
ਚੰਡੀਗੜ੍ਹ, 24 ਅਪ੍ਰੈਲ 2026: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਸਾਂਸਦ ਗੁਰਮੀਤ ਸਿੰਘ ਮੀਤ ਹੇਅਰ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ‘ਤੇ ਤਿੱਖਾ ਪ੍ਰਹਾਰ ਕਰਦਿਆਂ ਕਿਹਾ ਕਿ ਪਿਛਲੇ 12 ਸਾਲਾਂ ਤੋਂ ਭਾਜਪਾ ਦੇਸ਼ ਭਰ ਵਿੱਚ ਲੋਕਤੰਤਰ ਨੂੰ ਕਮਜ਼ੋਰ ਕਰਨ ਲਈ ਇੱਕੋ ਜਿਹਾ ਮਾਡਲ ਅਪਣਾ ਰਹੀ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਜਿਵੇਂ ਹੀ ਚੋਣਾਂ ਨੇੜੇ ਆਉਂਦੀਆਂ ਹਨ, ਭਾਜਪਾ ਹਾਰ ਦੇ ਡਰ ਨਾਲ ਵਿਰੋਧੀ ਆਗੂਆਂ ਨੂੰ ਈਡੀ ਅਤੇ ਸੀਬੀਆਈ ਦੇ ਜ਼ਰੀਏ ਡਰਾਉਂਦੀ ਹੈ ਜਾਂ ਫਿਰ ਉਨ੍ਹਾਂ ਨੂੰ ਲਾਲਚ ਦੇ ਕੇ ਆਪਣੀ ਪਾਰਟੀ ਵਿੱਚ ਸ਼ਾਮਲ ਕਰ ਲੈਂਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਿਧਾਂਤਾਂ ਅਤੇ ਸੰਘਰਸ਼ ਦੀ ਧਰਤੀ ਹੈ, ਜਿੱਥੇ ਭਾਜਪਾ ਦਾ ਇਹ ‘ਵਾਸ਼ਿੰਗ ਮਸ਼ੀਨ’ ਮਾਡਲ ਕਦੇ ਕਾਮਯਾਬ ਨਹੀਂ ਹੋਵੇਗਾ।
ਇੱਕ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਉਦਾਹਰਣ ਦਿੰਦਿਆਂ ਕਿਹਾ ਕਿ ਅਸਾਮ ਵਿੱਚ ਹੇਮੰਤ ਵਿਸ਼ਵਾ ਸ਼ਰਮਾ ‘ਤੇ ਕਾਂਗਰਸ ਵਿੱਚ ਰਹਿੰਦਿਆਂ ਸੀਬੀਆਈ ਕਾਰਵਾਈ ਹੋਈ ਸੀ, ਪਰ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹ ਬਰੀ ਹੋ ਗਏ। ਇਸੇ ਤਰ੍ਹਾਂ ਮਹਾਰਾਸ਼ਟਰ ਵਿੱਚ ਅਜੀਤ ਪਵਾਰ ‘ਤੇ ਕਈ ਮਾਮਲੇ ਦਰਜ ਹੋਏ, ਪਰ ਭਾਜਪਾ ਨਾਲ ਜੁੜਨ ਤੋਂ ਬਾਅਦ ਉਨ੍ਹਾਂ ਨੂੰ ਡਿਪਟੀ ਸੀਐਮ ਬਣਾ ਦਿੱਤਾ ਗਿਆ।
ਮੀਤ ਹੇਅਰ ਨੇ ਕਿਹਾ ਕਿ ਸੰਸਦ ਵਿੱਚ ਵੀ ਇਹੀ ਹਾਲਾਤ ਹਨ, ਜਿੱਥੇ ਰਵਨੀਤ ਬਿੱਟੂ ਅਤੇ ਜਯੋਤੀਰਾਦਿੱਤਿਆ ਸਿੰਧੀਆ ਵਰਗੇ ਨੇਤਾ, ਜੋ ਪਹਿਲਾਂ ਕਾਂਗਰਸ ਨਾਲ ਜੁੜੇ ਰਹੇ, ਹੁਣ ਭਾਜਪਾ ਦੀਆਂ ਅਗਲੀ ਕਤਾਰਾਂ ਵਿੱਚ ਬੈਠੇ ਹਨ, ਜਦਕਿ ਪੁਰਾਣੇ ਭਾਜਪਾ ਵਰਕਰ ਪਿੱਛੇ ਰਹਿ ਗਏ ਹਨ। ਪੰਜਾਬ ਵਿੱਚ ਵੀ ਭਾਜਪਾ ਦੀਆਂ ਮੀਟਿੰਗਾਂ ਵਿੱਚ ਸੁਨੀਲ ਜਾਖੜ ਅਤੇ ਰਾਣਾ ਸੋਢੀ ਵਰਗੇ ਕਾਂਗਰਸੀ ਚਿਹਰੇ ਵੱਧ ਦਿੱਖਦੇ ਹਨ।
