Saturday, May 23Punjabi People

ਗੈਰ-ਕਾਨੂੰਨੀ ਖਣਨ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਜਾਰੀ ਕਰਦੇ ਹੋਏ ਫ਼ਲਾਇੰਗ ਸਕੁਐਡ ਤੈਨਾਤ ਕਰਨ ਅਤੇ ਤਕਨੀਕੀ ਨਿਗਰਾਨੀ ਵਧਾਉਣ ਦੇ ਦਿੱਤੇ ਨਿਰਦੇਸ਼; ਬਰਿੰਦਰ ਕੁਮਾਰ ਗੋਇਲ

ਚੰਡੀਗੜ੍ਹ, 23 ਅਪ੍ਰੈਲ 2026: ਪੰਜਾਬ ਦੇ ਜਲ ਸਰੋਤ, ਭੂਮੀ ਤੇ ਜਲ ਸੰਭਾਲ ਅਤੇ ਖਣਨ ਤੇ ਭੂ-ਵਿਗਿਆਨ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਤਿੰਨ ਵੱਖ-ਵੱਖ ਵਿਭਾਗਾਂ ਦੀ ਉੱਚ ਪੱਧਰੀ ਸਮੀਖਿਆ ਮੀਟਿੰਗ ਦੌਰਾਨ ਸਿੰਚਾਈ ਪ੍ਰਾਜੈਕਟਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਅਤੇ ਸੂਬੇ ਵਿੱਚ ਹੜ੍ਹ ਰੋਕਥਾਮ ਦੇ ਕੰਮ ਜਲਦੀ ਮੁਕੰਮਲ ਕਰਨ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ।

ਪੰਜਾਬ ਸਿਵਲ ਸਕੱਤਰੇਤ ਵਿਖੇ ਖਣਨ ਵਿਭਾਗ ਦੇ ਕੰਮਕਾਜ ਦੀ ਸਮੀਖਿਆ ਕਰਦਿਆਂ ਕੈਬਨਿਟ ਮੰਤਰੀ ਨੇ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਫ਼ਲਾਇੰਗ ਸਕੁਐਡ ਬਣਾਉਣ ਦੇ ਹੁਕਮ ਦਿੱਤੇ। ਨਾਲ ਹੀ ਉਨ੍ਹਾਂ ਵੱਧ ਤੋਂ ਵੱਧ ਵਪਾਰਕ ਮਾਈਨਿੰਗ ਸਾਈਟਾਂ ਚਾਲੂ ਕਰਨ ’ਤੇ ਜ਼ੋਰ ਦਿੱਤਾ, ਤਾਂ ਜੋ ਰੇਤ-ਬਜਰੀ ਵਰਗੇ ਖਣਿਜਾਂ ਦੀ ਸਪਲਾਈ ਸੁਚਾਰੂ ਬਣੇ ਅਤੇ ਪਾਰਦਰਸ਼ਤਾ ਬਣੀ ਰਹੇ। ਉਨ੍ਹਾਂ ਤਕਨੀਕੀ ਪ੍ਰਬੰਧਨ ਨੂੰ ਮਜ਼ਬੂਤ ਕਰਨ ਲਈ ਆਧੁਨਿਕ ਸਾਫਟਵੇਅਰ ਰਾਹੀਂ ਨਿਗਰਾਨੀ ਅਤੇ ਕੰਟਰੋਲ ਪ੍ਰਣਾਲੀ ਲਾਗੂ ਕਰਨ ਦੀ ਵੀ ਹਦਾਇਤ ਕੀਤੀ।

ਜਲ ਸਰੋਤ ਵਿਭਾਗ ਦੀ ਪ੍ਰਗਤੀ ਦੀ ਸਮੀਖਿਆ ਕਰਦਿਆਂ ਮੰਤਰੀ ਨੇ ਆਦੇਸ਼ ਦਿੱਤੇ ਕਿ ਸਾਰੇ ਹੜ੍ਹ ਰੋਕੂ ਕੰਮ 30 ਜੂਨ ਤੋਂ ਪਹਿਲਾਂ ਮੁਕੰਮਲ ਕੀਤੇ ਜਾਣ, ਤਾਂ ਜੋ ਮਾਨਸੂਨ ਦੌਰਾਨ ਕਿਸੇ ਵੀ ਅਪਾਤਕਾਲੀ ਸਥਿਤੀ ਤੋਂ ਬਚਿਆ ਜਾ ਸਕੇ। ਉਨ੍ਹਾਂ ਨਹਿਰੀ ਸਿੰਚਾਈ ਹੇਠ ਆਉਣ ਵਾਲੇ ਖੇਤਰ ਨੂੰ ਮੌਜੂਦਾ 78 ਫੀਸਦੀ ਤੋਂ ਵਧਾਉਣ ਲਈ ਵੀ ਜ਼ੋਰ ਦਿੱਤਾ, ਤਾਂ ਜੋ ਭੂਗਰਭੀ ਪਾਣੀ ’ਤੇ ਨਿਰਭਰਤਾ ਘਟੇ।

ਕੈਬਨਿਟ ਮੰਤਰੀ ਨੇ ਵਾਢੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਨਹਿਰੀ ਪਾਣੀ ਨਾਲ ਜੁੜੇ ਪ੍ਰਾਜੈਕਟਾਂ ਵਿੱਚ ਤੇਜ਼ੀ ਲਿਆਉਣ ਦੀ ਹਦਾਇਤ ਦਿੱਤੀ। ਨਾਲ ਹੀ ਖੇਤੀਬਾੜੀ ਉਤਪਾਦਨ ਵਿੱਚ ਵਾਧਾ ਅਤੇ ਪਾਣੀ ਦੇ ਸੁਚੱਜੇ ਪ੍ਰਬੰਧ ਲਈ ਸੇਮ-ਪ੍ਰਭਾਵਿਤ ਜ਼ਮੀਨਾਂ ਦੇ ਸੁਧਾਰ ਪ੍ਰੋਗਰਾਮ ਨੂੰ ਸਾਰੇ ਪ੍ਰਭਾਵਿਤ ਜ਼ਿਲ੍ਹਿਆਂ ਤੱਕ ਵਧਾਉਣ ’ਤੇ ਜ਼ੋਰ ਦਿੱਤਾ।

