
ਚੰਡੀਗੜ੍ਹ, 16 ਅਪ੍ਰੈਲ 2026: ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਨੇ ਕੈਨੇਡਾ ਵਿੱਚ ਰਹਿੰਦੀ ਇੱਕ ਪੰਜਾਬੀ ਰੇਡੀਓ ਹੋਸਟ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਵਿੱਚ ਸਾਢੇ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਪੁਲਿਸ ਨੇ ਉਸਨੂੰ 83 ਕਰੋੜ ਰੁਪਏ ਦੀ ਮੈਥਾਮਫੇਟਾਮਾਈਨ ਰੱਖਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ।
ਭਾਵੇਂ ਉਸਨੇ ਅਦਾਲਤ ਵਿੱਚ ਆਪਣੇ ਆਪ ਨੂੰ ਬੇਕਸੂਰ ਦੱਸਿਆ, ਪਰ ਉਸਦੇ ਮੋਬਾਈਲ ਫੋਨ ਤੋਂ ਮਿਲੇ ਸੁਨੇਹਿਆਂ ਨੇ ਇਹ ਸਾਬਤ ਕੀਤਾ ਕਿ ਉਹ ਇਸ ਨੈਟਵਰਕ ਨਾਲ ਆਪਣੀ ਮਰਜ਼ੀ ਨਾਲ ਜੁੜੀ ਹੋਈ ਸੀ ਅਤੇ ਤਸਕਰੀ ਗਿਰੋਹ ਦੀ ਭਰੋਸੇਯੋਗ ਮੈਂਬਰ ਸੀ।
47 ਸਾਲਾ ਸੁਖਵਿੰਦਰ ਕੌਰ ਸੰਘਾ, ਜੋ ਜਲੰਧਰ ਦੇ ਨਕੋਦਰ ਨਾਲ ਸੰਬੰਧਿਤ ਹੈ, ਦਾ ਜਨਮ ਕੈਨੇਡਾ ਦੇ ਪ੍ਰਿੰਸ ਜਾਰਜ ਵਿੱਚ ਹੋਇਆ ਸੀ। ਪਿਛਲੇ ਕੁਝ ਸਾਲਾਂ ਵਿੱਚ ਉਸਨੇ ਪੰਜਾਬੀ ਰੇਡੀਓ ਉਦਯੋਗ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਸੀ ਅਤੇ ਫ੍ਰੀਲਾਂਸ ਰੇਡੀਓ ਤੇ ਟੀਵੀ ਹੋਸਟ ਵਜੋਂ ਕੰਮ ਕਰਦੀ ਰਹੀ। ਉਸਦੇ ਪ੍ਰੋਗਰਾਮਾਂ ਵਿੱਚ ਅਕਸਰ ਵੱਡੀਆਂ ਸਿਆਸੀ, ਪੁਲਿਸ ਅਤੇ ਮਨੋਰੰਜਨ ਜਗਤ ਦੀਆਂ ਹਸਤੀਆਂ ਸ਼ਾਮਲ ਹੁੰਦੀਆਂ ਸਨ।
ਉਸਦੀ ਗ੍ਰਿਫ਼ਤਾਰੀ ਦੀ ਘਟਨਾ ਕਿਸੇ ਫ਼ਿਲਮੀ ਕਹਾਣੀ ਵਰਗੀ ਹੈ। ਅਕਤੂਬਰ 2021 ਵਿੱਚ ਉਹ ਫਲੋਰੀਡਾ ਨੰਬਰ ਪਲੇਟ ਵਾਲੀ ਕਿਰਾਏ ਦੀ ਕਾਰ ਰਾਹੀਂ ਅਮਰੀਕਾ-ਕੈਨੇਡਾ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਸਰੀ, ਬ੍ਰਿਟਿਸ਼ ਕੋਲੰਬੀਆ ਵਿੱਚ ਜਾਂਚ ਦੌਰਾਨ ਜਦੋਂ ਅਧਿਕਾਰੀਆਂ ਨੇ ਉਸਨੂੰ ਰੋਕਿਆ ਤਾਂ ਉਹ ਸਹਿਯੋਗ ਕਰਨ ਦੀ ਬਜਾਏ ਗੱਡੀ ਲੈ ਕੇ ਭੱਜ ਗਈ।
ਪੁਲਿਸ ਨੇ ਪਿੱਛਾ ਕਰਕੇ ਉਸਨੂੰ ਸਰੀ ਦੇ 16ਵੇਂ ਐਵੇਨਿਊ ‘ਤੇ ਕਾਬੂ ਕਰ ਲਿਆ। ਗੱਡੀ ਦੀ ਤਲਾਸ਼ੀ ਦੌਰਾਨ 108 ਕਿਲੋਗ੍ਰਾਮ ਮੈਥਾਮਫੇਟਾਮਾਈਨ ਨਾਲ ਭਰੇ ਚਾਰ ਡਫਲ ਬੈਗ ਬਰਾਮਦ ਹੋਏ, ਜਿਨ੍ਹਾਂ ਦੀ ਕੀਮਤ ਲਗਭਗ 83 ਕਰੋੜ ਰੁਪਏ ਅੰਕਿਤ ਕੀਤੀ ਗਈ।
ਅਦਾਲਤ ਵਿੱਚ ਸੰਘਾ ਨੇ ਕਿਹਾ ਕਿ ਉਹ ਆਪਣੀ ਮਾਸੀ ਦੇ ਅੰਤਿਮ ਸੰਸਕਾਰ ਲਈ ਵਾਸ਼ਿੰਗਟਨ ਗਈ ਸੀ ਅਤੇ ਦਬਾਅ ਹੇਠ ਇਹ ਕੰਮ ਕੀਤਾ, ਪਰ ਜਸਟਿਸ ਜੌਨ ਗਿਬ-ਕਾਰਸਲੇ ਨੇ ਇਹ ਸਾਰੇ ਦਾਅਵੇ ਰੱਦ ਕਰ ਦਿੱਤੇ।
