਨਾਉਣ ਲਈ ਕੈਨੇਡਾ ਜਾਣ ਦੀ ਯੋਜਨਾ ਬਣਾ ਰਹੇ ਸਨ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।

Leave a Reply

Your email address will not be published. Required fields are marked *