ਭੂਮੀ ਅਤੇ ਜਲ ਸੰਭਾਲ ਵਿਭਾਗ ਦੀ ਸਮੀਖਿਆ ਦੌਰਾਨ ਜਾਣਕਾਰੀ ਦਿੱਤੀ ਗਈ ਕਿ ਨਹਿਰੀ ਪਾਣੀ ਦੀ ਉਪਲਬਧਤਾ ਲਈ 5253 ਕਿਲੋਮੀਟਰ ਲੰਬੀ ਸਿੰਚਾਈ ਪਾਈਪਲਾਈਨ ਵਿਛਾਈ ਗਈ ਹੈ, ਜਿਸ ਨਾਲ 1.61 ਲੱਖ ਏਕੜ ਤੋਂ ਵੱਧ ਜ਼ਮੀਨ ਨੂੰ ਲਾਭ ਮਿਲਿਆ ਹੈ। ਮੰਤਰੀ ਨੇ ਦੱਸਿਆ ਕਿ ਸਰਕਾਰ ਵੱਲੋਂ ਤਿੰਨ ਵੱਡੀਆਂ ਪਹਿਲਕਦਮੀਆਂ ਸ਼ੁਰੂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਪਿੰਡਾਂ ਦੇ ਛੱਪੜਾਂ ਦੇ ਜ਼ਰੀਏ ਸੂਰਜੀ ਊਰਜਾ ਆਧਾਰਿਤ ਸਿੰਚਾਈ ਪ੍ਰਣਾਲੀ, ਕੰਢੀ ਖੇਤਰ ਵਿੱਚ ਚੈੱਕ ਡੈਮਾਂ ਦੀ ਨਿਰਮਾਣੀ ਅਤੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਸੇਮਗ੍ਰਸਤ ਜ਼ਮੀਨਾਂ ਦੀ ਮੁੜ ਬਹਾਲੀ ਸ਼ਾਮਲ ਹੈ।

ਉਨ੍ਹਾਂ ਅੱਗੇ ਦੱਸਿਆ ਕਿ 250 ਤੋਂ ਵੱਧ ਪਿੰਡਾਂ ਵਿੱਚ ਛੱਪੜਾਂ ’ਤੇ ਸੂਰਜੀ ਊਰਜਾ ਨਾਲ ਚੱਲਣ ਵਾਲੇ ਸਿੰਚਾਈ ਪ੍ਰਾਜੈਕਟ ਲਗਾਏ ਜਾ ਚੁੱਕੇ ਹਨ, ਜਿਸ ਨਾਲ ਲਗਭਗ 10,500 ਏਕੜ ਜ਼ਮੀਨ ਨੂੰ ਲਾਭ ਹੋ ਰਿਹਾ ਹੈ। ਸੇਮ ਪ੍ਰਭਾਵਿਤ ਖੇਤਰਾਂ ਦੇ ਸੁਧਾਰ ਲਈ ਚੱਲ ਰਹੇ ਪ੍ਰਾਜੈਕਟ ਵੀ ਤੇਜ਼ੀ ਨਾਲ ਅੱਗੇ ਵੱਧ ਰਹੇ ਹਨ ਅਤੇ ਮਈ ਦੇ ਅੰਤ ਤੱਕ ਚਾਰ ਪਿੰਡਾਂ ਵਿੱਚ ਇਹ ਕੰਮ ਪੂਰਾ ਹੋਣ ਦੀ ਸੰਭਾਵਨਾ ਹੈ।

ਮੀਟਿੰਗ ਵਿੱਚ ਵਧੀਕ ਮੁੱਖ ਸਕੱਤਰ ਖਣਨ ਜਸਪ੍ਰੀਤ ਤਲਵਾੜ, ਪ੍ਰਮੁੱਖ ਸਕੱਤਰ ਜਲ ਸਰੋਤ ਕ੍ਰਿਸ਼ਨ ਕੁਮਾਰ, ਡਾਇਰੈਕਟਰ ਮਾਈਨਿੰਗ ਅਭਿਜੀਤ ਕਪਲਿਸ਼, ਮੁੱਖ ਭੂਮੀ ਪਾਲ ਮਹਿੰਦਰ ਸਿੰਘ ਸੈਣੀ, ਮੁੱਖ ਇੰਜੀਨੀਅਰ ਹਰਦੀਪ ਸਿੰਘ ਮੈਂਦੀਰੱਤਾ, ਮੁੱਖ ਇੰਜੀਨੀਅਰ ਸ਼ੇਰ ਸਿੰਘ, ਪੀ.ਡਬਲਯੂ.ਆਰ.ਐਮ.ਡੀ.ਸੀ. ਦੇ ਐਮ.ਡੀ. ਮਨੋਜ ਬਾਂਸਲ ਅਤੇ ਐਕਸੀਅਨ ਜੀ.ਐਸ. ਢਿੱਲੋਂ ਸਮੇਤ ਹੋਰ ਅਧਿਕਾਰੀ ਮੌਜੂਦ ਸਨ।

Leave a Reply

Your email address will not be published. Required fields are marked *