ਉਨ੍ਹਾਂ ਰਾਘਵ ਚੱਢਾ ਦੇ ਵਿਵਹਾਰ ‘ਤੇ ਨਾਰਾਜ਼ਗੀ ਜਤਾਉਂਦਿਆਂ ਕਿਹਾ ਕਿ ਜਿਸ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨੂੰ ਮੌਕਾ ਦਿੱਤਾ, ਉਸੇ ਦੇ ਸੰਕਟਕਾਲ ਵਿੱਚ ਸਾਥ ਨਾ ਦੇਣਾ ਨੈਤਿਕਤਾ ਦੇ ਖਿਲਾਫ ਹੈ। ਉਨ੍ਹਾਂ ਕਿਹਾ ਕਿ ਜਦੋਂ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਸੰਜੇ ਸਿੰਘ ਜੇਲ੍ਹ ਵਿੱਚ ਸਨ ਅਤੇ ਵਰਕਰ ਸੰਘਰਸ਼ ਕਰ ਰਹੇ ਸਨ, ਉਸ ਵੇਲੇ ਰਾਘਵ ਚੱਢਾ ਵਿਦੇਸ਼ ਚਲੇ ਗਏ, ਜਿਸ ਨਾਲ ਸ਼ੱਕ ਪੈਦਾ ਹੁੰਦਾ ਹੈ ਕਿ ਉਨ੍ਹਾਂ ਦੀ ਭਾਜਪਾ ਅਤੇ ਅਮਿਤ ਸ਼ਾਹ ਨਾਲ ਕੋਈ ਸਾਂਝ ਹੋ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਕੇਜਰੀਵਾਲ ਦੇ ਜੇਲ੍ਹ ਤੋਂ ਬਾਹਰ ਆਉਣ ‘ਤੇ ਵੀ ਰਾਘਵ ਚੱਢਾ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ, ਜਿਸ ਨਾਲ ਇਹ ਸੰਦੇਹ ਹੋਰ ਵੱਧਦਾ ਹੈ ਕਿ ਉਹ ਹੁਣ ਭਾਜਪਾ ਦੇ ਪ੍ਰਭਾਵ ਹੇਠ ਹਨ।
ਪੰਜਾਬ ਵਿੱਚ ਹਾਲ ਹੀ ਵਿੱਚ ਅਸ਼ੋਕ ਮਿੱਤਲ ਅਤੇ ਸੰਜੀਵ ਅਰੋੜਾ ਦੇ ਘਰਾਂ ‘ਤੇ ਹੋਈ ਛਾਪੇਮਾਰੀ ਨੂੰ ਉਨ੍ਹਾਂ ਨੇ ਇਸੇ ਰਣਨੀਤੀ ਦਾ ਹਿੱਸਾ ਦੱਸਿਆ। ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਲਗਾਤਾਰ ‘ਆਪ’ ਆਗੂਆਂ ਨੂੰ ਨਿਸ਼ਾਨਾ ਬਣਾ ਕੇ ਪਾਰਟੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਮੀਤ ਹੇਅਰ ਨੇ ਕਿਹਾ ਕਿ ‘ਆਪ’ ਦੇ ਆਗੂ ਅਤੇ ਵਰਕਰ ਆਪਣੇ ਸਿਧਾਂਤਾਂ ‘ਤੇ ਡਟੇ ਹੋਏ ਹਨ। ਦਿੱਲੀ ਵਿੱਚ ਵੀ ਦਬਾਅ ਦੇ ਬਾਵਜੂਦ ਕਿਸੇ ਨੇ ਝੁਕਣਾ ਕਬੂਲ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਸਤਿੰਦਰ ਜੈਨ ਅਤੇ ਮਨੀਸ਼ ਸਿਸੋਦੀਆ ਨੂੰ ਕਈ ਪੇਸ਼ਕਸ਼ਾਂ ਮਿਲੀਆਂ, ਪਰ ਉਨ੍ਹਾਂ ਨੇ ਭਾਜਪਾ ਵਿੱਚ ਜਾਣ ਦੀ ਬਜਾਏ ਜੇਲ੍ਹ ਕਬੂਲ ਕੀਤੀ।
ਅਖੀਰ ਵਿੱਚ ਉਨ੍ਹਾਂ ਸੁਨੀਲ ਜਾਖੜ ਅਤੇ ਰਵਨੀਤ ਬਿੱਟੂ ‘ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਦੀ ਇਤਿਹਾਸਕ ਰਵਾਇਤ ਸੰਘਰਸ਼ ਅਤੇ ਕੁਰਬਾਨੀ ਦੀ ਰਹੀ ਹੈ। ਪੰਜਾਬੀ ਮੁਸ਼ਕਲਾਂ ਦਾ ਸਾਹਮਣਾ ਕਰ ਸਕਦੇ ਹਨ, ਪਰ ਝੁਕਦੇ ਨਹੀਂ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਜਿੰਨਾ ਜ਼ਿਆਦਾ ਭਾਜਪਾ ਦਬਾਅ ਬਣਾਏਗੀ, ਉਨਾ ਹੀ ਪੰਜਾਬ ਵਿੱਚ ਉਸਦਾ ਨੁਕਸਾਨ ਵਧੇਗਾ। ਪੰਜਾਬ ਦੇ ਲੋਕ ਜੇਲ੍ਹਾਂ ਜਾਂ ਕੇਸਾਂ ਤੋਂ ਨਹੀਂ ਡਰਦੇ ਅਤੇ ਭਾਜਪਾ ਨੂੰ ਆਪਣੀ ਇਸ ਰਣਨੀਤੀ ਦਾ ਅੰਜਾਮ ਭੁਗਤਣਾ ਪਵੇਗਾ।
